ਪੰਜਾਬ ਸਰਕਾਰ ਵੱਲੋਂ ਡਰਾਈਵਿੰਗ ਲਾਇਸੰਸ, ਆਰ.ਸੀ. ਅਤੇ ਪਰਮਿਟਾਂ ਦੀ ਮਿਆਦ ਵਿੱਚ ਵਾਧਾ

ਪੰਜਾਬ ਸਰਕਾਰ ਵੱਲੋਂ ਡਰਾਈਵਿੰਗ ਲਾਇਸੰਸ, ਆਰ.ਸੀ. ਅਤੇ ਪਰਮਿਟਾਂ ਦੀ ਮਿਆਦ ਵਿੱਚ ਵਾਧਾ
ਪੁਲੀਸ, ਟਰਾਂਸਪੋਰਟ ਵਿਭਾਗ ਅਤੇ ਸਾਰੇ ਡਿਪਟੀਕਮਿਸ਼ਨਰਾਂ ਨੂੰ ਡੀ.ਸੀਜ਼ ਨੂੰ ਆਮ ਲੋਕਾਂ ਨੂੰ ਤੰਗ-ਪ੍ਰੇਸ਼ਾਨ ਨਾ ਕਰਨ ਦੇ ਨਿਰਦੇਸ਼ ਜਾਰੀ: ਟਰਾਂਸਪੋਰਟ ਮੰਤਰੀ
ਚੰਡੀਗੜ੍ਹ, 25 ਅਗਸਤ (ਸ.ਬ.) ਪੰਜਾਬ ਸਰਕਾਰ ਵੱਲੋਂ ਡਰਾਈਵਿੰਗ ਲਾਇਸੰਸ, ਆਰ.ਸੀ. ਅਤੇ ਪਰਮਿਟਾਂ ਦੀ ਮਿਆਦ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਅਤੇ ਜਿਹਨਾਂ ਲੋਕਾਂ, ਟਰਾਂਸਪੋਰਟਾਂ ਜਾਂ ਹੋਰਨਾਂ ਸੰਸਥਾਵਾਂ ਦੇ ਡਰਾਈਵਿੰਗ ਲਾਇਸੰਸਾਂ, ਆਰ.ਸੀਜ਼ ਜਾਂ ਪਰਮਿਟਾਂ ਦੀ ਮਿਆਦ ਜਿਹੜੀ1 ਫਰਵਰੀ, 2020 ਤੋਂ ਬਾਅਦ ਖਤਮ ਹੋਣੀ ਸੀ, ਉਹਨਾਂ ਨੂੰ 31 ਦਸੰਬਰ, 2020 ਤੱਕ ਵੈਧ ਮੰਨਿਆ ਜਾਵੇਗਾ| ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਕੋਵਿਡ 19 ਮਹਾਂਮਾਰੀ ਕਾਰਨ ਬਣੇ ਗੰਭੀਰ ਹਾਲਾਤਾਂ ਦੇ ਚੱਲਦਿਆਂ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਵਲੋਂ ਬੀਤੇ ਕੱਲ੍ਹ ਇਸ ਸਬੰਧੀ ਤਾਜ਼ਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ| ਉਨ੍ਹਾਂ ਕਿਹਾ ਕਿ ਹਦਾਇਤਾਂ ਅਨੁਸਾਰ ਮੋਟਰ ਵਾਹਨ ਐਕਟ, 1988 ਅਤੇ ਸੈਂਟਰਲ ਮੋਟਰ ਵਾਹਨ ਨਿਯਮ, 1989 ਤਹਿਤ ਬਣਾਏ ਜਾਂਦੇ ਦਸਤਾਵੇਜ਼ ਜਿਵੇਂ ਕਿ ਡਰਾਈਵਿੰਗ ਲਾਇਸੰਸ, ਰਜਿਸਟ੍ਰੇਸ਼ਨ ਸਰਟੀਫਿਕੇਟ, ਪਰਮਿਟ ਆਦਿ ਜਿਨ੍ਹਾਂ ਦੀ ਮਿਆਦ 01 ਫਰਵਰੀ, 2020 ਤੋਂ ਬਾਅਦ ਜਾਂ 31 ਦਸੰਬਰ, 2020 ਤੱਕ ਖਤਮ ਹੋਣੀ ਹੈ, ਨੂੰ 31 ਦਸੰਬਰ, 2020 ਤੱਕ ਵੈਧ ਮੰਨਿਆ ਜਾਵੇਗਾ|
ਉਨ੍ਹਾਂ ਦੱਸਿਆ ਕਿ ਇਨ੍ਹਾਂ ਹਦਾਇਤਾਂ ਬਾਰੇ ਪੱਤਰ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਪੰਜਾਬ ਦੇ ਡੀਜੀਪੀ ਨੂੰ ਭੇਜ ਦਿੱਤਾ ਗਿਆ ਹੈ| ਇਸ ਤੋਂ ਇਲਾਵ ਏ ਡੀ ਜੀ ਪੀ (ਟ੍ਰੈਫਿਕ), ਸਾਰੇ ਡਿਪਟੀ ਕਮਿਸ਼ਨਰਾਂ, ਸਾਰੇ ਐਸ ਐਸ ਪੀਜ਼ ਅਤੇ ਟਰਾਂਸਪੋਰਟ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਆਮ ਨਾਗਰਿਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ| ਟ੍ਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਕਤ ਹਦਾਇਤਾਂ ਦੇ ਮੱਦੇਨਜ਼ਰ ਵਾਹਨਾਂ ਦੀ ਚੈਕਿੰਗ ਦੌਰਾਨ ਜਿਨ੍ਹਾਂ ਵਿਅਕਤੀਆਂ, ਟਰਾਂਸਪੋਰਟਰਾਂ ਜਾਂ ਹੋਰ ਸੰਸਥਾਵਾਂ ਦੇ ਡਰਾਈਵਿੰਗ ਲਾਇਸੰਸ, ਰਜਿਸਟ੍ਰੇਸ਼ਨ ਸਰਟੀਫਿਕੇਟ ਜਾਂ ਪਰਮਿਟ 1 ਫਰਵਰੀ, 2020 ਤੋਂ ਬਾਅਦ ਰੀਨਿਊੇ ਨਹੀਂ ਕਰਵਾਏ ਗਏ ਹਨ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ ਕਿਉਂ ਕਿ ਨਵੀਆਂ ਹਦਾਇਤਾਂ ਅਨੁਸਾਰ ਅਜਿਹੇ ਦਸਤਾਵੇਜ਼ 31 ਦਸੰਬਰ, 2020 ਤੱਕ ਵੈਧ ਮੰਨੇ ਜਾਣਗੇ|

Leave a Reply

Your email address will not be published. Required fields are marked *