ਪੰਜਾਬ ਸਰਕਾਰ ਪਿੰਡਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਦੇਣ ਲਈ ਵਚਨਬੱਧ: ਸਿੱਧੂ

ਪੰਜਾਬ ਸਰਕਾਰ ਪਿੰਡਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਦੇਣ ਲਈ ਵਚਨਬੱਧ: ਸਿੱਧੂ
ਹਲਕੇ ਦੇ ਪਿੰਡਾਂ ਲਈ ਬੱਸ ਸੇਵਾ ਸ਼ੁਰੂ ਕੀਤੀ
ਐਸ.ਏ.ਐਸ. ਨਗਰ, 7 ਜੂਨ  (ਸ.ਬ.) ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਐਸ.ਏ.ਐਸ. ਨਗਰ ਦੇ ਪਿੰਡਾਂ ਦੇ ਲੋਕਾਂ ਨਾਲ ਪੇਂਡੂ ਬੱਸ ਸੇਵਾ ਸ਼ੁਰੂ ਕਰਨ ਦੇ ਚੋਣ ਵਾਅਦੇ ਨੂੰ ਪੂਰਾ ਕਰਦਿਆਂ, ਸਥਾਨਕ ਵਿਧਾਇਕ ਸ੍ਰ: ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਫੇਜ਼ 8 ਦੇ ਬੱਸ ਸਟੈਂਡ ਤੋਂ ਪੇਂਡੂ ਬੱਸ ਸੇਵਾ ਦੀ ਸ਼ੁਰੂਆਤ ਪੀ.ਆਰ.ਟੀ.ਸੀ. ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ|
ਸ੍ਰ: ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਹਲਕੇ ਦੇ ਕਈ ਪਿੰਡਾਂ ਵਿੱਚ ਕੋਈ ਬੱਸ ਸੇਵਾ ਨਹੀਂ ਸੀ, ਜਿਸ ਕਾਰਨ ਬਜੂਰਗਾਂ, ਬੱਚਿਆਂ, ਔਰਤਾਂ ਅਤੇ ਕਰਮਚਾਰੀਆਂ ਨੂੰ ਸ਼ਹਿਰ ਵਿੱਚ ਆਉਣ ਜਾਣ ਵਿੱਚ ਵੱਡੀ ਮੁਸ਼ਕਿਲ ਪੇਸ਼ ਆਉਂਦੀ ਸੀ ਅਤੇ ਚੋਣਾਂ ਦੌਰਾਨ ਲੋਕਾਂ ਨੇ ਬੱਸ ਸੇਵਾ ਸ਼ੁਰੂ ਕਰਨ ਦੀ ਜੋਰਦਾਰ ਮੰਗ ਕੀਤੀ ਸੀ, ਜਿਸਨੂੰ ਕਿ ਹੁਣ ਪੂਰਾ ਕੀਤਾ ਗਿਆ ਹੈ| ਉਨ੍ਹਾਂ ਦੱਸਿਆ ਕਿ ਪੇਂਡੂ ਬੱਸ ਸੇਵਾ ਲਈ 27 ਰੂਟਾਂ ਲਈ ਰੂਟ ਪਲਾਨ ਤਿਆਰ ਕੀਤਾ ਗਿਆ ਹੈ ਅਤੇ ਹੁਣ ਵਿਧਾਨ ਸਭਾ ਹਲਕੇ ਦਾ ਕੋਈ ਪਿੰਡ ਅਜਿਹਾ ਨਹੀਂ ਰਹੇਗਾ ਜਿੱਥੇ ਬੱਸ ਸੇਵਾ ਦੀ ਸਹੂਲਤ ਨਾ ਹੋਵੇ| ਇਸ ਕੰਮ ਨੂੰ ਪੂਰਾ ਕਰਨ ਲਈ ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ| ਉਨ੍ਹਾਂ ਦੱਸਿਆ ਕਿ ਇਹ ਬੱਸ ਫੇਜ਼ 8 ਮੁਹਾਲੀ ਦੇ ਬੱਸ ਅੱਡੇ ਤੋਂ ਪਿੰਡ ਸੋਹਾਣਾ, ਲਾਂਡਰਾਂ, ਸਵਾੜਾ ਗਿੱਦੜਪੁਰ, ਚੰਡਿਆਲਾ ਸੂਦਾਂ, ਸੋਏਮਾਜਰਾ, ਪੱਤੜਾਂ, ਬੀਰੋਮਾਜਰੀ, ਮਾਣਕਪੁਰ ਅਤੇ ਗੱਜੂਖੇੜਾ ਤੋਂ ਹੁੰਦੀ ਹੋਈ ਰਾਜਪੂਰਾ ਜਾਵੇਗੀ ਅਤੇ ਇਹ ਬੱਸ ਦੁਬਾਰਾ ਫਿਰ ਇਸੇ ਰੂਟ ਤੇ ਮੁਹਾਲੀ ਵਾਪਿਸ ਆਵੇਗੀ ਅਤੇ ਜਦਕਿ ਦੂਜੀ ਬੱਸ ਫੇਜ਼ 8 ਤੋਂ ਸੋਹਾਣਾ, ਲਾਂਡਰਾਂ, ਭਾਗੋਮਾਜਰਾ, ਬੈਰੋਪੁਰ, ਰਾਏਪੁਰ ਕਲਾਂ, ਸ਼ਾਮਪੁਰ, ਗੋਬਿੰਦਗੜ੍ਹ, ਢੇਲਪੁਰ, ਗਡਾਣਾ, ਅਵਰਾਵਾਂ, ਮਾਣਕਪੁਰ ਅਤੇ ਗੱਜੂਖੇੜਾ ਤੋਂ ਰਾਜਪੁਰਾ ਜਾਣ ਉਪਰੰਤ ਫਿਰ ਵਾਪਿਸ ਉਸੇ ਰੂਟ ਤੇ ਮੁਹਾਲੀ ਪਰਤਦੀ ਹੈ|
ਪੱਤਰਕਾਰਾਂ ਵੱਲੋਂ ਮੁਹਾਲੀ ਸ਼ਹਿਰ ਲਈ ਸਿਟੀ ਬੱਸ ਸੇਵਾ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਿਟੀ ਬੱਸ ਸੇਵਾ ਸ਼ੁਰੂ ਕਰਨ ਲਈ ਮੁੱਢਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਪਹਿਲੇ ਪੜਾਅ ਦੌਰਾਨ 20 ਬੱਸਾਂ ਸਿਟੀ ਬੱਸ ਸੇਵਾ ਲਈ ਪਾਈਆਂ ਜਾਣਗੀਆਂ|
ਪੇਂਡੂ ਬੱਸ ਸੇਵਾ ਦੀ ਸ਼ੁਰੂਆਤ ਮੌਕੇ ਤੇ ਮੌਜੂਦ ਮਨਜੀਤ ਸਿੰਘ ਸਾਬਕਾ ਸਰਪੰਚ ਸੈਦਪੁਰ ਅਤੇ ਜਸਵੰਤ ਸਿੰਘ ਸਾਬਕਾ ਸਰਪੰਚ ਗਿੱਦੜਪੁਰ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਪਹਿਲਾਂ ਬੱਸ ਸੇਵਾ ਦੀ ਸਹੂਲਤ ਨਹੀਂ ਸੀ| ਜਿਸ ਕਾਰਨ ਲੋਕਾਂ ਨੂੰ ਆਪਣੇ ਕੰਮ ਕਾਜ ਲਈ ਮੁਹਾਲੀ ਜਾਂ ਰਾਜਪੁਰਾ ਆਦਿ ਥਾਵਾਂ ਤੇ  ਜਾਣ ਲਈ ਖੱਜਲ ਖੁਆਰੀ ਦਾ ਸਾਹਮਣਾ ਕਰਨਾਂ ਪੈਂਦਾ ਸੀ ਅਤੇ ਹੁਣ ਬੱਸ ਸੇਵਾ ਸ਼ੁਰੂ ਹੋਣ ਨਾਲ ਇਸ ਸਮੱਸਿਆ ਦਾ ਪੱਕਾ ਹੱਲ ਹੋ ਗਿਆ ਹੈ| ਇਸ ਮੌਕੇ ਸ੍ਰੀ ਹਰਕੇਸ਼ ਚੰਦ ਸ਼ਰਮਾ, ਟ੍ਰੈਫਿਕ ਮੈਨੇਜਰ ਪੀ.ਆਰ.ਟੀ.ਸੀ. ਸ੍ਰੀ ਪਰਵੀਨ ਸ਼ਰਮਾਂ, ਚੌਧਰੀ ਹਰੀਪਾਲ ਚੋਲਟਾ ਕਲਾਂ, ਗੁਰਚਰਨ ਸਿੰਘ  ਭਮਰਾ, ਸਤਪਾਲ ਸਿੰਘ ਕਸਿਆਲਾ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਰਣਧੀਰ ਸਿੰਘ ਸੈਦਪੁਰ, ਸੁਰਜੀਤ ਸਿੰਘ ਸਾਬਕਾ ਸਰਪੰਚ ਸੈਦਪੁਰ, ਅਮਰਜੀਤ ਸਿੰਘ ਸਾਬਕਾ ਸਰਪੰਚ ਪੱਤੜਾਂ ਭਰਪੂਰ ਸਿੰਘ ਸਾਬਕਾ ਸਰਪੰਚ ਚੰਡਿਆਲਾ ਸੂਦਾਂ, ਹਰਭਜਨ ਸਿੰਘ ਰਾਏਪੁਰ, ਪਰਦੂਮਨ ਸਿੰਘ ਸਮੇਤ ਹੋਰ ਪੰਤਵੰਤੇ ਵੀ  ਮੌਜੂਦ ਸਨ|

Leave a Reply

Your email address will not be published. Required fields are marked *