ਪੰਜਾਬ ਸਰਕਾਰ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਵਾਲਿਆਂ ਤੇ ਸਖ਼ਤੀ : ਸਰਕਾਰੀਆ

ਪੰਜਾਬ ਸਰਕਾਰ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਵਾਲਿਆਂ ਤੇ ਸਖ਼ਤੀ : ਸਰਕਾਰੀਆ
3 ਮਹੀਨਿਆਂ ਵਿੱਚ 201 ਮਾਮਲੇ ਦਰਜ, 189 ਵਿਅਕਤੀਆਂ ਖਿਲਾਫ ਕੀਤੀ ਕਾਰਵਾਈ, ਨਾਜਾਇਜ਼ ਰੇਤ-ਬੱਜਰੀ ਢੋਹਣ ਵਾਲੇ 148 ਟਰੈਕਟਰ-ਟਰਾਲੀ, 119 ਟਿੱਪਰ ਅਤੇ 27 ਜੇਸੀਬੀ ਮਸ਼ੀਨਾਂ ਜ਼ਬਤ
ਚੰਡੀਗੜ੍ਹ, 7 ਅਗਸਤ (ਸ.ਬ.)  ਪੰਜਾਬ ਸਰਕਾਰ ਨੇ ਗੈਰ ਕਾਨੂੰਨੀ ਮਾਈਨਿੰਗ ਵਾਲਿਆਂ ਤੇ ਸ਼ਿਕੰਜਾ ਹੋਰ ਕੱਸ ਦਿੱਤਾ ਹੈ| ਖਣਨ ਵਿਭਾਗ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਤੇ ਪਿਛਲੇ 3 ਮਹੀਨਿਆਂ ਵਿਚ 201 ਮੁਕੱਦਮੇ ਦਰਜ ਕਰਵਾ ਕੇ 189 ਵਿਅਕਤੀਆਂ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ| ਨਾਜਾਇਜ਼ ਰੇਤ-ਬੱਜਰੀ ਢੋਹਣ ਵਾਲੇ 148 ਟਰੈਕਟਰ-ਟਰਾਲੀਆਂ, 119 ਟਿੱਪਰ/ਟਰੱਕ ਅਤੇ 27 ਜੇਸੀਬੀ ਮਸ਼ੀਨਾਂ ਤੋਂ ਇਲਾਵਾ ਹੋਰ ਮਸ਼ੀਨਰੀ ਜ਼ਬਤ ਕੀਤੀ ਗਈ ਹੈ| ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਈ, ਜੂਨ ਅਤੇ ਜੁਲਾਈ ਮਹੀਨਿਆਂ ਵਿਚ ਗੈਰ ਕਾਨੂੰਨੀ ਖਣਨ ਦੇ ਕੁੱਲ 201 ਮਾਮਲੇ ਦਰਜ ਕਰਵਾਏ ਗਏ ਜਿਨ੍ਹਾਂ ਵਿਚੋਂ ਮੁੱਖ ਰੂਪ ਵਿੱਚ ਲੁਧਿਆਣਾ ਜ਼ਿਲ੍ਹੇ ਵਿਚ 37, ਹੁਸ਼ਿਆਰਪੁਰ ਵਿਚ 29, ਐਸਬੀਐਸ ਨਗਰ ਵਿਚ 37 ਅਤੇ ਰੋਪੜ ਵਿਚ 25 ਮਾਮਲੇ ਦਰਜ ਕਰਵਾਏ ਗਏ ਹਨ| ਇਸੇ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਵਿਚ 22 ਟਰੈਕਟਰ-ਟਰਾਲੀਆਂ, 6 ਟਿੱਪਰ ਅਤੇ 2 ਜੇਸੀਬੀ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਜਦਕਿ ਐਸਬੀਐਸ ਨਗਰ ਵਿਚ 29 ਟਰੈਕਟਰ-ਟਰਾਲੀਆਂ, 40 ਟਿੱਪਰ ਅਤੇ 2 ਜੇਸੀਬੀ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ| ਇਸੇ ਤਰ੍ਹਾਂ ਹੁਸ਼ਿਆਰਪੁਰ ਵਿਚ 30 ਟਰੈਕਟਰ-ਟਰਾਲੀਆਂ, 7 ਟਿੱਪਰ/ਟਰੱਕ ਅਤੇ 2 ਜੇਸੀਬੀ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ| ਉਨ੍ਹਾਂ ਦੱਸਿਆ ਕਿ 3 ਮਹੀਨਿਆਂ ਵਿਚ ਗੈਰ ਕਾਨੂੰਨੀ ਮਾਈਨਿੰਗ ਵਾਲੇ ਕੁੱਲ 189 ਵਿਅਕਤੀਆਂ ਵਿਰੁੱਧ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ
ਪੰਜਾਬ ਦੇ ਖਣਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਕਿਸੇ ਕੀਮਤ ਤੇ ਬਖਸ਼ਿਆਂ ਨਹੀਂ ਜਾ ਰਿਹਾ| ਉਨ੍ਹਾਂ ਕਿਹਾ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਜੋ ਵਿਅਕਤੀ ਵੀ ਕਾਨੂੰਨ ਦੇ ਦਾਇਰੇ ਤੋਂ ਬਾਹਰ ਖਣਨ ਕਰਦਾ ਫੜ੍ਹਿਆ ਜਾਂਦਾ ਹੈ ਉਸ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਦੀ ਮਸ਼ੀਨਰੀ ਜ਼ਬਤ ਕੀਤੀ ਜਾ ਰਹੀ ਹੈ| ਰੇਤ-ਬੱਜਰੀ ਢੋਹਣ ਵਾਲੇ ਵਾਹਨਾਂ, ਜਿਨ੍ਹਾਂ ਕੋਲ ਮਾਈਨਿੰਗ ਵਿਭਾਗ ਦੀ ਪਰਚੀ ਨਹੀਂ ਹੁੰਦੀ ਉਸਨੂੰ ਵੀ ਜ਼ਬਤ ਕਰਕੇ ਤੁਰੰਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ| ਦੱਸਣਯੋਗ ਹੈ ਕਿ ਮਾਈਨਿੰਗ ਵਿਭਾਗ ਵੱਲੋਂ ਮਨਜ਼ੂਰਸ਼ੁਦਾ ਖੱਡਾਂ ਵਿੱਚੋਂ ਖਣਨ ਪਦਾਰਥਾਂ ਦੀ ਢੋਆ-ਢੁਆਈ ਲਈ ਪਰਚੀ ਜਾਰੀ ਕੀਤੀ ਜਾਂਦੀ ਹੈ|
ਖਣਨ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਗ਼ੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਤੁਰੰਤ ਬਾਜ਼ ਆ ਜਾਣ ਜਾਂ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ| ਸਰਕਾਰੀਆ ਨੇ ਕਿਹਾ ਕਿ ਸੂਬੇ ਦੀਆਂ ਖੱਡਾਂ ਦੀ ਪਾਰਦਰਸ਼ੀ ਢੰਗ ਨਾਲ ਈ-ਨਿਲਾਮੀ ਕੀਤੀ ਗਈ ਹੈ ਅਤੇ ਪੰਜਾਬ ਵਾਸੀਆਂ ਨੂੰ ਸਸਤੀਆਂ ਦਰਾਂ ਉੱਤੇ             ਰੇਤ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਪਰ ਫਿਰ ਵੀ ਜੇਕਰ ਕੋਈ ਵਿਅਕਤੀ ਗ਼ੈਰ-ਕਾਨੂੰਨੀ ਮਾਈਨਿੰਗ ਕਰੇਗਾ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ|
ਇਸ ਮੌਕੇ ਮੁੱਖ ਇੰਜੀਨੀਅਰ ਖਣਨ ਸੰਜੀਵ ਗੁਪਤਾ ਨੇ ਦੱਸਿਆ ਕਿ ਗ਼ੈਰ-ਕਾਨੂੰਨੀ ਰੇਤ ਤੇ ਬੱਜਰੀ ਢੋਹਣ ਵਾਲੇ ਟਰੈਕਟਰ-ਟਰਾਲੀਆਂ, ਟਰੱਕਾਂ ਜਾਂ ਅਜਿਹੇ ਹੋਰ ਵਾਹਨਾਂ ਨੂੰ ਜ਼ਬਤ ਕਰਕੇ ਕੇਸ ਦਰਜ ਕਰਨ ਤੋਂ ਇਲਾਵਾ ਜਿਸ ਖੱਡ ਵਿੱਚੋਂ ਅਜਿਹਾ ਮਟੀਰੀਅਲ ਲਿਆਂਦਾ ਜਾ ਰਿਹਾ ਹੁੰਦਾ ਹੈ, ਉਸ ਜ਼ਮੀਨ ਦੇ ਮਾਲਕ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ| ਉਨ੍ਹਾਂ ਕਿਹਾ ਕਿ ਨਾਜਾਇਜ਼ ਖਣਨ ਕਰਨ ਵਾਲੇ ਅਤੇ ਜ਼ਮੀਨ ਮਾਲਕ ਦੋਵੇਂ ਬਰਾਬਰ ਦੇ ਜ਼ਿੰਮੇਵਾਰ ਹਨ|

Leave a Reply

Your email address will not be published. Required fields are marked *