ਪੰਜਾਬ ਸਿਹਤ ਵਿਭਾਗ ਦੀ ਕਾਰਵਾਈ ਤੋਂ ਪ੍ਰਭਾਵਿਤ ਹੋਏ ਚਾਰ ਸੂਬਿਆਂ ਦੇ ਸਿਹਤ ਅਧਿਕਾਰੀ

ਐਸ.ਏ.ਐਸ.ਨਗਰ, 20 ਜੂਨ (ਸ.ਬ.) ਮੇਘਾਲਿਆ, ਤੇਲੰਗਾਨਾ, ਉੜੀਸਾ ਤੇ ਪੁੱਡੂਚੇਰੀ ਤੋਂ ਆਏ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪੰਜਾਬ ਵਿੱਚ ਤੰਬਾਕੂ ਦੀ ਰੋਕਥਾਮ ਲਈ ਕੀਤੇ ਜਾਂਦੇ ਉਪਰਾਲਿਆਂ ਨੂੰ ਅੱਖੀਂ ਵੇਖਿਆ ਅਤੇ ਕਿਹਾ ਕਿ ਉਨ੍ਹਾਂ ਦੇ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਤੰਬਾਕੂ ਰੋਕਥਾਮ ਦਾ ਕੰਮ ਬਿਹਤਰ ਢੰਗ ਨਾਲ ਚੱਲ ਰਿਹਾ ਹੈ| ਤੰਬਾਕੂ ਕੰਟਰੋਲ ਬਾਰੇ ਪੀਜੀਆਈ ਵਿੱਚ ਸ਼ੁਰੂ ਹੋਈ ਦੋ ਰੋਜ਼ਾ ਵਿਸ਼ੇਸ਼ ਟਰੇਨਿੰਗ ਵਿਚ ਵੱਖ-ਵੱਖ ਸੂਬਿਆਂ ਦੇ ਸਿਹਤ ਅਧਿਕਾਰੀ ਹਿੱਸਾ ਲੈ ਰਹੇ ਹਨ| ਸਿਵਲ ਸਰਜਨ ਐਸ.ਏ.ਐਸ. ਨਗਰ ਡਾ. ਰੀਟਾ ਭਾਰਦਵਾਜ, ਜਿਨ੍ਹਾਂ ਨੂੰ ਇਸ ਟਰੇਨਿੰਗ ਵਿਚ ਗੈਸਟ ਆਫ਼ ਆਨਰ ਵਜੋਂ ਸੱਦਾ ਦਿਤਾ ਗਿਆ ਸੀ, ਨੇ ਜ਼ਿਲ੍ਹਾ ਐਸ.ਏ.ਐਸ ਨਗਰ ਵਿਚ ਤੰਬਾਕੂ ਰੋਕਥਾਮ ਦੇ ਉਪਰਾਲਿਆਂ, ਭਵਿੱਖੀ ਯੋਜਨਾਵਾਂ ਅਤੇ ਚੁਣੌਤੀਆਂ ਬਾਰੇ ਵਿਸਥਾਰ ਨਾਲ ਦੱਸਿਆ|
ਮੇਘਾਲਿਆ ਦੇ ਡਾ. ਸਟਾਰ ਪਾਲਾ ਨੇ ਕਿਹਾ ਕਿ ਉਹ ਪੰਜਾਬ ਵਿੱਚ ਤੰਬਾਕੂ ਰੋਕਥਾਮ ਕਾਨੂੰਨ ਦੀ ਪਾਲਣਾ ਲਈ ਕੀਤੀਆਂ ਜਾ ਰਹੀਆਂ ਸਿਹਤ ਵਿਭਾਗ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋਏ ਹਨ ਕਿਉਂਕਿ ਉਨ੍ਹਾਂ ਦੇ ਸੂਬੇ ਵਿਚ ਇਸ ਕਾਨੂੰਨ ਨੂੰ ਏਨੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ| ਉਨ੍ਹਾਂ ਕਿਹਾ ਕਿ ਉਹ ਅਪਣੇ ਸੂਬੇ ਵਿਚ ਜਾ ਕੇ ਉਥੋਂ ਦੇ ਸਬੰਧਤ ਅਧਿਕਾਰੀਆਂ ਨਾਲ ਪੰਜਾਬ ਵਿੱਚ ਕੀਤੀ ਜਾ ਰਹੀ ਕਾਰਵਾਈ ਬਾਰੇ ਵਿਚਾਰ ਵਟਾਂਦਰਾ ਕਰਨਗੇ| ਡਾ. ਭਾਰਦਵਾਜ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਸਾਂਝੀ ਟੀਮ ਨੇ ਤੰਬਾਕੂ ਰੋਕਥਾਮ ਕਾਨੂੰਨ ਦੀ ਉਲੰਘਣਾ ਕਰ ਕੇ ਤੰਬਾਕੂ ਪਦਾਰਥ ਵੇਚਣ ਦੇ ਦੋਸ਼ ਹੇਠ ਦੁਕਾਨਦਾਰਾਂ ਦੇ 17 ਚਲਾਨ ਕੱਟੇ ਤੇ 3700 ਰੁਪਏ ਜੁਰਮਾਨੇ ਵਜੋਂ ਵਸੂਲੇ ਗਏ| ਉਹਨਾਂ ਦੱਸਿਆ ਕਿ ਟੀਮ ਨੇ ਸਿਗਰਟ ਤੇ ਹੋਰ ਤੰਬਾਕੂ ਪਦਾਰਥ ਵੇਚਣ ਵਾਲੀਆਂ ਦੁਕਾਨਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਦੀ ਅਚਨਚੇਤ ਚੈਕਿੰਗ ਕੀਤੀ| ਕਈ ਰੇਹੜੀ-ਫੜ੍ਹੀ ਵਾਲਿਆਂ ਦੁਆਰਾ ਖੁਲ੍ਹੀ ਸਿਗਰਟ ਵੇਚੀ ਜਾ ਰਹੀ ਸੀ| ਇਸ ਮੌਕੇ ਦੁਕਾਨਦਾਰਾਂ ਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਦਸਿਆ ਗਿਆ ਕਿ ਤੰਬਾਕੂ ਪਦਾਰਥਾਂ ਦੀ ਵਿਕਰੀ ਲਈ ਉਨ੍ਹਾਂ ਵੱਲੋਂ ਕਿਹੜੇ-ਕਿਹੜੇ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਲਾਜ਼ਮੀ ਹੈ|

Leave a Reply

Your email address will not be published. Required fields are marked *