ਪੰਥਕ ਅਤੇ ਸਿਧਾਂਤਕ ਮਸਲਿਆਂ ਵਿੱਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਸ੍ਰ: ਬਡੂੰਗਰ ਠੋਸ ਕਦਮ ਚੁੱਕਣ : ਹਰਦੀਪ ਸਿੰਘ

ਐਸ ਏ ਐਸ ਨਗਰ, 7 ਫਰਵਰੀ (ਸ.ਬ.) ਸ਼੍ਰੋਮਣੀ ਕਮੇਟੀ ਦੇ ਅਜਾਦ ਮੈਂਬਰ ਅਤੇ ਸਿੰਘ ਸਭਾ ਪੰਜਾਬ ਦੇ ਕਨਵੀਨਰ ਸ੍ਰ: ਹਰਦੀਪ ਸਿੰਘ ਨੇ ਸ੍ਰ: ਕਿਰਪਾਲ ਸਿੰਘ ਬਡੂੰਗਰ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਮਿਲਕੇ ਪੰਥਕ ਅਤੇ ਸਿਧਾਂਤਕ ਮਸਲਿਆਂ ਵਿੱਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ| ਉਨ੍ਹਾਂ ਕਿਹਾ ਕਿ ਰਾਜਸੀ ਅਧੀਨਗੀ ਕਰਕੇ ਸ੍ਰੀ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਕੀਤੇ ਜਾ ਰਹੇ ਗਲਤ ਫੈਸਲਿਆਂ ਕਰਕੇ ਜਿੱਥੇ ਪ੍ਰਬੰਧਕਾਂ ਪ੍ਰਤੀ ਸਿੱਖ ਕੌਮ ਦਾ ਰੋਹ ਵੱਧ ਰਿਹਾ ਹੈ ਉੱਥੇ ਇਨ੍ਹਾਂ ਸੰਸਥਾਵਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ| ਪ੍ਰਬੰਧ ਨੂੰ ਸੁਧਾਰਨਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਨ ਸਨਮਾਨ ਨੂੰ ਬਹਾਲ ਕਰਨਾ, ਮੌਜੂਦਾ ਪ੍ਰਧਾਨ ਸ੍ਰ: ਬਡੂੰਗਰ ਦੇ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ| ਉਨ੍ਹਾਂ ਦੁਖ ਜਾਹਰ ਕਰਦਿਆਂ ਕਿਹਾ ਕਿ ਹਾਲ ਵਿੱਚ ਹੋਈਆਂ ਚੋਣਾਂ ਦੇ ਦੌਰਾਨ ਪੰਥਕ ਕਹਾਉਣ ਵਾਲਿਆਂ ਵੱਲੋਂ ਚੁੱਕੇ ਗਏ ਪੰਥ ਵਿਰੋਧੀ ਕਦਮ ਸਿੱਖ ਕੌਮ ਨੂੰ ਹੋਰ ਨਿਘਾਰ ਵੱਲ ਲੈਕੇ ਗਏ ਹਨ|
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਿੰਦੀ ਵਿੱਚ ਛਾਪੀ ਗੁਰੂ ਨਿੰਦਕ ਕਿਤਾਬ ਬਾਰੇ ਸਾਲਾਂ ਤੋਂ ਤੱਥ ਪੇਸ਼ ਨਾ ਕੀਤੇ ਜਾਣਾ ਬਹੁਤ ਦੁਖਦਾਈ ਹੈ| ਗੁਰਦੁਆਰਾ ਸਾਹਿਬਾਨਾਂ ਵਿੱਚ ਅਣਮਤੀ ਤਸਵੀਰਾਂ ਤੇ ਚਿੰਨ੍ਹਾਂ ਦਾ ਚਲਨ ਅਤੇ ਸਿੱਖ ਸਿਧਾਂਤਾਂ ਤੋਂ ਉਲਟ ਕਾਰਵਾਈਆਂ ਨੂੰ ਤੁਰੰਤ ਰੋਕਣ ਦੀ ਲੋੜ ਹੈ| ਸ੍ਰ: ਹਰਦੀਪ ਸਿੰਘ ਨੇ ਕਿਹਾ ਕਿ ਉਪਰੋਕਤ ਮੁੱਦਿਆਂ ਬਾਰੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਵੀ ਮੰਗ ਕੀਤੀ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ|
ਸ੍ਰ: ਹਰਦੀਪ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਸਥਾਨਕ ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਅਤੇ ਇਸ ਥਾਂ ਤੇ ਨਿਰਧਾਰਤ ਕੀਤੇ ਗਏ ਇੰਸਟੀਚੀਊਟ ਇਲਾਕੇ ਤੋਂ ਖੋਹਕੇ ਹੋਰ ਇਲਾਕਿਆਂ ਵਿੱਚ ਭੇਜੇ ਗਏ ਹਨ| ਉਨ੍ਹਾਂ ਕਿਹਾ ਕਿ ਗੁਰਦੁਆਰਾ ਅੰਬ ਸਾਹਿਬ ਦੀ ਜਾਇਦਾਦ ਅਤੇ ਸਾਧਨ ਇਸੇ ਇਲਾਕੇ ਵਿੱਚ ਵਰਤੇ ਜਾਣ ਅਤੇ ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਵਿੱਚ ਹਸਪਤਾਲ ਆਦਿ ਲੋਕ ਭਲਾਈ ਦਾ ਕਾਰਜ ਸ਼ੁਰੂ ਹੋਵੇ|
ਸਿਰੋਪਾਓ ਲੈਣ ਤੋਂ ਇਨਕਾਰ ਕਰਨ ਬਾਰੇ ਸ੍ਰ: ਹਰਦੀਪ ਸਿੰਘ ਨੇ ਕਿਹਾ ਕਿ ਅੱਜੋਕੇ ਸਮੇਂ ਵਿੱਚ ਸਿਰੋਪਾਓ ਦੀ ਚਲ ਰਹੀ ਦੁਰਵਰਤੋਂ ਨੇ ਇਸ ਵੱਡਮੁੱਲੀ ਦਾਤ ਨੂੰ ਬਹੁਤ ਛੋਟਾ ਕਰ ਦਿੱਤਾ ਹੈ| ਸਿਰੋਪਾਓ ਦੀ ਬਖਸ਼ਿਸ਼            ਕੇਵਲ ਕੌਮ ਲਈ ਕੀਤੀ ਕਿਸੇ ਵਿਸ਼ੇਸ਼             ਸੇਵਾ ਬਦਲੇ ਹੀ ਹੋਣੀ ਚਾਹੀਦੀ ਹੈ|

Leave a Reply

Your email address will not be published. Required fields are marked *