ਪੰਜਾਬ ਸਰਕਾਰ, ਸੋਹਾਣਾ ਸਥਿਤ ਟੈਂਕੀ ਤੇ ਚੜ੍ਹੇ ਬੇਰੁਜਗਾਰ ਅਧਿਆਪਕਾਂ ਨਾਲ ਗੱਲਬਾਤ ਕਰਨ ਲਈ ਤਿਆਰ : ਮਾਨ

ਐਸ.ਏ.ਐਸ. ਨਗਰ, 27 ਜੂਨ (ਸ.ਬ.) ਪੰਜਾਬ ਸਰਕਾਰ, ਮੁਹਾਲੀ ਸਥਿਤ ਸੋਹਾਣਾ ਟੈਂਕੀ ਤੇ ਚੜ੍ਹ ਕੇ ਧਰਨੇ ਤੇ ਬੈਠੇ ਟੈਟ ਪਾਸ, ਸਬਜੈਕਟ ਪਾਸ, ਬੀ.ਐਡ ਬੇਰੁਜਗਾਰ ਅਧਿਆਪਕਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਅਤੇ ਬੇਰੁਜਗਾਰ ਅਧਿਆਪਕਾਂ ਨੂੰ ਆਪਣੀ ਅੜ੍ਹੀ ਛੱਡ ਕੇ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਮਸਲੇ ਦਾ ਹੱਲ ਹੋ ਸਕੇ| ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ ਨੇ ਜਿੱਥੇ ਕਿ ਬੇਰੁਜਗਾਰ ਅਧਿਆਪਕ ਧਰਨੇ ਤੇ ਬੈਠੇ ਹਨ, ਉੱਥੇ ਜਾ ਕੇ  ਬੇਰੁਜਗਾਰ ਅਧਿਆਪਕਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ| ਇਸ ਮੌਕੇ ਸ੍ਰੀ ਮਾਨ ਨਾਲ ਐਸ.ਪੀ. ਸ੍ਰੀ ਜਗਜੀਤ ਸਿੰਘ ਜੱਲਾ ਅਤੇ ਐਸ.ਡੀ. ਐਮ. ਸ੍ਰੀ ਆਰ.ਪੀ. ਸਿੰਘ ਅਤੇ ਪ੍ਰਸਾਸ਼ਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ|
ਵਧੀਕ ਡਿਪਟੀ ਕਮਿਸ਼ਨਰ ਨੇ ਬੇਰੁਜਗਾਰ ਅਧਿਆਪਕ ਯੁਨੀਅਨ  ਦੇ ਨੁਮਾਇੰਦਿਆਂ  ਨੂੰ ਅਪੀਲ ਕੀਤੀ ਕਿ ਉਹ ਆਪਣੀ ਅੜੀ ਛੱਡ ਕੇ ਸਰਕਾਰ ਨਾਲ ਗੱਲਬਾਤ ਕਰਨ ਕਿਉਂਕਿ ਉਹ ਉਨ੍ਹਾਂ ਕੋਲ ਸਰਕਾਰ ਦੇ ਭੇਜੇ ਹੋਏ ਨੁਮਾਇੰਦੇ ਦੇ ਤੌਰ ਤੇ ਆਏ ਹਨ ਅਤੇ ਟੈਂਕੀ ਤੇ ਚੜ੍ਹੇ ਬੇਰੁਜਗਾਰ ਅਧਿਆਪਕਾਂ ਨੂੰ ਹੇਠਾਂ ਉਤਾਰਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਵੀ ਨਾਲ ਲੈ ਕਿ ਮੁੱਖ ਮੰਤਰੀ ਪੰਜਾਬ ਦੇ ਮੁੱਖ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨਾਲ ਮੀਟਿੰਗ ਕਰਵਾਈ ਜਾ ਸਕੇ ਕਿਉਂਕਿ ਪੰਜਾਬ ਸਰਕਾਰ ਬੇਰੁਜਗਾਰ ਅਧਿਆਪਕਾਂ ਦੇ ਮਸਲੇ ਦੇ ਹੱਲ ਲਈ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਬੇਰੁਜਗਾਰ ਅਧਿਆਪਕਾਂ ਦੇ ਨੁਮਾਇੰਦਿਆਂ ਨਾਲ ਬੈਠ ਕਿ ਇਸ ਮਸਲੇ ਦਾ ਹੱਲ ਕੱਢਿਆ ਜਾ ਸਕੇ| ਸ੍ਰੀ ਮਾਨ ਨੇ ਬੇਰੁਜਗਾਰ ਅਧਿਆਪਕਾਂ ਨੂੰ ਕਿਹਾ ਕਿ ਪਾਣੀ ਦੀ ਟੈਂਕੀ ਤੇ ਚੜ੍ਹ ਕੇ ਪੈਟਰੋਲ ਜਾਂ ਹੋਰ ਜਲਨਸ਼ੀਲ ਪਦਾਰਥ ਦਿਖਾਉਣੇ ਜਾਂ ਆਤਮ ਹੱਤਿਆ ਵਰਗੀਆਂ ਗੱਲਾਂ ਕਰਨੀਆਂ ਪੜ੍ਹੇ ਲਿਖੇ ਵਰਗ ਨੂੰ ਸੋਭਾ ਨਹੀ ਦਿੰਦੀਆਂ ਕਿਉਂਕਿ ਪੜ੍ਹੇ ਲਿਖੇ ਇਨਸਾਨ ਸਮਾਜ ਨੂੰ ਨਵੀਂ ਸੇਧ ਦਿੰਦੇ ਹਨ| ਜਿਸ ਨਾਲ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਹੁੰਦੀ ਹੈ| ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਕਰਨੀਆਂ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ| ਕੋਈ ਵੀ ਮਸਲਾ ਮਿਲ ਬੈਠ ਕੇ ਹੀ ਹੱਲ  ਹੋ ਸਕਦਾ ਹੈ| ਇਸ ਮੌਕੇ ਬੇਰੁਜਗਾਰ ਅਧਿਆਪਕਾਂ ਨੇ  ਪੰਜਾਬ ਸਰਕਾਰ ਨਾਲ ਗੱਲਬਾਤ ਕਰਨ ਦੀ ਬਜਾਏ ਪਹਿਲਾਂ ਨਿਯੁਕਤੀ ਪੱਤਰ ਦੇਣ ਦੀ ਮੰਗ ਕੀਤੀ|

Leave a Reply

Your email address will not be published. Required fields are marked *