ਪੱਤਰਕਾਰ ਮੇਜਰ ਸਿੰਘ ਦੀ ਕੁੱਟਮਾਰ ਕਰਨ ਵਾਲੇ ਦੋਵੇਂ ਥਾਣੇਦਾਰ ਸਸਪੈਂਡ, ਜਿਲ੍ਹਾ ਪੁਲੀਸ ਮੁਖੀ ਵਲੋਂ ਐਸ ਪੀ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਜਾਂਚ, ਪ੍ਰਸ਼ਾਸ਼ਨ ਕਰਵਾਏਗਾ ਘਟਨਾ ਦੀ ਮੈਜਿਸਟ੍ਰੇਟੀ ਜਾਂਚ

ਪੀੜਿਤ ਪੱਤਰਕਾਰ ਨੇ ਦੋਵਾਂ ਥਾਣੇਦਾਰਾਂ ਨੂੰ ਬਰਖਾਸਤ ਕਰਨ ਅਤੇ ਉਹਨਾਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ
ਐਸ ਏ ਐਸ ਨਗਰ, 23 ਮਈ (ਸ.ਬ.) ਬੀਤੇ ਕੱਲ ਸਥਾਨਕ ਫੇਜ਼ 4 ਦੇ ਗੁਰਦੁਆਰਾ ਕਲਗੀਧਰ ਵਿੱਚ ਦੋ ਧਿਰਾਂ ਵਿੱਚ ਹੋਏ ਵਿਵਾਦ ਦੌਰਾਨ ਮੌਕੇ ਤੇ ਪਹੁੰਚੀ ਪੁਲੀਸ ਪਾਰਟੀ ਵਲੋਂ ਇੱਕ ਰੋਜਾਨਾ ਅਖਬਾਰ ਦੇ ਪੱਤਰਕਾਰ ਮੇਜਰ ਸਿੰਘ ਨੂੰ ਜਬਰੀ ਥਾਣੇ ਲਿਜਾ ਕੇ ਉਸਨੂੰ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਐਸ ਐਸ ਪੀ ਮੁਹਾਲੀ ਸ੍ਰ. ਕੁਲਦੀਪ ਸਿੰਘ ਚਾਹਲ ਵਲੋਂ ਦੋਵਾਂ ਥਾਣੇਦਾਰਾਂ ਓਮ ਪ੍ਰਕਾਸ਼ ਅਤੇ ਅਮਰਨਾਥ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਦਿਆਂ ਮਾਮਲੇ ਦੀ ਜਾਂਚ ਐਸ ਪੀ ਪੱਧਰ ਦੇ ਇੱਕ ਅਧਿਕਾਰੀ ਨੂੰ ਸੌਂਪ ਦਿੱਤੀ ਹੈ| ਇਸਦੇ ਨਾਲ ਹੀ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਏ ਡੀ ਸੀ ਸ੍ਰੀਮਤੀ ਅਸ਼ਿਕਾ ਜੈਨ ਵਲੋਂ ਇਸ ਮਾਮਲੇ ਦੀ ਸਮਾਂਬੱਧ ਨਿਆਂਇਕ ਜਾਂਚ ਕਰਵਾ ਕੇ ਪੀੜਿਤ ਪੱਤਰਕਾਰ ਨੂੰ ਇਨਸਾਫ ਦਿਵਾਉੁਣ ਦਾ ਭਰੋਸਾ ਦਿੱਤਾ ਗਿਆ ਹੈ| ਹਾਲਾਂਕਿ ਪੀੜਿਤ ਪੱਤਰਕਾਰ ਮੇਜਰ ਸਿੰਘ ਨੇ ਇਸ ਮਾਮਲੇ ਵਿੱਚ ਉਸ ਉੱਪਰ ਗੈਰ ਮਨੁੱਖੀ ਤਸੱਦਦ ਕਰਨ ਵਾਲੇ ਦੋਵਾਂ ਪੁਲੀਸ ਅਧਿਕਾਰੀਆਂ ਦੇ ਖਿਲਾਫ ਮਾਮਲਾਂ ਦਰਜ ਕਰਨ ਅਤੇ ਇਹਨਾਂ ਦੋਵਾਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ| 
ਇੱਥੇ ਜਿਕਰਯੋਗ ਹੈ ਕਿ ਬੀਤੇ ਦਿਨ  ਗੁਰਦੁਆਰਾ ਫੇਜ਼ 4 ਵਿੱਚ ਦੋ ਧਿਰਾਂ ਵਿੱਚ ਹੋਏ ਆਪਸੀ ਝਗੜੇ ਦੀ ਵੀਡੀਓ ਬਣਾ ਰਹੇ ਮੇਜਰ ਸਿੰਘ ਨੂੰ ਮੌਕੇ ਤੇ ਪਹੁੰਚੀ ਪੁਲੀਸ ਟੀਮ ਵਲੋਂ ਜਬਰੀ ਚੁੱਕ ਕੇ ਥਾਣੇ ਲਿਜਾਇਆ ਗਿਆ ਸੀ ਜਿੱਥੇ ਉਸ ਨਾਲ ਕੁੱਟਮਾਰ ਕੀਤੀ ਗਈ ਸੀ| ਇਸ ਦੌਰਾਨ ਉਸਦੀ ਦਸਤਾਰ ਵੀ ਉਤਰ ਗਈ ਸੀ ਅਤੇ          ਕੇਸ ਖੁੱਲਣ ਕਾਰਨ ਕੰਘਾ ਵੀ ਡਿੱਗ ਪਿਆ ਸੀ|
ਮੇਜਰ ਸਿੰਘ ਅਨੁਸਾਰ  ਬਾਅਦ ਵਿੱਚ ਇਹਨਾਂ ਪੁਲੀਸ ਵਾਲਿਆਂ ਨੇ ਉਸਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਸੀ ਅਤੇ ਜਦੋਂ ਥਾਣੇ ਦੇ ਐਸ ਐਚ ਓ. ਸ੍ਰ. ਮਨਫੂਲ ਸਿੰਘ ਥਾਣੇ ਪਹੁੰਚੇ ਸਨ ਤਾਂ ਉਹਨਾਂ ਨੇ  ਉਸਨੂੰ ਹਵਾਲਾਤ ਤੋਂ ਬਾਹਰ ਕੱਢਿਆ ਸੀ ਅਤੇ ਪੁਲੀਸ ਦੀ ਕਾਰਵਾਈ ਲਈ ਉਸ ਨਾਲ ਅਫਸੋਸ ਜਾਹਿਰ ਕਰਦਿਆਂ ਉਸਦੀ ਪੱਗ ਬਨਵਾਈ ਸੀ ਅਤੇ ਉਸਨੂੰ ਛੱਡ ਦਿੱਤਾ ਸੀ| ਪੁਲੀਸ ਵਲੋਂ ਮੇਜਰ ਸਿੰਘ ਨਾਲ ਕੀਤੀ ਗਈ ਕੁੱਟਮਾਰ ਕਾਰਨ ਉਸਨੂੰ ਸੱਟਾਂ ਲੱਗੀਆਂ ਸਨ ਅਤੇ ਉਹ ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਦਾਖਿਲ ਹੋ ਗਿਆ ਸੀ| 
ਇਸ ਸੰਬੰਧੀ ਅੱਜ ਮੁਹਾਲੀ ਦੇ ਪੱਤਰਕਾਰਾਂ ਵਲੋਂ ਜਿਲ੍ਹਾ ਪੁਲੀਸ ਮੁਖੀ ਅਤੇ ਏ ਡੀ ਸੀ ਨਾਲ ਮੁਲਾਕਾਤ ਕਰਕੇ  ਪੱਤਰਕਾਰ ਨਾਲ ਬਿਨਾ ਵਜ੍ਹਾ ਕੁੱਟਮਾਰ ਕਰਨ ਵਾਲੇ ਪੁਲੀਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਉਹਨਾਂ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਸੀ ਜਿਸਤੇ ਤੁਰੰਤ ਕਾਰਵਾਈ ਕਰਦਿਆਂ ਐਸ ਐਸ ਪੀ ਵਲੋਂ ਦੋਵਾਂ ਥਾਣੇਦਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ| 
ਇਸ ਦੌਰਾਨ ਪੱਤਰਕਾਰਾਂ ਦੇ ਵਫਦ ਨਾਲ ਗੱਲ ਕਰਦਿਆਂ ਏ ਡੀ ਸੀ ਅਸ਼ਿਕਾ ਜੈਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਉਹ ਇਸ ਮਾਮਲੇ ਵਿੱਚ ਨਿਆਇਕ ਜਾਂਚ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *