ਪੰਜਾਬ ਸਰਕਾਰ ਵਲੋਂ 550 ਕੈਦੀਆਂ ਨੂੰ ਰਿਹਾ ਕਰਨ ਦੀ ਤਿਆਰੀ?

ਪੰਜਾਬ ਸਰਕਾਰ ਵਲੋਂ 550 ਕੈਦੀਆਂ ਨੂੰ ਰਿਹਾ ਕਰਨ ਦੀ ਤਿਆਰੀ?
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਵੇਗਾ ਐਲਾਨ
ਚੰਡੀਗੜ੍ਹ, 10 ਨਵੰਬਰ (ਸ.ਬ.) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ 23 ਨਵੰਬਰ ਨੂੰ ਸ੍ਰੀ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਸਲਾਨਾ ਸਮਾਗਮਾਂ ਦੀ ਸ਼ੁਰੂਆਤ ਮੌਕੇ ਹੋਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੀਆਂ ਜੇਲਾਂ ਵਿੱਚ ਨਜ਼ਰਬੰਦ 550 ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ| ਇਸਤੋਂ ਇਲਾਵਾ ਮੁੱਖ ਮੰਤਰੀ ਵਲੋਂ ਸੁਲਤਾਨਪੁਰ ਲੋਧੀ ਨੇੜਲੇ ਪਿੰਡਾਂ ਵਿੱਚ 550 ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ| ਇਸ ਦੇ ਨਾਲ ਹੀ ਸਾਲ ਦੌਰਾਨ ਸੂਬੇ ਦੇ ਸਾਰੇ 12 ਹਜ਼ਾਰ ਪਿੰਡਾਂ ਵਿੱਚ 550 ਰੁੱਖ ਲਗਾਉਣ ਦੇ ਕੰਮ ਨੂੰ ਪੂਰਾ ਕੀਤਾ ਜਾਵੇਗਾ| ਇਹ ਫੈਸਲਾ ਮੁੱਖ ਮੰਤਰੀ ਵੱਲੋਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮਾਂ ਦੀ ਤਿਆਰੀ ਲਈ ਚੱਲ ਰਹੇ ਵਿਚਾਰ ਵਟਾਂਦਰੇ ਦੌਰਾਨ ਲਿਆ ਗਿਆ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਵੱਲੋਂ ਜਿਨ੍ਹਾਂ 550 ਕੈਦੀਆਂ ਨੂੰ ਇਸ ਮੌਕੇ ਰਿਹਾਅ ਕੀਤਾ ਜਾਣਾ ਹੈ, ਉਨ੍ਹਾਂ ਦੀ ਚੋਣ ਰਾਜ ਸਰਕਾਰ ਵੱਲੋਂ ਨਿਰਧਾਰਤ ਨੀਤੀ ਮੁਤਾਬਕ ਕੀਤੀ ਜਾਵੇਗੀ| ਇਸਦੇ ਤਹਿਤ ਜਿਨ੍ਹਾਂ ਕੈਦੀਆਂ ਵੱਲੋਂ ਆਪਣੀ ਸਜ਼ਾ ਦਾ ਸਮਾਂ ਪੂਰਾ ਕਰ ਲਿਆ ਹੋਵੇਗਾ ਅਤੇ ਕੁਝ ਦਿਨਾਂ ਜਾਂ ਮਹੀਨਿਆਂ ਦਾ ਸਮਾਂ ਬਾਕੀ ਬਚਿਆ ਹੋਣ ਦੇ ਨਾਲ ਨਾਲ ਜੇਲ ਦੌਰਾਨ ਉਨ੍ਹਾਂ ਦਾ ਰਿਕਾਰਡ ਚੰਗਾ ਰਿਹਾ ਹੋਵੇਗਾ, ਨੂੰ ਰਿਹਾ ਕੀਤਾ ਜਾਵੇਗਾ|
ਹਾਲਾਂਕਿ ਇਸ ਸੰਬੰਧੀ ਰਸਮੀ ਐਲਾਨ ਹੁਣੇ ਹੋਣਾ ਹੈ ਅਤੇ ਇਨ੍ਹਾਂ ਵਿਸ਼ੇਸ਼ ਸਮਾਗਮਾਂ ਨੂੰ ਮੁੱਖ ਰੱਖ ਕੇ ਕੀਤੇ ਜਾਣ ਵਾਲੇ ਅਹਿਮ ਐਲਾਨਾਂ ਬਾਰੇ ਮੁੱਖ ਮੰਤਰੀ ਪੱਧਰ ਤੇ ਵਿਚਾਰ ਵਟਾਂਦਰੇ ਦਾ ਅਮਲ ਚਲ ਰਿਹਾ ਹੈ|

Leave a Reply

Your email address will not be published. Required fields are marked *