ਪੰਜਾਬ ਸਰਕਾਰ ਨੇ ਮੁਹਾਲੀ ਦੀਆਂ ਰੈਜ਼ੀਡੈਂਸ਼ਲ ਸੁਸਾਇਟੀਆਂ ਦੇ ਵਿਕਾਸ ਕਾਰਜਾਂ ਦੀ ਜ਼ਿੰਮੇਵਾਰੀ ਸੰਭਾਲੀ : ਬਲਬੀਰ ਸਿੰਘ ਸਿੱਧੂ

ਪੰਜਾਬ ਸਰਕਾਰ ਨੇ ਮੁਹਾਲੀ ਦੀਆਂ ਰੈਜ਼ੀਡੈਂਸ਼ਲ ਸੁਸਾਇਟੀਆਂ ਦੇ ਵਿਕਾਸ ਕਾਰਜਾਂ ਦੀ ਜ਼ਿੰਮੇਵਾਰੀ ਸੰਭਾਲੀ : ਬਲਬੀਰ ਸਿੰਘ ਸਿੱਧੂ 
ਸਥਾਨਕ ਸਰਕਾਰਾਂ ਵਿਭਾਗ ਨੇ ਦਿੱਤੀ ਮਨਜ਼ੂਰੀ, ਤਕਰੀਬਨ ਦੋ ਕਰੋੜ ਰੁਪਏ ਦਾ ਫੰਡ ਕੀਤਾ ਪ੍ਰਵਾਨ
ਐਸ.ਏ.ਐਸ. ਨਗਰ, 31 ਜੁਲਾਈ (ਸ.ਬ.) ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਅਤੇ ਮੁਹਾਲੀ ਹਲਕੇ ਤੋਂ ਵਿਧਾਇਕ ਸ. ਬਲਬੀਰ ਸਿੰਘ ਸਿੱਧੂਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਮੁਹਾਲੀ ਦੀਆਂ ਸਾਰੀਆਂ ਰੈਜ਼ੀਡੈਂਸ਼ਲ ਸੁਸਾਇਟੀਆਂ ਵਿਚਲੇ ਵਿਕਾਸ ਕਾਰਜ ਆਪਣੇ ਪੱਧਰ ਉਤੇ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਲਈ ਸਰਕਾਰ ਨੇ 2,10,60,000 ਦਾ ਫੰਡ ਵੀ ਮਨਜ਼ੂਰ ਕਰ ਦਿੱਤਾ ਹੈ|
ਸ੍ਰ. ਸਿੱਧੂ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਨੇ ਫੰਡ ਮਨਜ਼ੂਰ ਕਰ ਦਿੱਤਾ ਹੈ ਅਤੇ ਨਗਰ ਨਿਗਮ ਮੁਹਾਲੀ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਕੇ ਇਨ੍ਹਾਂ ਵਿਕਾਸ ਕਾਰਜਾਂ ਨੂੰ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 82 (3) ਅਧੀਨ ਪ੍ਰਵਾਨ ਕਰ ਲਿਆ ਗਿਆ ਹੈ| ਉਨ੍ਹਾਂ ਦੱਸਿਆ ਕਿ ਇਸ ਫੈਸਲੇ ਨਾਲ ਹੁਣ ਦਰਸ਼ਨ ਵਿਹਾਰ ਸੁਸਾਇਟੀ, ਯੂਨਾਈਟਿਡ ਕੋਆਪ੍ਰੇਟਿਵ ਸੁਸਾਇਟੀ, ਪੰਚਮ ਸੁਸਾਇਟੀ, ਐਸ.ਬੀ.ਆਈ. ਕਲੋਨੀ, ਹਾਊਸਫੈਡ, ਗੁਰੂ ਤੇਗ ਬਹਾਦਰ ਕੰਪਲੈਕਸ, ਐਸ. ਸੀ. ਐਲ. ਸੁਸਾਇਟੀ, ਜੋਗਿੰਦਰ ਵਿਹਾਰ, ਜਲਵਾਯੂ ਵਿਹਾਰ ਸੁਸਾਇਟੀ, ਕਮਾਂਡੋ ਕੰਪਲੈਕਸ, ਪੁਲੀਸ ਕਲੋਨੀਆਂ, ਆਰਮੀ ਫਲੈਟਸ, ਆਈਵਰੀ ਟਾਵਰ ਅਤੇ ਮੇਅਫੇਅਰ ਵਿੱਚ ਵੱਖ ਵੱਖ ਤਰ੍ਹਾਂ ਦੇ ਵਿਕਾਸ ਕਾਰਜ ਕਰਵਾਏ ਜਾਣਗੇ, ਜਿਨ੍ਹਾਂ ਉਤੇ ਕੁੱਲ ਲਾਗਤ ਦੋ ਕਰੋੜ 10 ਲੱਖ 60 ਹਜ਼ਾਰ ਰੁਪਏ ਆਏਗੀ| ਇਸ ਦੇ ਤਖਮੀਨੇ ਵੀ ਤਿਆਰ ਕਰ ਲਏ ਗਏ ਹਨ|
ਸ. ਸਿੱਧੂ ਨੇ ਕਿਹਾ ਕਿ ਇਸ ਫੰਡ ਨਾਲ ਇਨ੍ਹਾਂ ਸੁਸਾਇਟੀਆਂ ਵਿੱਚ ਅੰਦਰੂਨੀ ਸੜਕਾਂ, ਪਾਰਕਾਂ, ਐਲ.ਈ.ਡੀ. ਸਟਰੀਟ ਲਾਈਟਾਂ,              ਪੇਵਰ ਬਲਾਕ ਲਾਉਣ ਵਗੈਰਾ ਦੇ ਕੰਮ ਕਰਵਾਏ ਜਾਣਗੇ| ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਸਰਕਾਰ ਆਪਣੇ ਪੱਧਰ ਉਤੇ ਰੈਜ਼ੀਡੈਂਸ਼ਲ ਸੁਸਾਇਟੀਆਂ ਦਾ ਅੰਦਰੂਨੀ ਵਿਕਾਸ ਕਾਰਜ ਆਪਣੇ ਪੱਧਰ ਉਤੇ ਕਰਵਾਉਣ ਜਾ ਰਹੀ ਹੈ| ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਉਨ੍ਹਾਂ ਦੇ ਪਰਿਵਾਰ ਵਾਂਗ ਹਨ ਅਤੇ ਪਰਿਵਾਰ ਦਾ ਮੋਹਤਬਰ ਹੋਣ ਨਾਤੇ ਉਨ੍ਹਾਂ (ਸਿੱਧੂ) ਦਾ ਇਹ ਫ਼ਰਜ਼ ਬਣਦਾ ਹੈ ਕਿ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ|

Leave a Reply

Your email address will not be published. Required fields are marked *