ਫਰਜੀ ਸੰਸਥਾਵਾਂ ਤੇ ਆਪੋ ਬਣੇ ਚੌਧਰੀਆਂ ਨੂੰ ਨੱਥ ਪਾਵੇ ਸਰਕਾਰ

ਸਾਡੇ ਦੇਸ਼ ਵਿੱਚ ਲੋਕਤਾਂਤਰਿਕ ਵਿਵਸਥਾ ਲਾਗੂ ਹੈ ਅਤੇ ਇਸਦੇ ਤਹਿਤ ਦੇਸ਼ਵਾਸੀਆਂ ਨੂੰ ਜਥੇਬੰਦੀਆਂ, ਸੰਸਥਾਵਾਂ, ਯੂਨੀਅਨਾਂ ਬਣਾਉਣ ਦਾ ਅਧਿਕਾਰ ਹਾਸਿਲ ਹੈ| ਆਪਣੇ ਇਸ ਜਮਹੂਰੀ ਅਧਿਕਾਰ ਦੀ ਵਰਤੋਂ ਕਰਦਿਆਂ ਵੱਖ -ਵੱਖ ਵਰਗਾਂ ਨਾਲ ਸਬੰਧਿਤ ਲੋਕਾਂ ਨੇ ਅਨੇਕਾਂ ਹੀ ਜਥੇਬੰਦੀਆਂ ਬਣਾਈਆਂ ਹੋਈਆਂ ਹਨ ਜੋ ਕਿ ਅਕਸਰ ਹੀ ਸਰਕਾਰ ਉਪਰ ਦਬਾਓ ਪਾ ਕੇ ਆਪਣੇ ਆਪਣੇ ਵਰਗ ਦੀ ਭਲਾਈ ਲਈ ਫੈਸਲੇ ਕਰਵਾਉਂਦੀਆਂ ਰਹਿੰਦੀਆਂ ਹਨ|
ਦੂਜੇ ਪਾਸੇ ਭਾਰਤ ਵਿੱਚ ਫਰਜੀ ਸੰਸਥਾਵਾਂ ਦੇ ਨਾਲ- ਨਾਲ ਅਖੌਤੀ ਸਮਾਜ ਸੇਵਕਾਂ ਅਤੇ ਘੜੰਮ ਚੌਧਰੀਆਂ ਦੀ ਵੀ ਭਰਮਾਰ ਹੈ| ਹਾਲ ਇਹ ਹੈ ਕਿ ਹਰ ਸ਼ਹਿਰ ਦੀ ਹਰ ਗਲੀ ਮੁਹੱਲੇ ਵਿੱਚ ਹੀ ਅਜਿਹੇ ਅਖੌਤੀ ਸਮਾਜ ਸੇਵਕਾਂ ਅਤੇ ਘੜੰਮ ਚੌਧਰੀਆਂ ਦੇ ਝੁੰਡ ਤੁਰੇ ਫਿਰਦੇ ਹਨ| ਇਹਨਾਂ ਵਲੋਂ ਆਪਣਾ ਤੋਰੀ ਫੁਲਕਾ ਜਾਰੀ ਰੱਖਣ ਲਈ ਫਰਜੀ ਜਥੇਬੰਦੀਆਂ ਜਾਂ ਸੰਸਥਾਵਾਂ ਵੀ ਬਣਾਈਆਂ ਹੁੰਦੀਆਂ ਹਨ, ਜਿਹਨਾਂ ਦੀ ਕਾਰਗੁਜਾਰੀ ਸਿਰਫ ਕਾਗਜਾਂ ਵਿੱਚ ਹੀ ਹੁੰਦੀ ਹੈ ਅਤੇ ਇਹ ਸੰਸਥਾਵਾਂ ਸਰਕਾਰ ਤੋਂ ਗ੍ਰਾਟਾਂ ਲੈਣ ਜਾਂ ਹੋਰ ਫਾਇਦੇ ਲੈਣ ਤਕ ਹੀ ਸੀਮਿਤ ਹੁੰਦੀਆਂ ਹਨ|
ਅਜਿਹੇ ਵਿਅਕਤੀ (ਜਿਹੜੇ ਅਜਿਹੀਆਂ ਅਖੌਤੀ ਸੰਸਥਾਵਾਂ ਦੇ ਆਪੇ ਬਣੇ ਅਹੁਦੇਦਾਰ ਹੁੰਦੇ ਹਨ) ਅਕਸਰ ਜਨਤਕ ਸਮਾਗਮਾਂ ਵਿੱਚ ਮੋਹਰੀ ਹੋ ਕੇ ਤੁਰੇ ਫਿਰਦੇ ਹਨ ਅਤੇ ਸਮਾਗਮ ਵਿੱਚ ਆਏ ਮੁੱਖ ਮਹਿਮਾਨ ਨਾਲ ਆਪਣੀਆਂ ਫੋਟੋਆਂ ਵੀ ਖਿਚਵਾਉਂਦੇ ਹਨ| ਬਾਅਦ ਵਿੱਚ ਇਹ ਆਪਣੀ ਉਹ ਫੋਟੋ ਅਖਬਾਰਾਂ ਵਿੱਚ ਛਪਵਾਉਣ ਲਈ ਕਈ ਤਰ੍ਹਾਂ ਦੇ ਪਾਪੜ ਵੀ ਵੇਲਦੇ ਹਨ| ਖੁਦ ਨੂੰ ਸਮਾਜ ਸੇਵਕ ਦੱਸਣ ਵਾਲੇ ਇਹ ਲੋਕ ਅਸਲ ਵਿੱਚ ਆਪਣੀ ਚੌਧਰ ਨੂੰ ਹੀ ਚਮਕਾ ਰਹੇ ਹੁੰਦੇ ਹਨ| ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਸਮਾਗਮ ਭਾਵੇਂ ਕਿਸੇ ਹੋਰ ਸੰਸਥਾ ਵਲੋਂ ਕਰਵਾਇਆ ਜਾ ਰਿਹਾ ਹੁੰਦਾ ਹੈ ਪਰੰਤੂ ਇਹ ਆਪੋ ਬਣੇ ਆਗੂ ਉੱਥੇ ਵੀ ਪਹੁੰਚ ਜਾਂਦੇ ਹਨ| ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਇਹ ਲੋਕ ਉਸ ਪ੍ਰੋਗਰਾਮ ਦੀ ਮੀਡੀਆ ਰਿਪੋਰਟ ਆਪਣੀ ਨਿੱਜੀ ਸੰਸਥਾ ਵਲੋਂ ਜਾਰੀ ਕਰ ਦਿੰਦੇ ਹਨ ਅਤੇ ਕੋਈ ਨਾ ਕੋਈ ਜੁਗਾੜ ਲਗਾ ਕੇ ਉਸ ਨੂੰ ਅਖਬਾਰਾਂ ਵਿੱਚ ਛਪਵਾ ਵੀ ਲੈਂਦੇ ਹਨ ਜਦੋਂ ਕਿ ਸਮਾਗਮ ਕਰਵਾਉਣ ਵਾਲੀ ਸੰਸਥਾ ਨੂੰ ਢੁੱਕਵੀਂ ਕਵਰੇਜ ਤਕ ਨਹੀਂ ਮਿਲਦੀ|
ਸ਼ਹਿਰਾਂ ਵਿੱਚ ਆਵਾਰਾ ਫਿਰਦੇ ਡੰਗਰਾਂ ਦੀ ਸਮੱਸਿਆ ਦੇ ਹੱਲ ਲਈ ਇਹ ਅਖੌਤੀ ਆਗੂ ਭਾਵੇਂ ਕੋਈ ਉਪਰਾਲਾ ਨਹੀਂ ਕਰਦੇ ਪਰ ਜੇ ਕੋਈ ਆਵਾਰਾ ਡੰਗਰ ਕਿਸੇ ਰਾਹਗੀਰ ਜਾਂ ਵਾਹਨ ਨੂੰ ਟੱਕਰ ਮਾਰ ਦੇਵੇ ਤਾਂ ਇਹਨਾਂ ਨੂੰ ਉੱਥੇ ਆਪਣੀ ਸਿਆਸਤ ਚਮਕਾਉਂਦੇ ਜਰੂਰ ਦਿਖ ਜਾਂਦੇ ਹਨ| ਇਹਨਾਂ ਵਿੱਚੋਂ ਕੁੱਝ ਅਖੌਤੀ ਸਮਾਜ ਸੇਵਕ ਅਜਿਹੇ ਵੀ ਹਨ ਜਿਹਨਾਂ ਧਿਆਨ ਜਖਮੀ ਹੋਏ ਰਾਹਗੀਰ ਨੂੰ ਬਚਾਉਣ ਦੀ ਥਾਂ ਆਵਾਰਾ ਡੰਗਰਾਂ ਨੂੰ ਬਚਾਉਣ ਵੱਲ ਜਿਆਦਾ ਹੁੰਦਾ ਹੈ ਅਤੇ ਇਹਨਾਂ ਲਈ ਆਵਾਰਾ ਡੰਗਰਾਂ ਦੀ ਜਿੰਦਗੀ ਮਨੁੱਖ ਦੀ ਜਿੰਦਗੀ ਨਾਲੋਂ ਕਿਤੇ ਵੱਧੇ ਕੀਮਤੀ ਹੁੰਦੀ ਹੈ| ਇਹ ਆਪੋ ਬਣੇ ਸਮਾਜਸੇਵਕ ਕਿਸ ਤਰ੍ਹਾਂ ਦੀ ਸਮਾਜ ਸੇਵਾ ਕਰਦੇ ਹਨ ਇਹ ਸਭ ਨੂੰ ਪਤਾ ਹੀ ਹੈ| ਅਕਸਰ ਹੀ ਇਹ ਆਪਣੀ ਅਖੌਤੀ ਸੰਸਥਾ ਦਾ ਨਾਮ ਲੈ ਕੇ ਦਬਕੇ ਵੀ ਮਾਰਦੇ ਹਨ ਤੇ ਕਈ ਵਾਰ ਤਾਂ ਉਚ ਅਫਸਰਾਂ ਤੋਂ ਆਪਣੇ ਕਈ ਕਿਸਮ ਦੇ ਕੰਮ ਵੀ ਆਪਣੀ ਸੰਸਥਾ ਦੇ ਨਾਮ ਉਪਰ ਕਰਵਾਉਣ ਵਿੱਚ ਸਫਲ ਹੋ ਜਾਂਦੇ ਹਨ|
ਇਹਨਾਂ ਵਿੱਚ ਕੁੱਝ ਅਜਿਹੇ ਵੀ ਹਨ ਜਿਹੜੇ ਇੱਕ ਦੂਜੇ ਦੇ ਧਰਮ ਖਿਲਾਫ ਜਹਿਰ ਉਗਲ ਕੇ ਅਤੇ ਫਿਰ ਖੁਦ ਨੂੰ ਅੱਤਵਾਦੀਆਂ ਤੋਂ ਵੱਡਾ ਖਤਰਾ ਦਸ ਕੇ ਸਰਕਾਰੀ ਸੁਰੱਖਿਆ ਅਤੇ ਸਰਕਾਰੀ ਗੱਡੀਆਂ ਦਾ ਆਨੰਦ ਮਾਣਦੇ ਹਨ| ਰਾਜਸੀ ਪਾਰਟੀਆਂ ਨੂੰ ਅਜਿਹੇ ਅਖੌਤੀ ਆਗੂ ਬਹੁਤ ਕੰਮ ਦੇ ਬੰਦੇ ਲਗਦੇ ਹਨ, ਕਿਉਂਕਿ ਜਿਹੜੀ ਗਲ ਰਾਜਸੀ ਪਾਰਟੀਆਂ ਦੇ ਆਗੂ ਖੁਦ ਨਹੀਂ ਕਹਿ ਸਕਦੇ, ਉਹ ਗੱਲ ਉਹ ਇਹਨਾਂ ਅਖੌਤੀ ਆਗੂਆਂ ਕੋਲੋਂ ਕਹਿਲਵਾ ਦਿੰਦੇ ਹਨ| ਕਈ ਵਾਰ ਤਾਂ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕਈ ਅਖੌਤੀ ਆਗੂ ਆਪਸ ਵਿੱਚ ਮਿਲ ਕੇ ਹੀ ਕਈ ਸੰਸਥਾਵਾਂ ਬਣਾ ਲੈਂਦੇ ਹਨ ਫਿਰ ਇਹਨਾਂ ਸੰਸਥਾਵਾਂ ਦੀ ਕਦੇ ਕਦੇ ਸਾਂਝੀ ਮੀਟਿੰਗ ਕਰਨ ਦਾ ਡਰਾਮਾ ਵੀ ਕਰਦੇ ਹਨ| ਇਹ ਅਖੌਤੀ ਆਗੂ ਆਪਸ ਵਿੱਚ ਰਲ ਮਿਲ ਕੇ ਸੰਸਥਾਵਾਂ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਬਣ ਜਾਂਦੇ ਹਨ| ਮਕਸਦ ਇਹਨਾਂ ਦਾ ਇਕੋ ਹੀ ਹੁੰਦਾ ਹੈ ਕਿ ਕਿਸੇ ਤਰ੍ਹਾਂ ਲੋਕਾਂ ਵਿੱਚ ਆਪਣੀ ਚੌਧਰ ਬਣਾਈ ਜਾਵੇ|
ਅਜਿਹੀਆਂ ਫਰਜੀ ਸੰਸਥਾਵਾਂ ਅਤੇ ਅਖੌਤੀ ਆਗੂਆਂ ਕਾਰਨ ਭਾਵੇਂ ਆਮ ਲੋਕ ਕਈ ਵਾਰ ਪ੍ਰੇਸ਼ਾਨ ਹੁੰਦੇ ਹਨ ਪਰ ਇਹਨਾਂ ਅਖੌਤੀ ਆਗੂਆਂ ਦੀ ਪਹੁੰਚ ਕਾਰਨ ਆਮ ਲੋਕ ਇਹਨਾਂ ਨੂੰ ਕੁਝ ਕਹਿਣ ਤੋਂ ਵੀ ਡਰਦੇ ਹਨ, ਜਿਸ ਕਰਕੇ ਇਹ ਘੜੰਮ ਚੌਧਰੀ ਆਪਣੇ ਆਪ ਨੂੰ ਇਲਾਕੇ ਦਾ ਮਾਲਕ ਹੀ ਸਮਝਣ ਲੱਗ ਪੈਂਦੇ ਹਨ| ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀਆਂ ਫਰਜੀ ਸੰਸਥਾਵਾਂ ਅਤੇ ਇਹਨਾਂ ਦੇ ਸਹਾਰੇ ਆਪਣੀ ਚੌਧਰ ਚਮਕਾਉਣ ਵਾਲੇ ਅਜਿਹੇ ਅਖੌਤੀ ਆਗੂਆਂ ਨੂੰ ਨੱਥ ਪਾਵੇ ਅਤੇ ਇਹਨਾਂ ਘੜੰਮ ਚੌਧਰੀਆਂ ਦੀਆਂ ਸੰਸਥਾਵਾਂ ਦੀ ਕਾਰਗੁਜਾਰੀ ਅਤੇ ਕੀਤੇ ਗਏ ਕੰਮਾਂ ਦੇ ਨਾਲ ਨਾਲ ਮਿਲੀਆਂ ਗ੍ਰਾਂਟ ਤੇ ਗ੍ਰਾਂਟਾ ਦੀ ਵਰਤੋਂ ਦਾ ਵੀ ਹਿਸਾਬ ਲਿਆ ਜਾਵੇ|

Leave a Reply

Your email address will not be published. Required fields are marked *