ਪੰਜਾਬ ਸਮੇਤ ਪੂਰੇ ਉਤਰੀ ਭਾਰਤ ਵਿੱਚ ਧੁੰਆਂਖੀ ਧੁੰਦ ਬਣੀ ਵੱਡੀ ਸਮੱਸਿਆ

ਐਸ ਏ ਐਸ ਨਗਰ, 13 ਨਵੰਬਰ (ਸ.ਬ.) ਪੰਜਾਬ ਸਮੇਤ ਪੂਰੇ ਉਤਰੀ ਭਾਰਤ ਵਿੱਚ ਹੀ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਧੂੰਆਂਖੀ ਧੁੰਦ ਬਹੁਤ ਵੱਡੀ ਸਮਸਿਆ ਬਣ ਗਈ ਹੈ, ਜਿਸਦਾ ਹੱਲ ਕਰਨ ਲਈ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਅਸਫਲ ਹੋ ਗਈਆਂ ਹਨ| ਇਸ ਧੂੰਆਂਖੀ ਧੁੰਦ ਲਈ ਵੱਡੀ ਗਿਣਤੀ ਲੋਕ ਸਭ ਤੋਂ ਜਿਆਦਾ ਦੋਸ਼ ਕਿਸਾਨਾਂ ਸਿਰ ਲਾ ਰਹੇ ਹਨ, ਕਿਉਂਕਿ ਪੰਜਾਬ , ਹਰਿਆਣਾ ਦੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਉਪਰ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਜਿੱਦ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ, ਕਈ ਥਾਵਾਂ ਉਪਰ ਤਾਂ ਅਜੇ ਵੀ ਪਰਾਲੀ ਨੂੰ ਅੱਗ ਲਗਾਉਣ ਦਾ ਰੁਝਾਨ ਜਾਰੀ ਹੈ| ਝੋਨੇ ਦੀ ਪਰਾਲੀ ਨੂੰ ਵੱਡੇ ਪੱਧਰ ਉਪਰ ਲਗਾਈ ਗਈ ਅੱਗ ਕਾਰਨ ਵੱਡੀ ਪੱਧਰ ਉਪਰ ਜਹਿਰੀਲਾ ਧੂੰਆਂ ਪੈਦਾ ਹੋ ਗਿਆ ਜੋ ਕਿ ਸਾਡੇ ਵਾਤਾਵਰਨ ਵਿਚ ਧੁੰਦ ਨਾਲ ਮਿਲ ਕੇ ਧੂੰਆਂਖੀ ਧੁੰਦ ਦਾ ਕਾਰਨ ਬਣ ਗਿਆ ਹੈ| ਇਸ ਤੋਂ ਇਲਾਵਾ ਜਨਰੇਟਰਾਂ ਵਿਚੋਂ ਅਤੇ ਉਦਯੋਗਾਂ ਦੀਆਂ ਚਿਮਨੀਆਂ ਵਿਚੋਂ ਨਿਕਲਦੇ ਧੂੰਏਂ ਨੇ ਵੀ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ| ਇਸ ਜਹਿਰੀਲੇ ਧੂੰਏਂ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਸਮਸਿਆ ਆਉਣ ਲੱਗ ਪਈ ਹੈ| ਅਤੇ ਧੂੰਏ ਨਾਲ ਭਰੀ ਧੁੰਦ ਕਾਰਨ ਆਵਾਜਾਈ ਵਿਚ ਵੀ ਵਿਘਨ ਪੈ ਰਿਹਾ ਹੈ|
ਇਸ ਧੂੰਆਂਖੀ ਧੁੰਦ ਕਾਰਨ ਸਿਰਫ ਪੰਜਾਬ ਹੀ ਨਹੀਂ , ਸਗੋਂ ਪੂਰੇ ਉਤਰੀ ਭਾਰਤ ਵਿਚ ਹੀ ਜਨ ਜੀਵਨ ਅਸਤ ਵਿਅਸਤ ਹੋ ਗਿਆ ਹੈ ਪਰ ਇਸ ਧੂੰਏ ਵਾਲੀ ਧੁੰਦ ਤੋਂ ਛੁਟਕਾਰਾ ਪਾਉਣ ਲਈ ਕਿਸੇ ਨੂੰ ਕੋਈ ਰਾਹ ਨਹੀਂ ਦਿਖਾਈ ਦੇ ਰਿਹਾ| ਮੌਸਮ ਵਿਗਿਆਨੀ ਇਹ ਕਹਿ ਰਹੇ ਹਨ ਕਿ ਜਿੰਨੀ ਦੇਰ ਬਰਸਾਤ ਨਹੀਂ ਪੈਂਦੀ, ਉਨਾਂ ਚਿਰ ਇਹ ਧੂੰਆਂਖੀ ਧੁੰਦ ਇਸੇ ਤਰ੍ਹਾਂ ਪੈਂਦੀ ਰਹੇਗੀ| ਜਿਸ ਤਰ੍ਹਾਂ ਦੇ ਮੌਸਮ ਦਾ ਮਿਜਾਜ ਹੈ, ਉਸਤੋਂ ਲੱਗਦਾ ਹੈ ਕਿ ਮੀਂਹ ਪੈਣ ਦੇ ਨੇੜ ਭਵਿੱਖ ਵਿਚ ਅਜੇ ਆਸਾਰ ਨਜਰ ਨਹੀਂ ਆ ਰਹੇ, ਜਿਸ ਕਰਕੇ ਆਉਣ ਵਾਲੇ ਦਿਨਾਂ ਵਿਚ ਵੀ ਇਸੇ ਤਰ੍ਹਾਂ ਧੂੰਆਂਖੀ ਧੁੰਦ ਪੈਂਦੀ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ|
ਇਸ ਧੂੰਆਂਖੀ ਧੁੰਦ ਕਾਰਨ ਅਨੇਕਾਂ ਹੀ ਸੜਕ ਹਾਦਸੇ ਵਾਪਰ ਚੁਕੇ ਹਨ|  ਇਸ ਤੋਂ ਇਲਾਵਾ ਸਾਰਾ ਦਿਨ ਹੀ ਧੁੰਦ ਪਂੈਦੀ ਰਹਿਣ ਕਾਰਨ ਜਨ ਜੀਵਨ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਗਿਆ ਹੈ| ਕੁਝ ਲੋਕਾਂ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਕਿਸਾਨਾਂ ਨੂੰ ਹੁਣ ਸਿਰਫ ਇਕ ਹੀ ਤਰੀਕੇ ਨਾਲ ਰੋਕਿਆ ਜਾ ਸਕਦਾ ਹੈ ਕਿ ਕਿਸਾਨਾਂ ਨੂੰ ਝੋਨੇ ਦੀ ਫਸਲ ਬੀਜਣ ਉਪਰ ਹੀ ਪਾਬੰਦੀ ਲਾ ਦਿਤੀ ਜਾਵੇ| ਅਸਲ ਵਿੱਚ ਇਸ ਧੂੰਆਂਖੀ ਧੁੰਦ ਦੀ ਲਪੇਟ ਵਿੱਚ ਕਿਸਾਨਾਂ ਦੇ ਪਰਿਵਾਰ ਵੀ ਆ ਰਹੇ ਹਨ ਪਰ ਫਿਰ ਵੀ ਪਰਾਲੀ ਨੂੰ ਅੱਗ ਲਾਉਣ ਤੋਂ ਕੋਈ ਵੀ ਗੁਰੇਜ ਨਹੀਂ ਕਰ ਰਿਹਾ ਜਿਸ ਕਾਰਨ ਧੂੰਏ ਭਰੀ ਧੁੰਦ ਲੋਕਾਂ ਲਈ ਬਹੁਤ ਹੀ ਗੰਭੀਰ ਸਮੱਸਿਆ ਬਣ ਗਈ ਹੈ|

Leave a Reply

Your email address will not be published. Required fields are marked *