ਪੰਜਾਬ ਸਰਕਾਰ ਲੜਕੀਆਂ ਨੂੰ ਸਵੈ-ਨਿਰਭਰ ਬਣਾਉਣ ਲਈ ਵਚਨਬੱਧ : ਬਲਬੀਰ ਸਿੰਘ ਸਿੱਧੂ

ਐੱਸ. ਏ. ਐੱਸ. ਨਗਰ, 18 ਜਨਵਰੀ (ਸ. ਬ.) ਸਥਾਨਕ ਸਰਕਾਰੀ ਆਈ. ਟੀ. ਆਈ (ਲੜਕੀਆਂ) ਵੱਲੋਂ ਵਿਸ਼ੇਸ਼ ਕੇਂਦਰੀ ਸਹਾਇਤਾ ਅਧੀਨ ਸਮਾਜਿਕ ਨਿਆ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਰਾਹੀਂ ਜ਼ਿਲ੍ਹੇ ਦੀਆਂ 200 ਸਕਿੱਲਡ ਸਿਖਿਆਰਥਣਾਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਹਿੱਤ ਸਿਲਾਈ ਮਸ਼ੀਨਾਂ ਤਕਸੀਮ ਕਰਨ ਦੀ ਰਸਮ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਨਿਭਾਈ। ਇਸ ਮੌਕੇ ਜ਼ਿਲ੍ਹੇ ਦੇ ਏ.ਡੀ.ਸੀ ਸ੍ਰੀ ਰਾਜੀਵ ਕੁਮਾਰ ਗੁਪਤਾ, ਜ਼ਿਲ੍ਹਾ ਭਲਾਈ ਅਫਸਰ ਸ੍ਰੀ ਰਵਿੰਦਰ ਸਿੰਘ ਸੰਧੂ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵਿਸ਼ੇਸ਼ ਤੌਰ ਉਤੇ ਹਾਜ਼ਰ ਸਨ।

ਇਸ ਮੌਕੇ ਵੱਡੀ ਗਿਣਤੀ ਵਿੱਚ ਜੁੜੀਆਂ ਸਿਖਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਲੜਕੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰੀ ਨੌਕਰੀਆਂ ਵਿੱਚ ਜਿੱਥੇ ਲੜਕੀਆਂ ਨੂੰ 33 ਫੀਸਦੀ ਹਿੱਸੇਦਾਰੀ ਦਿੱਤੀ ਗਈ ਹੈ, ਉੱਥੇ ਪੰਚਾਇਤਾਂ ਅਤੇ ਸਥਾਨਕ ਸਰਕਾਰਾਂ ਵਿੱਚ 50 ਫੀਸਦੀ ਹਿੱਸੇਦਾਰੀ ਦੇਣ ਦਾ ਉਪਬੰਧ ਵੀ ਕੀਤਾ ਗਿਆ ਹੈ। ਸ. ਸਿੱਧੂ ਨੇ ਲੜਕੀਆਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਸਮਾਜਸੇਵਾ ਦੇ ਖੇਤਰ ਵਿੱਚ ਪ੍ਰਸ਼ੰਸਾਂਯੋਗ ਭੂਮਿਕਾ ਨਿਭਾਉਣ ਬਦਲੇ ਆਈ.ਟੀ.ਆਈ. ਦੇ ਸਮੁੱਚੇ ਸਟਾਫ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਉਨ੍ਹਾਂ ਸੰਸਥਾ ਤੋਂ ਮੰਗ ਪੱਤਰ ਲੈਣ ਉਪਰੰਤ ਪਖਾਨਿਆਂ ਦੇ ਨਵੀਨੀਕਰਨ ਲਈ ਆਪਣੇ ਅਖਤਿਆਰੀ ਫੰਡ ਵਿੱਚੋਂ ਸੰਸਥਾ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਰਸਮੀ ਐਨਾਲ ਕੀਤਾ।

ਇਸ ਮੌਕੇ ਸੰਸਥਾ ਦੀਆਂ ਸਿਖਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਸ਼ਵੀ ਗੋਇਲ, ਸ੍ਰੀਮਤੀ ਜਸਵੀਰ ਕੌਰ, ਸ੍ਰੀਮਤੀ ਉਪਾਸਨਾ ਅੱਤਰੀ, ਸ੍ਰੀਮਤੀ ਅੰਮ੍ਰਿਤਬੀਰ ਕੌਰ ਹੁੰਦਲ, ਸ੍ਰੀਮਤੀ ਸ਼ਰਨਜੀਤ ਕੌਰ, ਸ੍ਰੀਮਤੀ ਹਰਮਨਜੀਤ ਕੌਰ, ਸ੍ਰੀਮਤੀ ਪਰਮਿੰਦਰ ਕੌਰ, ਸ੍ਰੀਮਤੀ ਰੇਨੂੰ ਸ਼ਰਮਾ, ਸ੍ਰੀ ਰਾਕੇਸ਼ ਕੁਮਾਰ ਡੱਲਾ, ਸ੍ਰੀ ਅਮਨਦੀਪ ਸ਼ਰਮਾ, ਸ੍ਰੀ ਗੁਰਵਿੰਦਰ ਸਿੰਘ, ਸ੍ਰੀ ਵਰਿੰਦਰਪਾਲ ਸਿੰਘ, ਸ੍ਰੀ ਮਨਿੰਦਰਪਾਲ ਸਿੰਘ, ਸ੍ਰੀ ਅਵਤਾਰ ਸਿੰਘ, ਸ੍ਰੀਮਤੀ ਦਰਸ਼ਨਾ ਕੁਮਾਰੀ ਅਤੇ ਸ੍ਰੀਮਤੀ ਰਮਨਦੀਪ ਕੌਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *