ਪੰਡਤਰਾਓ ਧਰੇਨਵਰ ਵਲੋਂ ਹੋਮਲੈਂਡ ਹਾਈਟਸ ਦੇ ਪ੍ਰਬੰਧਕਾਂ ਤੋਂ ਲੱਚਰਤਾ ਫੈਲਾਉਣ ਵਾਲੇ ਗਾਇਕਾਂ ਤੋਂ ਰਿਹਾਇਸ਼ ਖਾਲੀ ਕਰਵਾਉਣ ਦੀ ਮੰਗ

ਐਸ ਏ ਐਸ ਨਗਰ, 5 ਜਨਵਰੀ (ਸ.ਬ.) ਅਸ਼ਲੀਲ ਪੰਜਾਬੀ ਗਾਇਕੀ ਦੇ ਖਿਲਾਫ ਮੁਹਿੰਮ ਚਲਾ ਰਹੇ ਪ੍ਰੋ. ਪੰਡਤਰਾਓ ਧਰੇਨਵਰ ਵਲੋਂ ਸਥਾਨਕ ਸੈਕਟਰ 70 ਵਿੱਚ ਸਥਿਤ ਹੋਮਲੈਂਡ ਹਾਈਟਸ ਦੇ ਪ੍ਰਬੰਧਕਾਂ ਨੂੰ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਲੱਚਰ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਣੇ ਲਿਖਣ, ਗਾਉਣ ਅਤੇ ਰਿਕਾਰਡ ਕਰਨ ਵਾਲੇ ਜਿਹੜੇ ਗਾਇਕਾਂ, ਗੀਤਕਾਰਾਂ ਅਤੇ ਰਿਕਾਰਡਿੰਗ ਕੰਪਨੀਆਂ ਦੇ ਮਾਲਕਾਂ ਨੇ ਹੋਮਲੈਂਡ ਹਾਈਟਸ ਵਿੱਚ ਰਿਹਾਇਸ਼ ਕੀਤੀ ਹੋਈ ਹੈ, ਉਹਨਾਂ ਤੋਂ ਉਹਨਾਂ ਦੀ ਰਿਹਾਇਸ਼ ਖਾਲੀ ਕਰਵਾ ਲਈ ਜਾਵੇ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਪੰਡਤਰਾਓ ਧਰੇਨਵਰ ਨੇ ਕਿਹਾ ਕਿ ਹੋਮਲੈਂਡ ਹਾਈਟਸ ਵਿੱਚ ਅਨੇਕਾਂ ਹੀ ਅਜਿਹੇ ਗਾਇਕਾਂ, ਗੀਤਕਾਰਾਂ ਅਤੇ ਰਿਕਾਰਡਿੰਗ ਕੰਪਨੀਆਂ ਦੇ ਮਾਲਕਾਂ ਨੇ ਆਪੋ ਆਪਣੀ ਰਿਹਾਇਸ਼ ਰੱਖੀ ਹੋਈ ਹੈ, ਜੋ ਕਿ ਲੱਚਰ, ਹਥਿਆਰਾਂ ਅਤੇ ਸ਼ਰਾਬ ਪੀਣ ਨੂੰ ਉਕਸਾਉਣ ਵਾਲੇ ਗਾਣੇ ਲਿਖਦੇ, ਗਾਉਂਦੇ ਅਤੇ ਰਿਕਾਰਡ ਕਰਦੇ ਹਨ| ਇਹ ਵਿਅਕਤੀ ਅਸਲ ਵਿੱਚ ਸਮਾਜ ਵਿੱਚ ਗੰਦਗੀ ਫੈਲਾਉਂਦੇ ਹਨ ਅਤੇ ਨੌਜਵਾਨਾਂ ਨੂੰ ਕੁਰਾਹੇ ਪਾਉਂਦੇ ਹਨ|
ਉਹਨਾਂ ਕਿਹਾ ਕਿ ਜੇ ਹੋਮਲਂੈਡ ਹਾਈਟਸ ਦੇ ਪ੍ਰਬੰਧਕਾਂ ਵਲੋਂ ਅਜਿਹੇ ਵਿਅਕਤੀਆਂ ਨੂੰ ਬਾਹਰ ਨਾ ਕੱਢਿਆ ਗਿਆ ਤਾਂ ਹੋਮਲੈਂਡ ਹਾਈਟਸ ਦੇ ਪ੍ਰਬੰਧਕ ਵੀ ਕਿਸੇ ਕਾਨੂੰਨੀ ਚੱਕਰ ਵਿੱਚ ਫਸ ਕੇ ਅਦਾਲਤਾਂ ਦੇ ਚੱਕਰ ਲਗਾਉਣ ਲਈ ਮਜਬੂਰ ਹੋਣਗੇ| ਉਹਨਾਂ ਹੋਮਲੈਂਡ ਹਾਈਟਸ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਗੰਦੇ ਤੇ ਹਿੰਸਾ ਭੜਕਾਉਣ ਵਾਲੇ ਗਾਣੇ ਲਿਖਣ, ਗਾਉਣ ਅਤੇ ਰਿਕਾਰਡ ਕਰਨ ਵਾਲਿਆਂ ਨੂੰ ਹੋਮਲੈਂਡ ਹਾਈਟਸ ਵਿਚੋਂ ਬਾਹਰ ਕਢ ਕੇ ਇਨਾਂ ਦੀ ਆਮਦ ਉਪਰ ਪੱਕੀ ਰੋਕ ਲਗਾਈ ਜਾਵੇ|

Leave a Reply

Your email address will not be published. Required fields are marked *