ਪੱਖਪਾਤੀ ਢੰਗ ਨਾਲ ਕੰਮ ਕਰ ਰਹੇ ਹਨ ਨਿਗਮ ਦੇ ਅਧਿਕਾਰੀ : ਸਾਬਕਾ ਅਕਾਲੀ ਕੌਂਸਲਰ ਸਥਾਨਕ ਸਰਕਾਰ ਵਿਭਾਗ ਦੇ ਪਿ੍ਰੰਸੀਪਲ ਸਕੱਤਰ ਨੂੰ ਸ਼ਿਕਾਇਤ ਦੇ ਕੇ ਨਿਗਮ ਅਧਿਕਾਰੀਆਂ ਖਿਲਾਫ ਕਾਰਵਾਈ ਮੰਗੀ, ਅਧਿਕਾਰੀਆਂ ਨੇ ਦੋਸ਼ ਨਕਾਰੇ


ਐਸ ਏ ਐਸ ਨਗਰ, 30 ਦਸੰਬਰ (ਸ਼ਬ ਨਗਰ ਨਿਗਮ ਦੇ ਸਾਬਕਾ ਕੌਂਸਲਰਾਂ ਪਰਮਜੀਤ ਸਿੰਘ ਕਾਹਲੋਂ, ਆਰ ਪੀ ਸ਼ਰਮਾ, ਗੁਰਮੁਖ ਸਿੰਘ ਸੋਹਲ, ਸੁਖਦੇਵ ਸਿੰਘ ਪਟਵਾਰੀ, ਗੁਰਮੀਤ ਕੌਰ ਅਤੇ ਅਕਾਲੀ ਆਗੂ ਹਰਬਿੰਦਰ ਸਿੰਘ ਨੇ ਇਲਜਾਮ ਲਗਾਇਆ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਸਿਆਸੀ ਦਬਾਓ ਹੇਠ ਆ ਕੇ ਸਾਬਕਾ ਅਕਾਲੀ ਅਤੇ ਭਾਜਪਾ ਕੌਂਸਲਰਾਂ ਦੇ ਵਾਰਡਾਂ ਦੇ ਵਿਕਾਸ ਕਾਰਜਾਂ ਵਿੱਚ ਰੁਕਾਵਟਾਂ ਪਾ ਰਹੇ ਹਨ। ਸਾਬਕਾ ਕੌਂਸਲਰਾਂ ਦਾ ਇਲਜਾਮ ਹੈ ਕਿ ਇਹਨਾਂ ਅਧਿਕਾਰੀਆਂ ਵਲੋਂ 16-10-2019 ਦੇ ਲਗਾਏ ਗਏ ਟੈਂਡਰਾਂ ਦੇ ਵਿੱਚੋਂ ਕਾਂਗਰਸੀ ਕੌਂਸਲਰਾਂ ਦੇ ਵਾਰਡਾਂ ਦੇ ਕੰਮ ਟੈਂਡਰ ਅਲਾਟ ਕਰ ਕੇ ਸ਼ੁਰੂ ਕਰਵਾ ਦਿੱਤੇ ਗਏ ਹਨ ਜਦੋਂ ਕਿ ਉਹਨਾਂ ਦੇ ਵਾਰਡਾਂ ਦੇ ਟੈਂਡਰ ਤਕ ਨਹੀਂ ਖੋਲ੍ਹੇ ਗਏ ਅਤੇ ਕਾਂਗਰਸੀ ਵਰਕਰ ਦੀਆਂ ਸਿਫ਼ਾਰਸ਼ਾਂ ਤੇ ਇਨ੍ਹਾਂ ਟੈਂਡਰਾਂ ਤੋਂ ਬਾਅਦ ਨਵੇਂ ਟੈਂਡਰ ਲਗਾ ਕੇ ਕੰਮ ਸ਼ੁਰੂ ਕਰ ਦਿੱਤੇ ਗਏ। ਉਹਨਾਂ ਦਾ ਇਲਜਾਮ ਹੈ ਕਿ ਉਹਨਾਂ ਦੇ ਵਾਰਡਾਂ ਦੇ ਪੁਰਾਣੇ ਚੱਲਦੇ ਕੰਮ ਵੀ ਅੱਧ ਵਿਚਕਾਰ ਰੋਕ ਦਿੱਤੇ ਗਏ ਹਨ।
ਇਹਨਾਂ ਕੌਂਸਲਰਾਂ ਵਲੋਂ ਇਸ ਸੰਬੰਧੀ ਸਥਾਨਕ ਸਰਕਾਰ ਵਿਭਾਗ ਦੇ ਪਿ੍ਰੰਸੀਪਲ ਸਕੱਤਰ ਨੂੰ ਮਿਲ ਕੇ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਆਪਣੇ ਪੱਤਰ ਵਿੱਚ ਸਾਬਕਾ ਕੌਂਸਲਰਾਂ ਨੇ ਲਿਖਿਆ ਹੈ ਕਿ ਨਿਗਮ ਦੇ ਦੋ ਅਧਿਕਾਰੀਆਂ ਐਸ ਈ ਮੁਕੇਸ਼ ਗਰਗ ਅਤੇ ਐਸ ਡੀ ਓ ਸੁਖਵਿੰਦਰ ਸਿੰਘ ਵਲੋਂ ਹਾਊਸ ਵੱਲੋਂ ਪਾਸ ਕੀਤੇ ਗਏ ਕੰਮਾਂ ਨੂੰ ਆਪਣੀ ਮਰਜ਼ੀ ਨਾਲ ਤਬਦੀਲ ਕੀਤਾ ਗਿਆ ਹੈ। ਇਸਦੇ ਨਾਲ ਹੀ ਕਈ ਅਜਿਹੇ ਕੰਮ ਕੀਤੇ ਗਏ ਹਨ ਜਿਸ ਨਾਲ ਜਿੱਥੇ ਕਾਰਪੋਰੇਸ਼ਨ ਨੂੰ ਵਿੱਤੀ ਘਾਟਾ ਪਵੇਗਾ ਉੱਥੇ ਗਮਾਡਾ ਦੇ ਮੁੱਢਲੇ ਢਾਂਚੇ ਪਲਾਨ ਨਾਲ ਵੀ ਛੇੜਖਾਨੀ ਕੀਤੀ ਗਈ ਹੈ। ਉਹਨਾਂ ਲਿਖਿਆ ਹੈ ਕਿ ਅਧਿਕਾਰੀਆਂ ਦੀ ਇਸ ਕਾਰਵਾਈ ਨਾਲ ਜਿਥੇ ਕਾਰਪੋਰੇਸ਼ਨ ਦੇ ਪੁਰਾਣੇ ਹਾਊਸ ਦੀ ਤੌਹੀਨ ਵੀ ਹੋਈ ਹੈ ਉਥੇ ਕਾਨੂੰਨ ਦੀ ਵੀ ਉਲੰਘਣਾ ਹੋਈ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਵੱਖ ਵੱਖ ਅਖ਼ਬਾਰਾਂ ਵਿੱਚ ਇਨ੍ਹਾਂ ਅਧਿਕਾਰੀਆਂ ਵੱਲੋਂ ਪੱਖਪਾਤੀ ਢੰਗ ਦੇ ਨਾਲ ਸ਼ਹਿਰ ਅੰਦਰ ਦਰਖਤ ਦੀ ਛੰਗਾਈ ਦੀਆਂ ਖਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਹਨਾਂ ਲਿਖਿਆ ਹੈ ਕਿ ਇਸ ਸਬੰਧੀ ਵਾਰਡ ਨੰਬਰ ਅਠਾਰਾਂ ਦੇ ਕੰਮ ਸ਼ੁਰੂ ਕਰਵਾਉਣ ਲਈ ਕਮਿਸ਼ਨਰ ਮਿਉਂਸਪਲ ਕਾਰਪੋਰੇਸ਼ਨ ਮੁਹਾਲੀ ਨੂੰ ਇਨ੍ਹਾਂ ਅਧਿਕਾਰੀਆਂ ਦੀ ਕਾਰਗੁਜ਼ਾਰੀ ਬਾਰੇ ਜ਼ੁਬਾਨੀ ਅਤੇ ਲਿਖਤੀ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਪ੍ਰੰਤੂ ਇਨ੍ਹਾਂ ਅਧਿਕਾਰੀਆਂ ਨੇ ਆਪਣੀ ਕਾਰਗੁਜ਼ਾਰੀ ਵਿੱਚ ਕੋਈ ਸੁਧਾਰ ਨਹੀਂ ਲਿਆਂਦਾ ਅਤੇ ਸਿਆਸੀ ਦਬਾਅ ਅਧੀਨ ਬਿਨਾਂ ਕਿਸੇ ਕਾਰਨ ਵਿਕਾਸ ਦੇ ਕੰਮਾਂ ਨੂੰ ਰੋਕ ਕੇ ਰੱਖਿਆ ਗਿਆ ਹੈ ਅਤੇ ਇਨ੍ਹਾਂ ਅਧਿਕਾਰੀਆਂ ਨੇ ਮੁਹਾਲੀ ਕਾਰਪੋਰੇਸ਼ਨ ਦੀ ਨਿਰਪੱਖਤਾ ਨਾਲ ਕੰਮ ਕਰਨ ਦੀ ਰਵਾਇਤ ਨੂੰ ਵੀ ਢਾਹ ਲਾਈ ਹੈ।
ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਦੇ ਰੋਕੇ ਹੋਏ ਕੰਮਾਂ ਨੂੰ ਤੁਰੰਤ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਮੁਹਾਲੀ ਵਾਸੀਆਂ ਨੂੰ ਲੋੜੀਂਦੀ ਸਹੂਲਤ ਮਿਲ ਸਕੇ ਅਤੇ ਇਨ੍ਹਾਂ ਅਧਿਕਾਰੀਆਂ ਨੂੰ ਮੁਹਾਲੀ ਕਾਰਪੋਰੇਸ਼ਨ ਤੋਂ ਬਦਲ ਕੇ ਇਹਨਾਂ ਵਲੋਂ ਕੀਤੇ ਕੰਮਾਂ ਦੀ ਜਾਂਚ ਕਰਵਾਈ ਜਾਵੇ।
ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਐਸ ਈ ਸ੍ਰੀ ਮੁਕੇਸ਼ ਗਰਗ ਨੇ ਕਿਹਾ ਕਿ ਸਾਬਕਾ ਕੌਂਸਲਰ ਉਹਨਾਂ ਦੇ ਖਿਲਾਫ ਝੂਠੇ ਅਤੇ ਬੇਬੁਨਿਆਦ ਇਲਜਾਮ ਲਗਾ ਰਹੇ ਹਨ। ਉਹਨਾਂ ਕਿਹਾ ਕਿ ਸਿਆਸੀ ਦਬਾਓ ਵਾਲੀ ਗੱਲ ਪੂਰੀ ਤਰ੍ਹਾਂ ਬੇਬੁਨਿਆਦ ਹੈ ਕਿਉਂਕਿ ਉਹਨਾਂ ਕੋਲ ਕੰਮ ਪਾਸ ਕਰਨ ਦੀ ਕੋਈ ਅਥਾਰਟੀ ਨਹੀਂ ਹੈ ਅਤੇ ਹਾਊਸ ਵੱਲੋਂ ਪਾਸ ਕੀਤੇ ਜਾਣ ਅਤੇ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਜਿਹੜੇ ਕੰਮ ਉਹਨਾਂ ਕੋਲ ਆਉਂਦੇ ਹਨ ਉਹ ਨਿਯਮਾਂ ਅਨੁਸਾਰ ਕਰਵਾਏ ਜਾਂਦੇ ਹਨ। ਐਸ ਡੀ ਓ ਸੁਖਵਿੰਦਰ ਸਿੰਘ ਨੇ ਸਾਬਕਾ ਕੌਂਸਲਰਾਂ ਵਲੋਂ ਲਗਾਏ ਗਏ ਇਹਨਾਂ ਇਲਜਾਮਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਦਿਆਂ ਕਿਹਾ ਹੈ ਕਿ ਉਹਨਾਂ ਵਲੋਂ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਪੂਰੀ ਤਰ੍ਹਾਂ ਜਾਇਜ ਤਰੀਕੇ ਨਾਲ ਕੰਮ ਕਰਵਾਏ ਜਾ ਰਹੇ ਹਨ ਅਤੇ ਉਹਨਾਂ ਉੱਪਰ ਕਿਸੇ ਕਿਸਮ ਦੇ ਦਬਾਓ ਵਾਲੀ ਕੋਈ ਗੱਲ ਨਹੀਂ ਹੈ।

Leave a Reply

Your email address will not be published. Required fields are marked *