ਪੱਕੀ ਰੁੜਕੀ ਦੇ ਫੋਕਲ ਪੁਆਇੰਟ ਦੀ ਮੰਡੀ ਨੂੰ 22 ਸਾਲਾਂ ਬਾਅਦ ਜੁੜੀ ਜਿਣਸ


ਖਰੜ, 27 ਅਕਤੂਬਰ (ਸ਼ਮਿੰਦਰ ਸਿੰਘ) ਖਰੜ ਤੋਂ ਮੋਰਿੰਡਾ ਨੂੰ ਜਾਂਦੇ ਕੌਮੀ ਮਾਰਗ ਤੇ ਪੈਂਦੇ ਪਿੰਡ ਪੱਕੀ ਰੁੜਕੀ ਦੇ ਫੋਕਲ ਪੁਆਇੰਟ ਵਿਚਲੀ ਮੰਡੀ ਨੂੰ 22 ਸਾਲਾਂ ਬਾਅਦ ਜਿਣਸ ਨਸੀਬ ਹੋਈ ਹੈ| ਚਾਰ ਏਕੜ ਥਾਂ ਵਿੱਚ ਬਣੇ ਹੋਏ ਤੇ ਖੰਡਰ ਬਣ ਚੁੱਕੇ ਫੋਕਲ ਪੁਆਇੰਟ ਵਿੱਚ ਮੰਡੀ ਲਈ ਬਣੇ ਪੱਕੇ ਫੜਾਂ ਉਤੇ ਪਹਿਲੀ ਵਾਰ ਮਾਰਕੀਟ ਕਮੇਟੀ ਖਰੜ ਵੱਲੋਂ ਝੋਨੇ ਦੀ ਖ੍ਰੀਦ ਆਰੰਭ ਕਰਾਈ ਗਈ ਹੈ|
ਇਸ ਮੰਡੀ ਦਾ ਦੌਰਾ ਕਰਨ ਆਏ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ  ਦੱਸਿਆ ਕਿ ਇਸ ਫ਼ੋਕਲ ਪੁਆਇੰਟ ਦਾ ਨੋਟੀਫਿਕੇਸ਼ਨ 1978 ਵਿਚ ਜਾਰੀ ਹੋਇਆ ਸੀ ਅਤੇ ਇਹ 1998 ਵਿਚ ਬਣ ਕੇ ਤਿਆਰ ਹੋਇਆ ਸੀ| ਮੰਡੀ ਵਿੱਚ ਐਫਸੀਆਈ ਵੱਲੋਂ ਝੋਨੇ ਦੀ ਖ੍ਰੀਦ ਕੀਤੀ ਜਾ ਰਹੀ ਹੈ|
ਉਹਨ ਦੱਸਿਆ ਕਿ ਇੱਥੇ ਹੁਣ ਤੱਕ 26 ਹਜਾਰ ਕੁਵਿੰਟਲ ਦੇ ਕਰੀਬ ਝੋਨੇ ਦੀ ਖ੍ਰੀਦ ਹੋ ਚੁੱਕੀ ਹੈ| ਖ੍ਰੀਦੇ ਗਏ ਝੋਨੇ ਦੀ ਨਾਲੋ ਨਾਲ ਭਰਾਈ ਦੇ ਨਾਲ 23 ਹਜਾਰ ਕੁਵਿੰਟਲ ਤੋਂ ਵਧੀਕ ਦੀ ਲਿਫਟਿੰਗ ਵੀ ਹੋ ਗਈ ਹੈ| ਉਹਨਾਂ ਦੱਸਿਆ ਕਿ ਪੱਕੀ ਰੁੜਕੀ ਦੀ ਮੰਡੀ ਚਾਲੂ ਹੋਣ ਨਾਲ ਇਸਦੇ ਨਾਲ ਲੱਗਦੇ ਦਰਜਨ ਦੇ ਕਰੀਬ ਪਿੰਡਾਂ ਦੇ  ਕਿਸਾਨਾਂ ਨੂੰ ਫਾਇਦਾ ਹੋਇਆ ਹੈ ਤੇ ਕਿਸਾਨਾਂ ਨੂੰ ਆਪਣਾ ਝੋਨਾ ਕੁਰਾਲੀ ਜਾਂ ਖਰੜ ਦੀ ਮੰਡੀ ਵਿੱਚ ਲਿਜਾਉਣ ਤੋਂ ਛੁਟਕਾਰਾ ਹਾਸਿਲ ਹੋਇਆ ਹੈ| 
ਇਸ ਦੌਰਾਨ ਸ੍ਰੀ ਮੱਛਲੀ ਕਲਾਂ ਨੇ ਖ੍ਰੀਦ ਏਜੰਸੀਆਂ ਦੇ ਕਰਮਚਾਰੀਆਂ ਅਤੇ ਆੜਤੀਆਂ ਨਾਲ ਮੀਟਿੰਗ ਕਰਕੇ ਖ੍ਰੀਦ ਦਾ ਜਾਇਜਾ ਲਿਆ| ਉਨ੍ਹਾਂ ਝੋਨਾ ਵੇਚਣ ਆਏ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ| ਕਿਸਾਨਾਂ ਅਤੇ ਆੜਤੀਆਂ ਦੀ ਮੰਗ ਉੱਤੇ ਉਨ੍ਹਾਂ ਮੰਡੀ ਨੂੰ ਪੱਕੀ ਸੜਕ ਨਾਲ ਜੋੜਨ ਵਾਲੇ 900 ਮੀਟਰ ਦੇ ਕਰੀਬ ਸੜਕ ਦੇ ਕੱਚੇ ਟੋਟੇ ਨੂੰ ਪੱਕਾ ਕਰਾਉਣ ਲਈ ਐਸਟੀਮੇਟ ਬਣਾਕੇ ਮੰਡੀਬੋਰਡ ਨੂੰ ਭੇਜਣ ਦਾ ਐਲਾਨ ਕੀਤਾ| 
ਇਸ ਮੌਕੇ ਅਮਰਜੀਤ ਸਿੰਘ ਸਰਪੰਚ ਪੱਕੀ ਰੁੜਕੀ, ਡੀ.ਏ. ਗੋਪਾਲ ਇੰਸਪੈਕਟਰ ਐਫ਼.ਸੀ.ਆਈ., ਮੰਡੀ ਸੁਪਰਵਾਇਜ਼ਰ ਹਰਜੀਤ ਸਿੰਘ, ਆਕਸ਼ਨ ਰੀਕਾਰਡਰ ਜਸਪ੍ਰੀਤ ਸਿੰਘ, ਜ਼ਿਮੀਂਦਾਰਾ ਟਰੇਡਿੰਗ ਦੇ ਮਾਲਕ ਤਜਿੰਦਰ ਸਿੰਘ, ਅਮਨਿੰਦਰ ਸਿੰਘ ਤੇ ਹੋਰ ਕਿਸਾਨ ਅਤੇ ਪਤਵੰਤੇ ਮੌਜੂਦ ਸਨ| 

Leave a Reply

Your email address will not be published. Required fields are marked *