ਪੰਜਾਬ ਸਰਕਾਰ ਨੇ ਚੋਣ ਜਾਬਤਾ ਲੱਗਣ ਦੇ ਬਾਵਜੂਦ ਚੁੱਪ ਚਪੀਤੇ ਬੱਸਾਂ ਦਾ ਕਿਰਾਇਆ ਵਧਾਇਆ ਮੁਹਾਲੀ ਦਾ ਨਵਾਂ ਬੱਸ ਅੱਡਾ ਚਾਲੂ ਹੋਣ ਤੋਂ ਬਾਅਦ ਦੋ ਵਾਰ ਵੱਧ ਚੁਕਿਆ ਹੈ ਕਿਰਾਇਆ

ਐਸ ਏ ਐਸ ਨਗਰ, 7 ਜਨਵਰੀ (ਸ ਬ) : ਪੰਜਾਬ ਦੀ ਬਾਦਲ ਸਰਕਾਰ ਜਾਂਦੇ ਜਾਂਦੇ ਪੰਜਾਬ ਦੇ ਲੋਕਾਂ ਉਪਰ ਹੋਰ ਆਰਥਿਕ ਬੋਝ ਪਾ ਗਈ ਹੈ| ਬਾਦਲ ਸਰਕਾਰ ਨੇ ਚੋਣ ਜਾਬਤਾ ਲੱਗਣ ਵਾਲੇ ਦਿਨ ਹੀ ਸਾਰੇ ਪੰਜਾਬ ਵਿੱਚ ਹੀ ਬੱਸਾਂ ਦਾ ਕਿਰਾਇਆਂ ਵਧਾ ਦਿਤਾ ਹੈ| ਮੁਹਾਲੀ ਦੇ ਵਸਨੀਕਾਂ ਅਤੇ ਪੰਜਾਬ ਦੇ ਹੋਰ ਖੇਤਰਾਂ ਵਿਚੋਂ ਮੁਹਾਲੀ ਆਉਣ ਵਾਲੇ ਲੋਕਾਂ ਉਪਰ ਦੋਹਰੀ ਮਾਰ ਪੈ ਗਈ ਹੈ, ਕਿਉਂਕਿ ਮੁਹਾਲੀ ਦਾ ਨਵਾਂ ਬੱਸ ਅੱਡਾ ਬਣਨ ਤੋਂ ਬਾਅਦ ਵੀ ਪੀ ਆਰ ਟੀ ਸੀ ਅਤੇ ਪੰਜਾਬ ਰੋਡਵੇਜ ਨੇ ਬੱਸਾਂ ਦਾ ਕਿਰਾਇਆ ਮੁਹਾਲੀ ਤੋਂ ਹਰ ਰੂਟ ਉਪਰ ਹੀ ਜਾਣ ਆਉਣ ਦਾ ਪੰਜ ਰੁਪਏ ਪ੍ਰਤੀ ਸਵਾਰੀ ਵਧਾ ਦਿਤਾ ਸੀ ਪਰ ਹੁਣ ਪੰਜਾਬ ਦੀ ਬਾਦਲ ਸਰਕਾਰ ਨੇ ਵੀ ਪੂਰੇ ਪੰਜਾਬ ਵਿੱਚ ਹਰ ਰੂਟ ਉਪਰ ਹੀ 5 ਰੁਪਏ ਪ੍ਰਤੀ ਸਵਾਰੀ ਕਿਰਾਇਆ ਵਧਾ ਦਿਤਾ ਹੈ| ਜਿਸ ਕਾਰਨ ਲੋਕਾਂ ਉਪਰ ਦੋਹਰਾ ਬੋਝ ਪੈ ਗਿਆ ਹੈ|
ਹਰ ਦਿਨ ਹੀ ਬੱਸਾਂ ਵਿੱਚ ਸਫਰ ਕਰਨ ਵਾਲੇ ਲੋਕਾਂ ਦੀ ਅਤੇ ਕੰਡਕਟਰਾਂ ਦੀ ਆਪਸ ਵਿੱਚ ਵਧੇ ਕਿਰਾਏ ਕਾਰਨ ਬਹਿਸ ਹੁੰਦੀ ਹੈ,ਜਿਸ ਕਾਰਨ ਮਾਹੌਲ ਕਈ ਵਾਰ ਤਨਾਓ ਵਾਲਾ ਬਣ ਜਾਂਦਾ ਹੈ| ਇਸ ਸਬੰਧੀ ਮੁਹਾਲੀ ਦੇ ਪੀ ਆਰ ਟੀ ਸੀ ਦੇ ਅੱਡਾ ਇੰਚਾਰਜ ਦਾ ਕਹਿਣਾ ਹੈ ਕਿ ਕਿਰਾਇਆ ਕਿਲੋਮੀਟਰਾਂ ਦੇ ਹਿਸਾਬ ਨਾਲ ਲਿਆ ਜਾਂਦਾ  ਹੈ, ਨਵਾਂ ਬੱਸ ਅੱਡਾ ਬਣਨ ਤੋਂ ਬਾਅਦ ਕਿਲੋਮੀਟਰ ਵੱਧ ਗਏ ਹਨ, ਇਸ ਕਰਕੇ ਕਿਰਾਇਆ ਵਧਾ ਦਿਤਾ ਹੈ ਅਤੇ ਮੁੜ ਦੋਬਾਰਾ ਕਿਰਾਇਆ ਵਧਾਉਣ ਸਬੰਧੀ ਉਹਨਾਂ ਕਿਹਾ ਕਿ ਸਰਕਾਰ ਨੇ ਹੀ ਇਹ ਕਿਰਾਇਆ ਵਧਾਇਆ ਹੈ, ਜਿਸ ਕਰਕੇ ਉਹ ਲੋਕਾਂ ਤੋਂ ਵਧਿਆ ਕਿਰਾਇਆ ਲੈਣ ਲਈ ਮਜਬੂਰ ਹਨ|
ਦੂਜੇ ਪਾਸੇ ਬੱਸਾਂ ਦੇ ਕਿਰਾਏ ਵਿੱਚ ਭਾਰੀ ਵਾਧਾ ਹੋਣ ਕਰਕੇ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਹੈ| ਪੰਜਾਬ ਦੇ ਹਰ ਵਰਗ ਦੇ ਲੋਕਾਂ ਵਿੱਚ ਹੀ ਬੱਸਾਂ ਦੇ ਕਿਰਾਏ ਵਿੱਚ ਕੀਤੇ ਗਏ ਵਾਧੇ ਦਾ ਵਿਰੋਧ ਕੀਤਾ ਜਾ ਰਿਹਾ ਹੈ| ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਨੋਟਬੰਦੀ ਕਾਰਨ ਆਰਥਿਕ ਤੌਰ ਉਪਰ ਬਰਬਾਦ ਹੋ ਚੁਕੇ ਹਨ ਅਤੇ ਲੋਕਾਂ ਦੇ ਜਿਥੇ ਕੰਮ ਕਾਜ ਠੱਪ ਹੋ ਚੁਕੇ ਹਨ ਉਥੇ ਹੀ ਕਿਸਾਨਾਂ ਉਪਰ ਵੀ ਨੋਟਬੰਦੀ ਦੀ ਮਾਰ ਪੈਣ ਕਾਰਨ ਉਹਨਾਂ ਨੇ ਆਪਣੀਆਂ ਸਬਜੀਆਂ ਹੀ ਸੜਕਾਂ ਉਪਰ ਸੁਟਣੀਆਂ ਸ਼ੁਰੂ ਕਰ ਦਿਤੀਆਂ ਹਨ| ਹੁਣ ਪੰਜਾਬ ਸਰਕਾਰ ਵਲੋਂ ਚੁਪ ਚਪੀਤੇ ਬੱਸਾਂ ਦੇ ਕਿਰਾਏ ਵਿੱਚ ਕੀਤੇ ਵਾਧੇ ਕਾਰਨ ਲੋਕਾਂ ਨੂੰ ਆਪਣੀਆਂ ਰਿਸਤੇਦਾਰੀਆਂ ਵਿੱਚ ਅਤੇ ਹੋਰ ਕੰਮ ਧੰਦੇ ਜਾਣ ਲਈ ਹੀ ਬਹੁਤ ਔਖਾ ਹੋ ਗਿਆ ਹੈ|
ਬੱਸਾਂ ਦੇ ਕਿਰਾਏ ਵਿੱਚ ਕੀਤਾ ਗਿਆ ਵਾਧਾ ਚੋਣ ਮੁੱਦਾ ਵੀ ਬਣਦਾ ਜਾ ਰਿਹਾ ਹੈ| ਆਮ ਆਦਮੀ ਪਾਰਟੀ ਦੇ ਕਈ ਉਮੀਦਵਾਰਾਂ ਨੇ ਪੰਜਾਬ ਸਰਕਾਰ ਵਲੋਂ ਕੀਤੇ ਗਏ ਇਸ ਵਾਧੇ ਦੀ ਨਿਖੇਧੀ ਕੀਤੀ ਹੈ ਅਤੇ ਲੋਕਾਂ ਨੂੰ ਇਸ ਸਰਕਾਰ ਨੂੰ ਚਲਦਾ ਕਰਨ ਲਈ ਕਿਹਾ ਹੈ| ਦੂਜੇ ਪਾਸੇ ਸਮਾਜ ਦੇ ਹਰ ਵਰਗ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਚੋਣਾਂ ਦੀ ਹੀ ਉਡੀਕ ਕਰ ਰਹੇ ਹਨ ਅਤੇ ਲੋਕ ਵਿਰੋਧੀ ਫੈਸਲੇ ਲੈਣ ਵਾਲੀ ਇਸ ਸਰਕਾਰ ਨੂੰ 4 ਫਰਵਰੀ ਨੂੰ ਹੀ ਆਪਣਾ ਜੁਆਬ                       ਦੇਣਗੇ|
ਬਾਦਲ ਸਰਕਾਰ ਵਲੋਂ ਬੱਸਾਂ ਦੇ ਕਿਰਾਏ ਵਿੱਚ ਕੀਤੇ ਗਏ ਵਾਧੇ ਕਾਰਨ ਲੋਕਾਂ ਵਿੱਚ ਅਕਾਲੀ ਭਾਜਪਾ ਸਰਕਾਰ ਖਿਲਾਫ ਰੋਸ ਪੈਦਾ ਹੋ ਗਿਆ ਹੈ| ਚੋਣਾਂ ਦੇ ਦਿਨ ਹੋਣ ਕਰਕੇ ਲੋਕ ਅਕਾਲੀ ਆਗੂਆਂ ਤੇ ਭਾਜਪਾ ਆਗੂਆਂ ਨੋੰ ਵੀ ਇਸ ਸਬੰਧੀ ਸੁਆਲ ਕਰਨ ਲੱਗ ਪਏ ਹਨ| ਬੱਸਾਂ ਦੇ  ਕਿਰਾਏ ਵਿੱਚ ਕੀਤਾ ਗਿਆ ਵਾਧਾ ਅਕਾਲੀ ਦਲ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਫੀ ਭਾਰੀ ਪਵੇਗਾ|

Leave a Reply

Your email address will not be published. Required fields are marked *