ਫਰਦ ਕੇਂਦਰਾਂ ਦੀਆਂ ਸੇਵਾਵਾਂ ਨੂੰ ਸੇਵਾ ਕੇਂਦਰਾਂ ਵਿੱਚ ਤਬਦੀਲ ਕਰਨ ਨਾਲ ਖੱਜਲ ਖੁਆਰੀ ਵਧੇਗੀ : ਰਾਮਗੜ੍ਹ


ਪਟਿਆਲਾ, 9 ਜਨਵਰੀ (ਬਿੰਦੂ ਸ਼ਰਮਾ) ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਕਨਵੀਨਰ ਸ੍ਰ ਗੁਰਚਰਨ ਸਿੰਘ ਰਾਮਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਰਦ ਕੇਂਦਰ ਦੀਆਂ ਸੇਵਾਵਾਂ ਨੂੰ ਸੇਵਾ ਕੇਂਦਰਾਂ ਵਿੱਚ ਤਬਦੀਲ ਕਰਨ ਦੀ ਕਾਰਵਾਈ ਨਾਲ ਆਮ ਲੋਕਾਂ ਦੀ ਖੱਜਲਖੁਆਰੀ ਵਿੱਚ ਵਾਧਾ ਹੋਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਫਰਦ ਕੇਂਦਰਾਂ ਨੂੰ ਬੰਦ ਕਰਕੇ ਫਰਦਾਂ ਦਾ ਕੰਮ ਸੇਵਾ ਕੇਂਦਰਾਂ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਫਰਦਾਂ ਲੈਣ ਵਿੱਚ ਵੱਡੀ ਪੱਧਰ ਤੇ ਖੱਜਲ ਖੁਆਰੀ ਅਤੇ ਪ੍ਰੇਸ਼ਾਨੀ ਵਧੇਗੀ, ਕਿਉਂਕਿ ਸੇਵਾ ਕੇਂਦਰਾਂ ਵਿੱਚ ਪਹਿਲਾਂ ਹੀ ਅਨੁਸੂਚਿਤ ਜਾਤੀ ਸਰਟੀਫਿਕੇਟ, ਪੱਛੜੀਆਂ ਸ਼੍ਰੇਣੀਆਂ ਸਰਟੀਫਿਕੇਟ, ਆਮਦਨ ਸਰਟੀਫਿਕੇਟ ਆਦਿ ਪ੍ਰਾਪਤ ਕਰਨ ਲਈ ਘੱਟੋ-ਘੱਟ ਇੱਕ ਹਫਤੇ ਦਾ ਸਮਾਂ ਲੱਗਦਾ ਹੈ। ਉਹਨਾਂ ਕਿਹਾ ਕਿ ਜਦੋਂ ਪਹਿਲਾ ਸਰਟੀਫਿਕੇਟ ਬਣਦੇ ਸਨ ਤਾਂ 24 ਘੰਟਿਆਂ ਵਿੱਚ ਹੀ ਇਹ ਸਾਰੇ ਸਰਟੀਫਿਕੇਟ ਬਣ ਕੇ ਤਿਆਰ ਹੋ ਜਾਂਦੇ ਸਨ।
ਉਹਨਾਂ ਕਿਹਾ ਕਿ ਸੇਵਾ ਕੇਂਦਰਾਂ ਤੋਂ ਵੱਖ ਵੱਖ ਸਰਟੀਫਿਕੇਟ ਦਿੱਤੇ ਜਾਣ ਦੌਰਾਨ ਕੀਤੀ ਜਾਣ ਵਾਲੀ ਦੇਰੀ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ। ਕਈ ਵਾਰ ਤਾਂ ਅਪਲਾਈ ਕਰਨ ਦੀ ਤਾਰੀਕ ਵੀ ਲੰਘ ਜਾਂਦੀ ਹੈ ਪਰ ਸਰਟੀਫਿਕੇਟ ਤਿਆਰ ਨਹੀਂ ਹੁੰਦੇ ਹਨ। ਹੁਣ ਜੇਕਰ ਸਰਕਾਰ ਵੱਲੋਂ ਫਰਦਾਂ ਦਾ ਕੰਮ ਵੀ ਸੇਵਾ ਕੇਂਦਰਾਂ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਫਰਦਾਂ ਵੀ ਇੱਕ ਹਫਤੇ ਤੋਂ ਪਹਿਲਾ ਨਹੀਂ ਮਿਲਣਗੀਆਂ ਜਿਸ ਕਾਰਨ ਬੈਅ, ਰਾਹਣ, ਤਬਦੀਲ ਮਲਕੀਅਤ ਅਤੇ ਜਮਾਨਤਾਂ ਕਰਵਾਉਣ ਲਈ ਲੋਕਾਂ ਨੂੰ ਬਹੁਤ ਖੱਜਲ ਖੁਆਰੀ ਹੋਵੇਗੀ।
ਉਹਨਾਂ ਕਿਹਾ ਕਿ ਜੋ ਮੁਲਾਜਮ 18-20 ਸਾਲਾਂ ਤੋਂ ਫਰਦ ਕੇਂਦਰਾਂ ਵਿੱਚ ਸੇਵਾ ਨਿਭਾ ਰਹੇ ਹਨ ਉਨ੍ਹਾਂ ਤੇ ਵੀ ਬੇ-ਰੁਜਗਾਰੀ ਦੀ ਤਲਵਾਰ ਲਟਕੇਗੀ। ਇਸ ਤੋਂ ਇਲਾਵਾ ਸੇਵਾ ਕੇਂਦਰ ਵਾਲੇ ਫਰਦਾਂ ਦੇਣ ਵੇਲੇ ਵਾਧੂ ਚਾਰਜ ਵਸੂਲਣਗੇ ਜਿਸ ਕਾਰਨ ਲੋਕਾਂ ਦੀ ਆਰਥਿਕ ਲੁੱਟ ਖਸੁੱਟ ਹੋਰ ਵਧੇਗੀ। ਇਸ ਲਈ ਫਰਦ ਕੇਂਦਰਾਂ ਦੀਆਂ ਸੇਵਾਵਾਂ ਸੇਵਾ ਕੇਂਦਰਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ।

Leave a Reply

Your email address will not be published. Required fields are marked *