ਪੰਜਾਬ ਸਰਕਾਰ ਰਿਟਾਇਰਮੈਂਟ ਦੀ ਉਮਰ ਘਟਾ ਕੇ 58 ਸਾਲ ਕਰਨ ਤੇ ਕਰ ਰਹੀ ਹੈ ਵਿਚਾਰ : ਕੈਪਟਨ ਅਮਰਿੰਦਰ

ਪੰਜਾਬ ਸਰਕਾਰ ਰਿਟਾਇਰਮੈਂਟ ਦੀ ਉਮਰ ਘਟਾ ਕੇ 58 ਸਾਲ ਕਰਨ ਤੇ ਕਰ ਰਹੀ ਹੈ ਵਿਚਾਰ : ਕੈਪਟਨ ਅਮਰਿੰਦਰ

ਟ੍ਰੱਕ ਯੂਨੀਅਨ ਨੂੰ ਭੰਗ ਕਰਨ ਦਾ ਫੈਸਲਾ ਨਹੀਂ ਹੋਵੇਗਾ ਵਾਪਿਸ
ਚੰਡੀਗੜ੍ਹ, 17 ਜੁਲਾਈ (ਸ.ਬ.) ਪੰਜਾਬ ਸਰਕਾਰ ਸਰਕਾਰੀ ਨੌਕਰੀਆਂ ਵਿੱਚ ਰਿਟਾਇਰਮੈਂਟ ਦੀ ਉਮਰ ਨੂੰ 2 ਸਾਲ ਘਟਾ ਕੇ 58 ਸਾਲ ਕਰਨ ਉੱਤੇ ਵਿਚਾਰ ਕਰ ਰਹੀ ਹੈ| ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ| ਉਹ ਅੱਜ ਰਾਸ਼ਟਰਪਤੀ ਦੀ ਚੋਣ  ਸੰਬੰਧੀ ਆਪਣੀ ਵੋਟ ਪਾਉਣ ਉਪਰੰਤ ਮੀਡੀਆ ਨਾਲ ਗੱਲ ਕਰ ਰਹੇ ਸਨ| ਉਹਨਾਂ ਕਿਹਾ ਕਿ ਸਰਕਾਰ ਰਿਟਾਇਰਮੈਂਟ  ਪਾਲਸੀ ਵਿੱਚ ਤਬਦੀਲੀ ਲਿਆ ਕੇ ਰਿਟਾਇਰਮੈਂਟ ਦੀ ਉਮਰ 58 ਸਾਲ ਤੈਅ ਕਰੇਗੀ ਤਾਂ ਜੋ ਨੌਜਵਾਨਾਂ ਲਈ ਨਵੇਂ ਰੁਜਗਾਰ ਦੀ ਸਿਰਜਨਾ ਕੀਤੀ ਜਾ  ਸਕੇ| ਉਹਨਾਂ ਕਿਹਾ ਕਿ ਇਸ ਸਬੰਧੀ ਵਿਚਾਰ ਕੀਤਾ  ਜਾ ਰਿਹਾ ਹੈ ਅਤੇ ਇਸ ਪਾਲਸੀ ਬਾਰੇ ਕੋਈ ਵੀ ਫੈਸਲਾ ਇਸ ਸੰਬੰਧੀ ਹੋਣ ਵਾਲੇ ਆਧਾਰ ਤੇ ਵਿਸਤਾਰ ਸਹਿਤ ਮੁਲਾਂਕਣ ਉਪਰੰਤ ਹੀ ਕੀਤਾ ਜਾਵੇਗਾ|
ਐਸ ਵਾਈ ਐਲ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਇਸ ਸਬੰਧੀ ਕੇਂਦਰ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਛੇਤੀ ਅਤੇ ਸਰਵਪ੍ਰਵਾਨਿਤ ਹੱਲ ਕੱਢਣ ਲਈ  ਕੰਮ ਕਰ ਰਹੀ ਹੈ| ਉਹਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਕੇਂਦਰੀ ਜਨ ਸੰਸਾਧਨ ਮੰਤਰਾਲੇ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਸ ਵੱਲੋਂ ਇਸ ਮੁੱਦੇ ਦੇ ਕਿਸੇ ਹਲ ਤੇ ਪਹੁੰਚਣ ਤੋਂ ਪਹਿਲਾਂ ਦਰਿਆਵਾਂ ਵਿੱਚ ਵੱਗਦੇ ਪਾਣੀਆਂ ਦੇ ਪੱਧਰ ਅਤੇ ਮਿਕਦਾਰ ਦੀ ਜਾਂਚ ਕੀਤੀ ਜਾਵੇ|
ਕਿਸਾਨਾਂ ਦੀ ਕਰਜਾ ਮਾਫੀ ਦੇ ਐਲਾਨ ਤੇ ਅਸਲ ਵਿੱਚ ਹੋਣ ਵਾਲੀ ਦੇਰੀ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਰਾਜ ਸਰਕਾਰ ਇਸ ਸੰਬੰਧੀ ਬੈਂਕਾਂ ਦੇ ਨਾਲ ਸੈਟਲਮੈਟ ਦੀ ਪ੍ਰਕ੍ਰਿਆ ਵਿੱਚ ਲੱਗੀ ਹੋਈ ਹੈ| ਉਹਨਾਂ ਕਿਹਾ ਕਿ ਵਿੱਤ ਮੰਤਰੀ ਸ੍ਰ. ਮਨਪ੍ਰੀਤ ਬਾਦਲ ਵੱਲੋਂ ਪਹਿਲਾਂ ਹੀ ਸਪਸ਼ਟ ਕੀਤਾ ਜਾ ਚੁੱਕਿਆ ਹੈ ਕਿ ਸਰਕਾਰ ਵੱਲੋਂ ਕਰਜਾ ਮਾਫੀ ਸਕੀਮ ਇੱਕ ਹਫਤੇ ਵਿੱਚ ਲਾਗੂ ਕਰ ਦਿਤੀ ਜਾਵੇਗੀ| ਉਹਨਾਂ ਕਿਹਾ ਕਿ ਕਿਸਾਨਾਂ ਦੀ ਕਰਜਾ ਮਾਫੀ ਬਾਰੇ ਡੀ ਟੀ ਹੱਕ ਦੀ ਅਗਵਾਈ ਵਿੱਚ ਬਣੀ ਮਾਹਿਰਾਂ ਦੀ ਕਮੇਟੀ ਦੀ ਅੰਤਿਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹਲ ਅਤੇ ਕਰਜਾ ਮਾਫੀ ਨੂੰ ਲਾਗੂ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ|
ਸਰਕਾਰ ਵੱਲੋਂ ਨਵੇਂ ਟੈਕਸ ਲਗਾਏ ਜਾਣ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨਵੇਂ ਸਰੋਤ ਪੈਦਾ ਕਰਕੇ ਬਜਟ ਘਾਟੇ ਨੂੰ ਕਾਬੂ ਵਿੱਚ ਰੱਖਣ ਦੀ ਚਾਹਵਾਨ ਹੈ ਅਤੇ ਵਿੱਤ ਮੰਤਰੀ ਵੱਲੋਂ ਇਸ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ|
ਸ੍ਰੀ ਵਿਨੋਦ ਖੰਨਾ ਦੇ ਅਕਾਲ ਚਲਾਣੇ ਤੋਂ ਬਾਅਦ ਖਾਲੀ ਹੋਈ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ, ਨੂੰ ਚੋਣ ਲੜਾਉਣ ਬਾਰੇ ਚੱਲ ਰਹੀ ਚਰਚਾ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਸ੍ਰੀ ਜਾਖੜ ਨੇ ਇਹ ਚੋਣ ਲੜਾਉਣ ਬਾਰੇ ਹੁਣ ਤੱਕ ਕੋਈ ਗੱਲ ਨਹੀਂ ਹੋਈ ਹੈ|
ਪੰਜਾਬ ਵਿੱਚ ਟ੍ਰੱਕ ਯੂਨੀਅਨਾਂ ਨੂੰ ਖਤਮ ਕਰਨ ਦੇ ਫੈਸਲੇ ਤੇ ਮੁੜ ਵਿਚਾਰ  ਬਾਰੇ ਪੁਛੇ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਵਾਪਿਸ ਨਹੀਂ ਹੋਵੇਗਾ| ਹਾਲਾਂਕਿ ਉਹਨਾਂ ਕਿਹਾ ਕਿ ਸਰਕਾਰ ਇਸ ਗੱਲ  ਦਾ ਧਿਆਨ ਰੱਖਗੀ ਕਿ ਛੋਟੇ ਟ੍ਰੱਕ ਮਾਲਕਾਂ ਨੂੰ ਇਸ ਕਾਰਨ ਕੋਈ ਨੁਕਸਾਨ ਨਾ ਹੋਵੇ| ਉਹਨਾਂ ਕਿਹਾ ਕਿ ਸਰਕਾਰ ਉਦਯੋਗਾਂ ਨੂੰ ਚੰਗਾ ਮਾਹੌਲ ਅਤੇ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ ਅਤੇ ਟ੍ਰੱਕ ਯੂਨੀਅਨਾਂ ਨੂੰ ਭੰਗ ਕਰਨ ਦਾ ਫੈਸਲਾ ਵਾਪਿਸ ਨਹੀਂ ਹੋਵੇਗਾ|

Leave a Reply

Your email address will not be published. Required fields are marked *