ਪੰਜਾਬ ਸਿਵਲ ਸਕੱਤਰੇਤ ਅਤੇ ਚੰਡੀਗੜ੍ਹ-ਮੁਹਾਲੀ ਸਥਿਤ ਸਰਕਾਰ ਦੇ ਸਮੂਹ ਦਫਤਰਾਂ ਵਿਚ ਮੁਲਾਜ਼ਮਾਂ ਵੱਲੋਂ ‘ਕਲਮ-ਛੱਡੋ ਹੜਤਾਲ’ ਆਰੰਭ

ਪੰਜਾਬ ਸਿਵਲ ਸਕੱਤਰੇਤ ਅਤੇ ਚੰਡੀਗੜ੍ਹ-ਮੁਹਾਲੀ ਸਥਿਤ ਸਰਕਾਰ ਦੇ ਸਮੂਹ ਦਫਤਰਾਂ ਵਿਚ ਮੁਲਾਜ਼ਮਾਂ ਵੱਲੋਂ ‘ਕਲਮ-ਛੱਡੋ ਹੜਤਾਲ’ ਆਰੰਭ
ਮੁਲਾਜ਼ਮਾਂ ਨੇ ਬੰਦ ਕਰਵਾਇਆ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਦਫ਼ਤਰਾਂ ਦਾ ਕੰਮਕਾਜ, 14 ਅਗਸਤ ਤੱਕ ਜਾਰੀ ਰਹੇਗੀ ਕਲਮ-ਛੱਡੋ ਹੜਤਾਲ
ਚੰਡੀਗ੍ਹੜ, 11 ਅਗਸਤ (ਸ.ਬ.) ਪੰਜਾਬ ਸਿਵਲ ਸਕੱਤਰੇਤ ਅਤੇ ਚੰਡੀਗੜ੍ਹ-ਮੁਹਾਲੀ ਸਥਿਤ ਸਰਕਾਰ ਦੇ ਸਮੂਹ ਦਫ਼ਤਰਾਂ ਦੇ ਮੁਲਾਜ਼ਮ, ”ਕਲਮ-ਛੱਡੋ ਹੜਤਾਲ” ਤੇ ਚਲੇ ਗਏ ਹਨ| ਪੰਜਾਬ ਰਾਜ ਮਨਿਸਟੀਰੀਅਲ ਸਰਵਿਸ ਯੂਨੀਅਨ (ਪੀ.ਐਸ.ਐਮ.ਐਸ.ਯੂ.) ਦੇ ਸੱਦੇ ਤੇ ਆਰੰਭੀ ਗਈ ਇਸ ਹੜਤਾਲ ਦੌਰਾਨ ਸਕੱਤਰੇਤ ਦੇ ਮੁਲਾਜ਼ਮਾਂ  ਨੇ ਸਕੱਤਰੇਤ ਵਿਖੇ ਸਥਿਤ ਕੈਬਨਿਟ ਮੰਤਰੀਆਂ ਦੇ ਦਫ਼ਤਰਾਂ ਵਿੱਚ ਜਾ ਕੇ ਉੱਥੇ ਹੋ ਰਿਹਾ ਦਫ਼ਤਰੀ ਕੰਮਕਾਜ ਵੀ ਬੰਦ ਕਰਵਾ ਦਿੱਤਾ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ. ਦੇ ਕਨਵੀਨਰ ਅਤੇ ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਸ. ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਜਿਵੇਂ ਹੀ ਸਰਕਾਰ ਦੇ ਡਾਇਰੈਕਟੋਰੇਟਾਂ ਦੇ ਮੁਲਾਜ਼ਮਾਂ ਨੂੰ ਸਕੱਤਰੇਤ ਵਿਚ ਹੋ ਰਹੇ ਐਕਸ਼ਨ ਬਾਰੇ ਪਤਾ ਲੱਗਾ, ਸਮੂਹ ਡਾਇਰੈਕਟੋਰੇਟਾਂ ਦੇ ਮੁਲਾਜ਼ਮਾਂ ਨੇ ਵੀ ਦਫ਼ਤਰੀ ਕੰਮਕਾਜ ਠੱਪ ਕਰ ਦਿੱਤਾ| ਉਹਨਾਂ ਕਿਹਾ ਕਿ ਸਰਕਾਰ ਵਲੋਂ ਹਾਲ ਹੀ ਵਿਚ ਮੁਲਾਜ਼ਮਾਂ ਦੇ ਮੋਬਾਈਲ ਭੱਤੇ ਵਿਚ ਕਟੌਤੀ, ਨਵੀਂ ਭਰਤੀ ਸੈਂਟਰਲ ਤਨਖਾਹ ਨਿਯਮਾਂ ਅਨੁਸਾਰ ਕਰਨ ਅਤੇ ਰੀ-ਸਟ੍ਰਕਚਰਿੰਗ ਬਾਰੇ ਜੋ ਮਾਰੂ ਫੈਸਲੇ ਲਏ ਗਏ ਹਨ, ਉਨ੍ਹਾਂ ਕਾਰਨ                ਸਕੱਤਰੇਤ ਦੇ ਮੁਲਾਜ਼ਮਾਂ ਵਿਚ ਸਰਕਾਰ ਖਿਲਾਫ਼ ਕਾਫੀ ਰੋਹ ਹੈ ਅਤੇ ਮੁਲਾਜ਼ਮਾਂ ਨੇ ਸਕੱਤਰੇਤ ਦੇ ਰੈਂਪਾਂ ਤੇ ਮਾਰਚ ਕਰਦਿਆਂ ਸਰਕਾਰ ਵਿਰੁੱਧ ਨਾਅਰੇ ਲਾਏ|
ਉਹਨਾਂ ਦੱਸਿਆ ਕਿ ਇਹ ਕਲਮ-ਛੱਡੋ ਹੜਤਾਲ 14 ਅਗਸਤ ਤੱਕ ਇਸੇ ਤਰ੍ਹਾਂ ਜਾਰੀ ਰਹੇਗੀ ਜਦੋਂਕਿ ਸਮੂਹ ਡੀ.ਸੀ. ਦਫ਼ਤਰਾਂ ਵਿਚ 6 ਅਗਸਤ ਤੋਂ ਪਹਿਲਾਂ ਹੀ ਹੜਤਾਲ ਜਾਰੀ ਹੈ| ਖਹਿਰਾ ਨੇ ਕਿਹਾ ਕਿ 18 ਅਗਸਤ ਨੂੰ ਮੁਲਾਜ਼ਮਾਂ ਵੱਲੋਂ ਪੂਰਨ ਤੌਰ ਤੇ ਪੰਜਾਬ ਬੰਦ ਕੀਤਾ ਜਾਵੇਗਾ, ਜਿਸ ਤਹਿਤ ਵੱਖ ਵੱਖ ਥਾਂਵਾਂ ਤੇ ਚੱਕੇ ਜਾਮ ਕੀਤੇ ਜਾਣਗੇ|
ਇਸ ਦੌਰਾਨ ਮੁਲਾਜਮ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਆਪਣੇ ਉਪਰੋਕਤ ਫੈਸਲਿਆਂ ਸੰਬੰਧੀ ਜਾਰੀ ਕੀਤੀਆਂ ਚਿੱਠੀਆਂ ਵਾਪਿਸ ਲਵੇ, 6ਵਾਂ ਤਨਖਾਹ ਕਮਿਸ਼ਨ ਲਾਗੂ ਕਰੇ, ਡੀ.ਏ. ਦੇ ਬਕਾਏ ਜਾਰੀ ਕਰੇ, ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕੀਤੀ ਜਾਵੇ, ਪਰਖਕਾਲ ਦਾ ਸਮਾਂ ਘਟਾਇਆ ਜਾਵੇ ਅਤੇ ਪ੍ਰੋਬੇਸ਼ਨ ਦੌਰਾਨ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਸਬੰਧੀ                  ਨੋਟੀਫਿਕੇਸ਼ਨ/ਪੱਤਰ ਜਾਰੀ ਕੀਤੇ ਜਾਣ|

Leave a Reply

Your email address will not be published. Required fields are marked *