ਪੰਜਾਬ ਸਰਕਾਰ ਜਮਹੂਰੀ ਅਧਿਕਾਰਾਂ ਤੇ ਪਾਬੰਦੀਆਂ ਖਤਮ ਕਰੇ : ਬੰਤ ਬਰਾੜ

ਚੰਡੀਗੜ੍ਹ, 18 ਜੁਲਾਈ (ਸ.ਬ.)  ਪੰਜਾਬ ਸੀਪੀਆਈ ਦੇ ਸਕੱਤਰ ਬੰਤ ਬਰਾੜ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਜਮਹੂਰੀ ਅਧਿਕਾਰਾਂ ਤੇ ਪਾਬੰਦੀਆਂ ਖਤਮ ਕਰੇ| ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸੂਬੇ ਦੀਆਂ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਸੂਬੇ ਲਈ ਵਿਸ਼ੇਸ਼ ਪੈਕੇਜ ਦੇ ਨਾਲ-ਨਾਲ ਮਜ਼ਦੂਰਾਂ ਅਤੇ ਕਿਸਾਨ ਮਾਰੂ ਆਰਡੀਨੈਂਸਾਂ ਵਿਰੁਧ ਕੇਂਦਰ ਦੀ ਫੈਡਰਲ ਢਾਂਚੇ ਨੂੰ ਬਰਬਾਦ ਕਰਨ ਵਾਲੀ ਸਰਕਾਰ ਵਿੱਰੁਧ ਲੜਾਈ ਕਰਨੀ ਚਾਹੀਦੀ ਹੈ ਅਤੇ ਪੰਜਾਬ ਦੇ ਮਜ਼ਦੂਰਾਂ-ਮੁਲਾਜ਼ਮਾਂ ਅਤੇ ਕਿਸਾਨਾਂ ਦੀਆਂ ਮੰਗਾਂ ਫੌਰਨ ਪੂਰੀਆਂ ਕਰਨੀਆਂ ਚਾਹੀਦੀਆਂ ਹਨ| 
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਫਾਜ਼ੀ ਏਜੰਡੇ ਨੂੰ ਲਾਗੂ ਕਰ ਰਹੀ ਹੈ, ਬੁੱਧੀਜੀਵੀਆਂ, ਜਮਹੂਰੀ ਲਹਿਰ ਦੇ ਆਗੂਆਂ, ਵਿਦਿਆਰਥੀਆਂ ਆਦਿ ਨੂੰ ਜੇਲ੍ਹਾਂ ਵਿੱਚ ਡੱਕ ਰਹੀ ਹੈ ਅਤੇ ਮਜ਼ਦੂਰਾਂ-ਕਿਸਾਨਾਂ ਦੇ ਹੱਕ ਖੋਹਣ ਲਈ ਆਰਡੀਨੈਂਸ ਜਾਰੀ ਕਰ ਰਹੀ ਹੈ| ਉਹਨਾਂ ਕਿਹਾ ਕਿ ਅਜਿਹੇ ਸਮੇਂ ਦੌਰਾਨ ਪੰਜਾਬ ਸਰਕਾਰ ਇਸ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਉਣ ਅਤੇ ਰੋਸ ਪ੍ਰਗਟ ਕਰਨ ਲਈ ਜ਼ਾਬਤੇ ਵਿੱਚ ਰਹਿ ਕੇ ਰੈਲੀਆਂ ਕਰਨ ਤੇ ਪਾਬੰਦੀ ਲਗਾ ਰਹੀ ਹੈ| ਕਈ ਥਾਵਾਂ ਤੇ ਪੁਲੀਸ ਝੂਠੇ ਕੇਸ ਬਣਾ ਰਹੀ ਹੈ ਅਤੇ ਰਾਜ ਕਰਦੀ ਕਾਂਗਰਸ ਪਾਰਟੀ ਦੇ ਕਈ ਨੇਤਾ ਪੁਲੀਸ ਦੀ ਦੁਰਵਰਤੋਂ ਕਰਕੇ ਆਮ ਲੋਕਾਂ ਵਿੱਰੁਧ ਜ਼ਬਰ ਕਰਵਾ ਰਹੇ ਹਨ|
ਉਹਨਾਂ ਨੇ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਚੱਕ ਖੰਨਾ ਦੀ ਘਟਨਾ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਗਰੀਬ ਕਿਸਾਨ ਬੁਢਾ ਸਿੰਘ ਦੀ ਜ਼ਮੀਨ ਵਿੱਚ ਦੀ ਪਿੰਡ ਦੇ ਹੀ ਜ਼ਿੰਮੀਂਦਾਰ ਪਰਿਵਾਰ ਨੇ ਜ਼ਬਰਦਸਤੀ ਰਸਤਾ ਬਣਾ ਲਿਆ ਹੈ ਅਤੇ ਇਸ ਵਿੱਚ ਸਿੱਧੇ ਤੌਰ ਤੇ ਇੱਕ ਵਿਧਾਇਕ ਦਾ ਹੱਥ ਹੈ, ਜਿਸ ਕਰਕੇ ਪੁਲੀਸ ਵੀ ਟਾਲ-ਮਟੋਲ ਕਰਦੀ ਨਜ਼ਰ ਆ ਰਹੀ ਹੈ| ਸ੍ਰ. ਬਰਾੜ ਨੇ ਜ਼ਿਲਾ ਪ੍ਰਸ਼ਾਸਨ ਅਤੇ ਪੁਲੀਸ ਅਫਸਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਫੌਰਨ ਹੀ ਦਖਲ ਦੇ ਕੇ ਮਸਲਾ ਸੁਲਝਾਉਣ ਨਹੀਂ ਤਾਂ ਕਮਿਊਨਿਸਟ ਪਾਰਟੀ ਨੂੰ ਅੰਦੋਲਨ ਚਲਾਉਣ ਲਈ ਮਜਬੂਰ ਹੋਣਾ ਪਵੇਗਾ, ਇਸਦੀ         ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ|
ਉਹਨਾਂ ਕਿਹਾ ਕਿ ਕੋਰੋਨਾ ਦੇ ਬਹਾਨੇ ਲੋਕਾਂ ਤੇ ਜ਼ਬਰ ਢਾਹਿਆ ਜਾ ਰਿਹਾ ਹੈ| ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ| ਇਸ ਲਈ ਪੰਜਾਬ ਦੀਆਂ ਜਮਹੂਰੀ ਸ਼ਕਤੀਆਂ ਇਸ ਅਣ-ਐਲਾਨੀ ਐਮਰਜੇਂਸੀ ਨੂੰ ਬਰਦਾਸ਼ਤ ਨਹੀਂ ਕਰਨਗੀਆਂ ਅਤੇ ਜਾਬਤੇ ਵਿੱਚ ਰਹਿ ਕੇ ਆਪਣੇ ਸੰਘਰਸ਼ ਜਾਰੀ ਰੱਖਣਗੀਆਂ|

Leave a Reply

Your email address will not be published. Required fields are marked *