ਪੱਤਰਕਾਰਾਂ ਦੀ ਸੁਰੱਖਿਆ ਲਈ ਯੋਗ ਉਪਰਾਲੇ ਕਰੇ ਸਰਕਾਰ

ਬੀਤੇ ਸੋਮਵਾਰ ਨੂੰ ਇੱਕ ਹੀ ਦਿਨ ਦੋ ਪੱਤਰਕਾਰਾਂ ਦੀ ਹੱਤਿਆ ਹੋਈ, ਇੱਕ ਬਿਹਾਰ ਵਿੱਚ ਅਤੇ ਇੱਕ ਮੱਧਪ੍ਰਦੇਸ਼ ਵਿੱਚ| ਹੈਰਾਨ ਕਰ ਦੇਣ ਵਾਲੀਆਂ ਇਹ ਦੋਵੇਂ ਘਟਨਾਵਾਂ ਇਸ ਪਾਸੇ ਇਸ਼ਾਰਾ ਕਰਦੀਆਂ ਹਨ ਕਿ ਪੱਤਰਕਾਰਾਂ ਲਈ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਕਿਸ ਹੱਦ ਤੱਕ ਜੋਖਮ-ਭਰਿਆ ਹੋ ਗਿਆ ਹੈ| ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਇੱਕ ਟੀਵੀ ਪੱਤਰਕਾਰ ਨੂੰ ਰੇਤ ਢੋਣ ਵਾਲੇ ਟਰੱਕ ਨਾਲ ਕੁਚਲ ਕੇ ਮਾਰ ਦਿੱਤਾ ਗਿਆ| ਜਦੋਂ ਕਿ ਬਿਹਾਰ ਦੇ ਆਰਾ ਵਿੱਚ ਮਾਮੂਲੀ ਵਿਵਾਦ ਤੋਂ ਬਾਅਦ ਇੱਕ ਪੱਤਰਕਾਰ ਅਤੇ ਉਨ੍ਹਾਂ ਦੇ ਸਾਥੀ ਉਤੇ ਸਕਾਰਪਿਓ ਵਾਹਨ ਚੜ੍ਹਾ ਦਿੱਤਾ ਗਿਆ| ਮੱਧਪ੍ਰਦੇਸ਼ ਦੇ ਭਿੰਡ ਅਤੇ ਮੁਰੈਨਾ ਜਿਲ੍ਹਿਆਂ ਸਮੇਤ ਬੁੰਦੇਲਖੰਡ-ਚੰਬਲ ਸੰਭਾਗ ਵਿੱਚ ਰੇਤ ਅਤੇ ਪੱਥਰ ਮਾਫੀਆ ਕਿਸ ਤਰ੍ਹਾਂ ਨਾਲ ਆਪਣਾ ਸਾਮਰਾਜ ਚਲਾ ਰਹੇ ਹਨ, ਇਹ ਕਿਸੇ ਤੋਂ ਲੁੱਕਿਆ ਨਹੀਂ ਹੈ| ਸੋਮਵਾਰ ਨੂੰ ਮਾਰੇ ਗਏ ਟੀਵੀ ਪੱਤਰਕਾਰ ਨੇ ਆਪਣਾ ਫਰਜ ਨਿਭਾਉਂਦੇ ਹੋਏ ਪੁਲੀਸ ਅਤੇ ਮਾਫੀਆ ਗਠਜੋੜ ਦੇ ਖਿਲਾਫ ਕਈ ਖਬਰਾਂ ਕੀਤੀਆਂ ਸਨ, ਇਸ ਲਈ ਉਹ ਇਹਨਾਂ ਦੀਆਂ ਅੱਖਾਂ ਵਿੱਚ ਰੜਕ ਰਹੇ ਸਨ| ਨਿਡਰਤਾ ਦੇ ਨਾਲ ਪੱਤਰਕਾਰਤਾ ਕਰਨ ਵਾਲਿਆਂ ਤੇ ਅਜਿਹੇ ਹਮਲੇ ਜਿੱਥੇ ਰਾਜ ਦੀ ਕਾਨੂੰਨ – ਵਿਵਸਥਾ ਨੂੰ ਕਟਹਿਰੇ ਵਿੱਚ ਵੀ ਖੜਾ ਕਰਦੇ ਹਨ, ਉਥੇ ਹੀ ਸਾਡੇ ਲੋਕਤੰਤਰ ਦੇ ਸਬੰਧ ਵਿੱਚ ਡੂੰਘੀ ਚਿੰਤਾ ਦਾ ਵਿਸ਼ਾ ਹੈ|
ਮੱਧਪ੍ਰਦੇਸ਼ ਵਿੱਚ ਇਸ ਤਰ੍ਹਾਂ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ| ਜਿਸ ਨੇ ਵੀ ਖਨਨ, ਸ਼ਰਾਬ, ਚਿਟਫੰਡ ਵਰਗੇ ਗੈਰਕਾਨੂੰਨੀ ਧੰਦਿਆਂ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕੀਤੀ, ਉਸ ਤੇ ਮਾਫੀਆ ਦੀ ਗਾਜ ਡਿੱਗੀ| ਕਈਆਂ ਨੂੰ ਆਪਣੀ ਜਾਨ ਤੱਕ ਗਵਾਉਣੀ ਪਈ| ਪਰੰਤੂ ਸਰਕਾਰ ਨੇ ਮਾਫਿਆਵਾਂ ਤੇ ਹੱਥ ਪਾਉਣ ਦੀ ਹਿੰਮਤ ਨਹੀਂ ਦਿਖਾਈ| ਇਸ ਨਾਲ ਮੁਲਜਮਾਂ ਦੇ ਹੌਸਲੇ ਹੋਰ ਬੁਲੰਦ ਹੁੰਦੇ ਗਏ ਹਨ| ਸਾਲ 2012 ਵਿੱਚ ਰੇਤ ਅਤੇ ਪੱਥਰ ਮਾਫੀਆ ਦੇ ਖਿਲਾਫ ਅਭਿਆਨ ਛੇੜਣ ਵਾਲੇ ਇੱਕ ਨੌਜਵਾਨ ਆਈਪੀਐਸ ਅਧਿਕਾਰੀ ਉਤੇ ਟਰੱਕ ਚੜ੍ਹਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ| ਇਸੇ ਤਰ੍ਹਾਂ ਬਾਲਾਘਾਟ ਵਿੱਚ ਲੰਬੇ ਸਮੇਂ ਤੱਕ ਖਨਨ ਮਾਫੀਆ ਦੇ ਖਿਲਾਫ ਖਬਰਾਂ ਕਰਣ ਵਾਲੇ ਇੱਕ ਪੱਤਰਕਾਰ ਨੂੰ ਅਗਵਾ ਤੋਂ ਬਾਅਦ ਸਾੜ ਕੇ ਮਾਰ ਦਿੱਤਾ ਗਿਆ| ਪੁਲੀਸ-ਮਾਫੀਆ ਗਠਜੋੜ ਦੇ ਖਿਲਾਫ ਲਿਖਣ ਵਾਲਿਆਂ, ਸਟਿੰਗ ਆਪਰੇਸ਼ਨ ਕਰਨ ਵਾਲਿਆਂ ਉਤੇ ਇੰਨੇ ਹਮਲੇ ਹੋ ਰਹੇ ਹਨ ਪਰ ਤਾਜੁਬ ਹੈ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਰੀਂਗ ਰਹੀ| 8 ਜੂਨ, 2015 ਨੂੰ ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਇੱਕ ਪੱਤਰਕਾਰ ਨੂੰ ਉਸਦੇ ਘਰ ਦੇ ਬਾਹਰ ਸਾੜ ਕੇ ਮਾਰ ਦਿੱਤਾ ਗਿਆ| ਇਸ ਘਟਨਾ ਵਿੱਚ ਰਾਜ ਦੇ ਇਕ ਮੰਤਰੀ ਦਾ ਹੱਥ ਹੋਣ ਦੀ ਗੱਲ ਸਾਹਮਣੇ ਆਈ ਸੀ|
ਭਾਰਤ ਵਰਗੇ ਦੇਸ਼ ਵਿੱਚ ਪੱਤਰਕਾਰ ਕਿੰਨੇ ਸੁਰੱਖਿਅਤ ਹਨ, ਪਿਛਲੇ ਦੋ ਸਾਲ ਵਿੱਚ ਹੋਈਆਂ ਘਟਨਾਵਾਂ ਇਹ ਦੱਸਣ ਲਈ ਕਾਫੀ ਹਨ| ਜੂਨ 2015 ਤੋਂ ਨਵੰਬਰ 2017 ਤੱਕ 12 ਪੱਤਰਕਾਰ ਮਾਰੇ ਗਏ| ਇਹਨਾਂ ਵਿੱਚ ਉਹ ਪੱਤਰਕਾਰ ਵੀ ਹਨ ਜਿਨ੍ਹਾਂ ਦੀ ਅਵਾਜ ਕੁੱਝ ਸਵੈਭੂ ‘ਹਿੰਦੂ – ਰਖਿਅਕ’ ਸਹਿਨ ਨਹੀਂ ਕਰ ਪਾ ਰਹੇ ਸਨ| ਪੱਤਰਕਾਰਾਂ ਤੇ ਇਸ ਤਰ੍ਹਾਂ ਦੇ ਹਮਲੇ ਉਨ੍ਹਾਂ ਨੂੰ ਨਿਡਰ ਹੋਕੇ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਹਨ| ਕਿਵੇਂ ਦੀ ਤ੍ਰਾਸਦੀ ਹੈ ਕਿ ਇੱਕ ਪਾਸੇ ਭ੍ਰਿਸ਼ਟਾਚਾਰ ਰੋਕਣ ਦੇ ਵਾਅਦੇ ਅਤੇ ਦਾਅਵੇ ਰੋਜਾਨਾ ਜੋਰ-ਸ਼ੋਰ ਨਾਲ ਕੀਤੇ ਜਾਂਦੇ ਹਨ ਅਤੇ ਦੂਜੇ ਪਾਸੇ ਭ੍ਰਿਸ਼ਟਾਚਾਰ ਪ੍ਰਗਟ ਕਰਨ ਵਾਲਿਆਂ ਦੀ ਜਾਨ ਹਮੇਸ਼ਾ ਖਤਰੇ ਵਿੱਚ ਰਹਿੰਦੀ ਹੈ! ਪੱਤਰਕਾਰਾਂ ਦੀ ਸੁਰੱਖਿਆ ਲਈ ਬਣੀ ਅੰਤਰਰਾਸ਼ਟਰੀ ਕਮੇਟੀ ‘ਕਮੇਟੀ ਟੁ ਪ੍ਰੋਟੈਕਟ ਜਰਨਲਿਸਟਸ’ ਨੇ ਆਪਣੀ ਰਿਪੋਰਟ ਵਿੱਚ ਆਗਾਹ ਕੀਤਾ ਹੈ ਕਿ ਭਾਰਤ ਵਿੱਚ ਪੱਤਰਕਾਰਾਂ ਨੂੰ ਕੰਮ ਦੇ ਦੌਰਾਨ ਪੂਰੀ ਸੁਰੱਖਿਆ ਨਹੀਂ ਮਿਲ ਪਾਉਂਦੀ ਅਤੇ ਜੋ ਪੱਤਰਕਾਰ ਭ੍ਰਿਸ਼ਟਾਚਾਰੀਆਂ ਨੂੰ ਬੇਨਕਾਬ ਕਰਨ ਵਿੱਚ ਜੁਟੇ ਹਨ, ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ| ਕੀ ਇਸੇ ਤਰ੍ਹਾਂ ਦੇਸ਼ ਭ੍ਰਿਸ਼ਟਾਚਾਰ ਨਾਲ ਨਿਪਟੇਗਾ? ਕੀ ਸਾਡਾ ਲੋਕਤੰਤਰ ਇਸੇ ਤਰ੍ਹਾਂ ਨਾਲ ਕੰਮ ਕਰੇਗਾ? ਕਾਨੂੰਨ ਦਾ ਸ਼ਾਸਨ ਚੱਲੇਗਾ ਜਾਂ ਮਾਫੀਆ ਦੀ ਮਰਜੀ ਚੱਲੇਗੀ?
ਪ੍ਰਵੀਨ ਕੁਮਾਰ

Leave a Reply

Your email address will not be published. Required fields are marked *