ਪੰੰਜਾਬ ਦੇ ਕਈ ਇਲਾਕਿਆਂ ਵਿੱਚ ਦੇਰ ਰਾਤ ਤੋਂ ਰੁਕ ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ

ਐਸ ਏ ਐਸ ਨਗਰ, 12 ਫਰਵਰੀ (ਸ.ਬ.) ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਬੀਤੀ ਰਾਤ ਤੋਂ ਭਾਰੀ ਬਾਰਿਸ਼ ਹੋ ਰਹੀ ਹੈ ਅਤੇ ਦੇਰ ਰਾਤ ਅਰੰਭ ਹੋਈ ਇਸ ਬਰਸਾਤ ਨਾਲ ਤਾਪਮਾਨ ਵਿੱਚ ਕਾਫੀ ਕਮੀ ਦਰਜ ਕੀਤੀ ਗਈ ਹੈ| ਬੀਤੀ ਸ਼ਾਮ ਤੋਂ ਹੀ ਪਹਾੜਾਂ ਨਾਲ ਲੱਗਦੇ ਇਲਾਕਿਆਂ ਵਿੱਚ ਮਿੱਟੀ ਨਾਲ ਭਰੀਆਂ ਹਵਾਵਾਂ ਚਲਣ ਲੱਗ ਗਈਆਂ ਸਨ| ਦੇਰ ਰਾਤ ਕਈ ਇਲਾਕਿਆਂ ਵਿੱਚ ਬਰਸਾਤ ਆਰੰਭ ਹੋ ਗਈ ਜਿਹੜੀ ਅੱਜ ਸਾਰਾ ਦਿਨ ਵੀ ਜਾਰੀ ਰਹੀ|
ਲਗਾਤਾਰ ਹੋ ਰਹੀ ਇਸ ਬਰਸਾਤ ਕਾਰਨ ਤਾਪਮਾਨ ਵਿੱਚ ਕਰੀਬ 8 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਹੈ| ਮੌਸਮ ਵਿਭਾਗ ਮੁਤਾਬਕ ਹਵਾ ਦੇ ਘੱਟ ਦਬਾਅ ਦਾ ਖੇਤਰ ਬਣਿਆ ਹੋਇਆ ਹੈ ਅਤੇ ਇਸਦੇ ਹੁਣੇ ਜਾਰੀ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਜਿਸ ਕਾਰਨ ਅਗਲੇ 24 ਘੰਟਿਆਂ ਦੌਰਾਨ ਤੇਜ ਬਰਸਾਤ ਅਤੇ ਗੜ੍ਹੇਮਾਰੀ ਹੋ ਸਕਦੀ ਹੈ|
ਅੱਜ ਸਵੇਰ ਤੋਂ ਹੀ ਮੁਹਾਲੀ ਸ਼ਹਿਰ ਵਿੱਚ ਵੀ ਰੁਕ ਰੁਕ ਕੇ ਬਰਸਾਤ ਹੁੰਦੀ ਰਹੀ ਅਤੇ ਠੰਡ ਦਾ ਜੋਰ ਵੱਧਣ ਕਾਰਨ ਜਿਆਦਾਤਰ ਲੋਕ ਆਪਣੇ ਘਰਾਂ ਵਿੱਚ ਹੀ ਵੜੇ ਰਹੇ| ਦੇਰ ਰਾਤ ਤੋਂ ਚਲਦੀ ਇਸ ਬਰਸਾਤ ਕਾਰਨ ਅੱਜ ਸਕੂਲਾਂ ਵਿੱਚ ਵੀ ਹਾਜਰੀ ਘੱਟ ਹੀ ਰਹੀ ਅਤੇ ਇਸ ਦੌਰਾਨ ਮਾਰਕੀਟਾਂ ਦੀ ਰੌਣਕ ਵੀ ਪੂਰੀ ਤਰ੍ਹਾਂ ਗਾਇਬ ਰਹੀ| ਮੀਂਹ ਪੈਣ ਕਾਰਨ ਦੁਕਾਨਦਾਰਾਂ ਨੇ ਵੀ ਰੋਜ ਵਾਂਗ ਦੁਕਾਨਾਂ ਦੇ ਬਾਹਰ ਸਾਮਾਨ ਨਹੀਂ ਸਜਾਇਆ ਅਤੇ ਗ੍ਰਾਹਕਾਂ ਦੇ ਮਾਰਕੀਟ ਵਿੱਚ ਨਾ ਆਉਣ ਕਾਰਨ ਦੁਕਾਨਦਾਰਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ| ਇਸ ਦੌਰਾਨ ਵੈਲੇਂਟਾਈਨ ਡੇ ਨਾਲ ਸੰਬੰਧਿਤ ਸਾਮਾਨ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਦੇ ਚਿਹਰੇ ਪੂਰੀ ਤਰ੍ਹਾਂ ਮੁਰਝਾਏ ਨਜਰ ਆਏ|
ਮੌਸਮ ਵਿਭਾਗ ਅਨੁਸਾਰ ਬਰਸਾਤ ਦੇ ਜਾਰੀ ਰਹਿਣ ਕਾਰਨ ਦਿਨ ਅਤੇ ਰਾਤ ਦਾ ਤਾਪਮਾਨ ਹੋਰ ਡਿੱਗ ਸਕਦਾ ਹੈ| ਇਸ ਦੌਰਾਨ ਮੌਸਮ ਵਿਭਾਗ ਵਲੋਂ ਸ਼ਿਮਲਾ ਸਮੇਤ ਹਿਮਾਚਲ ਦੇ 6 ਜ਼ਿਲ੍ਹਿਆਂ ਵਿੱਚ ਬਰਫੀਲੇ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਹੈ| ਇਥੋਂ ਦੇ ਯੇਪਨ ਪੀਕ, ਕੁੰਜੁਮ ਦਰਰਾ, ਰੋਹਤਾਂਗ, ਬਾਰਾਲਾਚਾ, ਸਪਤ ਰਿਸ਼ੀ ਅਤੇ ਲੇਡੀ ਆਫ ਕੇਲਾਂਗ ਵਿੱਚ ਰੁੱਕ-ਰੁੱਕ ਕੇ ਬਰਫਬਾਰੀ ਜਾਰੀ ਹੈ|

Leave a Reply

Your email address will not be published. Required fields are marked *