ਪੰਜਾਬ ਸਰਕਾਰ ਰਾਜ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰੇਗੀ : ਸਿੱਧੂ

ਮੁੱਲਾਂਪੁਰ (ਐਸ.ਏ.ਐਸ. ਨਗਰ), 8 ਜੁਲਾਈ (ਸ.ਬ.) ਪੰਜਾਬ ਸਰਕਾਰ ਰਾਜ ਵਿੱਚ ਸੈਰ ਸਪਾਟੇ ਨੂੰ  ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰੇਗੀ| ਰਾਜ ਵਿੱਚ ਸੈਰ ਸਪਾਟੇ ਲਈ ਬੇਹੱਦ ਸੰਭਾਵਨਾਵਾਂ ਹਨ | ਇਸ ਲਈ ਰਾਜ ਨੂੰ ਸੈਰ ਸਪਾਟੇ ਦੇ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਸ੍ਰ: ਨਵਜੋਤ ਸਿੰਘ ਸਿੱਧੂ ਨੇ  ਜੰਗਲਾਤ ਅਤੇ ਜੰਗਲੀ ਜੀਵ ਸੁਰੱÎਖਿਆ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਦੇਸ਼ ਦੀ ਨਾਮਵਰ ਗਰਾਰੀ ਆਫ ਰੋਡਰਜ਼ ਚੰਡੀਗੜ੍ਹ ਦੇ ਸਹਿਯੋਗ ਨਾਲ ਆਯੋਜਿਤ ਸ਼ਿਵਾਲਿਕ ਐਡਵੈਂਚਰ ਡਰਾਈਵ ਨੂੰ ਓਮੈਕਸ ਨਿਊ ਚੰਡੀਗੜ੍ਹ (ਮੁੱਲਾਂਪੁਰ) ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ|
ਸ੍ਰੀ ਸਿੱਧੂ ਨੇ ਇਸ ਮੌਕੇ ਸ਼ਿਵਾਲਿਕ ਖੇਤਰ ਦੀਆਂ ਪਹਾੜੀਆਂ ਵਿੱਚ ਪੰਜਾਬ ਵਿੱਚ ਪਹਿਲੀ ਵਾਰ ਸ਼ਿਵਾਲਿਕ ਐਡਵੈਂਚਰ ਡਰਾਈਵ ਕਰਾਉਣ ਲਈ ਵਧਾਈ ਦਿੰਦਿਆ ਕਿਹਾ ਕਿ ਇਸ ਡਰਾਈਵ ਵਿੱਚ ਆਫ ਰੋਡਿੰਗ ਮੁਕਾਬਲਿਆਂ ਵਿੱਚ ਭਾਗ ਲੈਣ ਵਾਲਿਆਂ ਨੂੰ ਹੋਰ ਉਤਸ਼ਾਹ ਮਿਲੇਗਾ ਅਤੇ ਨੌਜਵਾਨਾਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੋਵੇਗੀ| ਉਨ੍ਹਾਂ ਕਿਹਾ ਕਿ ਅਜਿਹੀਆਂ ਡਰਾਈਵ ਸਾਲ ਵਿੱਚ ਕੇਵਲ ਇੱਕ ਵਾਰ ਹੀ ਨਹੀਂ ਸਗੋ ਰਾਜ ਵਿੱਚ ਵੱਖੋ ਵੱਖਰੀਆਂ ਥਾਵਾਂ ਤੇ ਤਿੰਨ-ਚਾਰ ਵਾਰ ਜਰੂਰੀ ਹੋਣੀ ਚਾਹੀਦੀ ਹੈ| ਜਿਸ ਲਈ ਪੰਜਾਬ ਸਰਕਾਰ ਹਰ ਤਰ੍ਹਾਂ ਦੀ ਮਦਦ ਕਰੇਗੀ| ਉਨ੍ਹਾਂ ਕਿਹਾ ਕਿ ਆਫ ਰੋਡਿੰਗ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਖਿਚਵੇਂ ਹੁੰਦੇ ਹਨ ਅਤੇ ਅਜਿਹੇ ਮੁਕਾਬਲੇ ਕਿਰਦਾਰ ਨੂੰ ਸੰਵਾਰਨ ਵਿੱਚ ਵੀ ਸਹਾਈ ਹੁੰਦੇ ਹਨ| ਉਨ੍ਹਾਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਸ਼ਿਵਾਲਿਕ ਐਡਵੈਂਚਰ ਡਰਾਈਵ ਪਹਿਲੀ ਵਾਰ ਕਰਵਾਈ ਗਈ ਹੈ| ਸ੍ਰੀ ਸਿੱਧੂ ਨੇ ਕਿਹਾ ਕਿ ਰਾਜ ਸਰਕਾਰ ਸੁਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ  ਲਈ ਹਰ ਸੰਭਵ ਯਤਨ ਕਰੇਗੀ| ਜਿਸ ਲਈ ਧਨ ਦੀ ਕਮੀ ਨਹੀਂ ਆਉਣ  ਦਿੱਤੀ ਜਾਵੇਗੀ| ਉਨ੍ਹਾਂ ਕਿਹਾ ਕਿ ਖੇਡਾਂ ਹੀ ਅਜਿਹਾ ਸਾਧਨ ਹਨ ਜਿਹੜੀਆਂ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਬੇਹੱਦ ਸਹਾਈ ਹੁੰਦੀਆਂ ਹਨ|
ਸ੍ਰੀ ਸਿੱਧੂ ਨੇ ਕਿਹਾ ਕਿ ਰਾਜ ਸਰਕਾਰ ਰਾਜ ਵਿੱਚ ਵਾਤਾਵਰਣ ਦੀ ਸਵੱਛਤਾ ਅਤੇ ਪਾਣੀ ਬਚਾਓ ਲਈ ਵੀ ਵਿਸ਼ੇਸ ਮੁਹਿੰਮ ਵਿਢੇਗੀ| ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਅਗਸਤ ਮਹੀਨੇ ਤੋਂ ਰਾਜ ਵਿੱਚ ਵਾਤਾਵਰਣ ਦੀ ਸਵੱਛਤਾ ਲਈ ਸਵਾ ਲੱਖ ਰੁੱਖ ਨਵੇ ਲਗਾਏ ਜਾਣਗੇ ਅਤੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਹਲਕਾ ਵਿਧਾਇਕ ਦੀ ਅਗਵਾਈ ਵਿੱਚ 10 ਤੋਂ 15 ਹਜ਼ਾਰ ਨਵੇਂ ਰੁੱਖ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ|

ਉਨ੍ਹਾਂ ਸੱਦਾ ਦਿੱਤਾ ਕਿ ਹਰੇਕ ਪੰਜਾਬ ਵਾਸੀ ਦਾ ਫਰਜ ਬਣਦਾ ਹੈ ਕਿ ਉਹ ਵਾਤਾਵਰਣ ਦੀ ਸਵੱਛਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਆਪਣਾ ਯੋਗਦਾਨ ਪਾਵੇ| ਸ੍ਰੀ ਸਿੱਧੂ ਨੇ ਹਰੇਕ ਘਰ ਵਿੱਚ ਵਾਟਰ ਹਾਰਵੈਸਟਿੰਗ ਸਿਸਟਮ ਲਗਾਉਣ ਦੀ ਲੋੜ ਤੇ ਜ਼ੋਰ ਦਿੰਦਿਆ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਹੋ ਰਿਹਾ ਨੀਵਾਂ ਪੱਧਰ ਸਾਡੇ ਲਈ ਚਿੰਤਾਂ ਦਾ ਵਿਸ਼ਾ ਹੈ ਇਸ ਲਈ ਸਾਨੂੰ ਪਾਣੀ ਬਚਾਉਣ ਲਈ ਵਿਸ਼ੇਸ ਪ੍ਰਬੰਧ ਕਰਨੇ ਪੈਣਗੇ| ਉਨ੍ਹਾਂ ਕਿਹਾ ਕਿ ਵਾਟਰ ਹਾਰਵੈਸਟਿੰਗ ਲਈ ਸਾਡੇ ਕੋਲ ਸਕਿੱਲ ਵਰਕਰਾਂ ਦੀ ਘਾਟ ਹੈ ਜਿਸ ਲਈ ਢੁੱਕਵੇ ਪ੍ਰਬੰਧ ਕੀਤੇ ਜਾਣਗੇ| ਉਨ੍ਹਾਂ ਹੋਰ ਦੱਸਿਆ ਕਿ ਪਿੰਡਾਂ ਵਿੱਚ ਛੱਪੜਾਂ ਤੇ ਨਜਾਇਜ਼ ਕਬਜ਼ੇ ਵੀ ਦੂਰ ਕਰਵਾਏ ਜਾਣਗੇ ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਛੱਪੜਾਂ ਵਿੱਚ ਬਰਸਾਤੀ ਪਾਣੀ ਜਮ੍ਹਾਂ ਹੋ ਸਕੇ|
ਇਸ ਤੋਂ ਪਹਿਲਾਂ ਸਪੈਸ਼ਲ ਮੁੱਖ ਸਕੱਤਰ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਪੰਜਾਬ ਸ੍ਰੀ ਹਿੰਮਤ ਸਿੰਘ ਨੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਪੰਜਾਬ ਸ੍ਰ: ਨਵਜੋਤ ਸਿੰਘ ਸਿੱਧੂ ਨੂੰ ਗੁਲਦਸਤਾ ਭੇਂਟ ਕਰਕੇ ਉਨਾਂ੍ਹ ਦਾ ਸਵਾਗਤ ਕੀਤਾ| ਪ੍ਰਮੁੱਖ ਸਕੱਤਰ ਸੈਰ ਸਪਾਟਾ ਅਤੇ ਸਭਿਆਚਾਕ ਮਾਮਲੇ ਵਿਭਾਗ ਪੰਜਾਬ ਸ੍ਰੀ ਜਸਪਾਲ ਸਿੰਘ ਨੇ ਕਿਹਾ ਕਿ ਸ਼ਿਵਾਲਿਕ ਐਡਵੈਂਚਰ ਡਰਾਈਵ ਨਾਲ ਇਸ ਖਿੱਤੇ ਵਿੱਚ ਸੈਰ ਸਪਾਟੇ ਨੂੰ ਬੜਾਵਾ ਮਿਲੇਗਾ| ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ਿਵਾਲਿਕ ਐਡਵੈਂਚਰ ਡਰਾਈਵ ਵਿੱਚ ਦੇਸ਼ ਭਰ ਤੋਂ 60 ਤੋਂ ਵੱਧ ਨਾਮਵਰ ਪ੍ਰਤੀਯੋਗੀ ਹਿੱਸਾ ਲੈ ਰਹੇ ਹਨ| ਉਨ੍ਹਾਂ ਦੱਸਿਆ ਕਿ ਇਸ ਡਰਾਈਵ ਵਿੱਚ ਭਾਗ ਲੈਣ ਵਾਲਿਆਂ ਵਿੱਚੋ ਲੱਕੀ ਡਰਾਅ ਰਾਹੀਂ ਚਾਰ ਭਾਗੀਦਾਰ ਚੁੱਣੇ ਜਾਣਗੇ ਜਿਨ੍ਹਾਂ ਨੂੰ ਦੁਬਈ, ਬਾਲੀ, ਕੁਲਾਅਲਮਪੁਰ ਦਾ ਟੂਰ ਅਤੇ ਰਿਹਾਇਸ਼ ਦਾ ਪ੍ਰਬੰਧ ਮੁਫ਼ਤ ਹੋਵੇਗਾ| ਡਰਾਈਵ ਵਿੱਚ ਔਰਤਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਲਈ ਇੱਕ ਵਿਸ਼ੇਸ ਇਨਾਮ ਰਾਖਵਾਂ  ਰੱਖਿਆ ਗਿਆ  ਹੈ| ਉਨ੍ਹਾਂ ਦੱਸਿਆ ਕਿ ਇਸ ਡਰਾਈਵ ਦੌਰਾਨ ਕੁਦਰਤੀ ਸੋਮਿਆਂ ਅਤੇ ਵਣ ਖੇਤਰ ਦੇ ਰੁੱਖਾਂ ਅਤੇ ਜੀਵ ਜੰਤੂਆਂ ਦਾ ਵਿਸ਼ੇਸ ਖਿਆਲ ਰੱਖਿਆ ਗਿਆ ਹੈ|  ਇਸ ਮੌਕੇ ਪ੍ਰਿੰਸੀਪਲ ਚੀਫ ਕੰਨਜਰਵੇਟਰ  ਜੰਗਲਾਤ ਵਿਭਾਗ ਪੰਜਾਬ ਸ੍ਰੀ ਕੁਲਦੀਪ ਕੁਮਾਰ, ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਫੋਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਸ੍ਰੀ ਜਤਿੰਦਰ ਸ਼ਰਮਾ, ਪ੍ਰਿੰਸੀਪਲ ਚੀਫ ਕੰਨਜਰਵੇਟਰ ਫੋਰੈਸਟ ਐਂਡ ਵਾਇਲਡ ਲਾਈਫ ਵਾਰਡਨ ਸ੍ਰੀ ਧਰਿੰਦਰਾ ਸਿੰਘ, ਮੁੱਖ ਵਣ ਪਾਲ ਜੰਗਲਾਤ ਵਿਭਾਗ ਸ੍ਰੀ ਧਰਮਿੰਦਰ ਸ਼ਰਮਾ, ਐਸ.ਡੀ.ਐਮ ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਜ਼ਿਲ੍ਹਾ ਜੰਗਲਾਤ ਅਫ਼ਸਰ ਸ੍ਰੀ ਗੁਰਅਮਨ ਸਿੰਘ, ਵਣ ਰੇਂਜ ਅਫ਼ਸਰ ਸ੍ਰੀ ਸਤਪਾਲ ਸਿੰਘ, ਜ਼ਿਲ੍ਹਾ ਚੇਅਰਮੈਨ ਕਿਸਾਨ ਅਤੇ ਖੇਤੀ ਮਜਦੂਰ ਸੈਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ੍ਰ: ਬਲਕਾਰ ਸਿੰਘ ਭੰਗੂ, ਬਲਾਕ ਮਾਜਰੀ ਦੇ ਚੇਅਰਮੈਨ ਸ੍ਰ: ਗੁਰਮੀਤ ਸਿੰਘ ਢਕੋਰਾਂ ਸਮੇਤ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਹੋਰ ਅਧਿਕਾਰੀ ਅਤੇ ਇਲਾਕੇ ਦੇ ਪਤਵੰਤੇ ਵੀ ਮੌਜੂਦ ਸਨ|

Leave a Reply

Your email address will not be published. Required fields are marked *