ਫਰਵਰੀ 2013 ਵਿੱਚ ਹੋਏ ਐਡਵੋਕੇਟ ਅਮਰਪ੍ਰੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਆਇਆ ਅਹਿਮ ਫੈਸਲਾ

ਫਰਵਰੀ 2013 ਵਿੱਚ ਹੋਏ ਐਡਵੋਕੇਟ ਅਮਰਪ੍ਰੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਆਇਆ ਅਹਿਮ ਫੈਸਲਾ
ਐਸ ਜੀ ਪੀ ਸੀ ਮੈਂਬਰ ਦੇ ਪੁੱਤਰ ਸਮੇਤ 9 ਨੂੰ ਦੋਸ਼ੀ ਐਲਾਨਿਆ, ਉਮਰ ਕੈਦ ਦੀ ਸਜਾ ਸੁਣਾਈ
ਐਸ ਏ ਐਸ ਨਗਰ, 22 ਨਵੰਬਰ (ਸ.ਬ.) 27 ਫਰਵਰੀ 2013 ਨੂੰ ਸਥਾਨਕ ਫੇਜ਼-3ਏ ਵਿੱਚ ਪਾਰਕਿੰਗ ਨੂੰ ਲੈ ਕੇ ਹੋਏ ਇੱਕ ਝਗੜੇ ਤੋਂ ਬਾਅਦ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਐਡਵੋਕੇਟ ਅਮਰਪ੍ਰੀਤ ਸਿੰਘ, ਜਖਮੀ ਕੀਤੇ ਗਏ ਉਸਦੇ ਚਚੇਰੇ ਭਰਾ ਗਗਨਜੋਤ ਸਿੰਘ ਅਤੇ ਉਸਦੇ ਦੋਸਤ ਸਿਮਰਜੀਤ ਸਿੰਘ ਦੇ ਮਾਮਲੇ ਵਿੱਚ ਅੱਜ ਸੈਸ਼ਨ ਅਦਾਲਤ ਵਲੋਂ ਇਸ ਮਾਮਲੇ ਵਿੱਚ ਨਾਮਜਦ 9 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਹਨਾਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ|
ਇਸ ਮਾਮਲੇ ਵਿੱਚ ਪੌਣੇ ਪੰਜ ਸਾਲ ਬਾਅਦ ਇਹ ਫੈਸਲਾ ਆਇਆ ਹੈ| ਅੱਜ ਜਦੋਂ ਮਾਣਯੋਗ ਅਦਾਲਤ ਵਲੋਂ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਤਾਂ ਇਸ ਮਾਮਲੇ ਵਿੱਚ ਇਨਸਾਫ ਦੀ ਲੜਾਈ ਲੜ ਰਹੇ ਐਡਵੋਕੇਟ ਅਮਰਪ੍ਰੀਤ ਸਿੰਘ ਦੇ ਚਾਚੇ ਅਤੇ ਗਗਨਦੀਪ ਸਿੰਘ ਦੇ ਪਿਤਾ ਸ੍ਰ. ਮਨਜੀਤ ਸਿੰਘ ਸੇਠੀ (ਡਿਪਟੀ ਮੇਅਰ, ਨਗਰ ਨਿਗਮ ਐਸ ਏ ਐਸ ਨਗਰ) ਦੀਆਂ ਅੱਖਾਂ ਭਰ ਆਈਆਂ| ਭਰੇ ਗਲੇ ਨਾਲ ਅਦਾਲਤ ਦੇ ਫੈਸਲੇ ਤੇ ਸੰਤੁਸ਼ਟੀ ਜਾਹਿਰ ਕਰਦਿਆਂ ਉਹਨਾਂ ਕਿਹਾ ਕਿ ਅੱਜ ਉਹਨਾਂ ਨੂੰ ਇਨਸਾਫ ਹਾਸਿਲ ਹੋਇਆ ਹੈ| ਉਹਨਾਂ ਕਿਹਾ ਕਿ ਇਹਨਾਂ ਦੋਸ਼ੀਆਂ ਵਲੋਂ ਕਤਲ ਕੀਤੇ ਗਏ ਉਹਨਾਂ ਦੇ ਜਵਾਨ ਭਤੀਜੇ ਦੀ ਵਾਪਸੀ ਤਾਂ ਨਹੀਂ ਹੋ ਸਕਦੀ ਪਰੰਤੂ ਅੱਜ ਅਦਾਲਤ ਵਲੋਂ ਦਿੱਤੇ ਗਏ ਇਸ ਫੈਸਲੇ ਨਾਲ ਉਸਦੀ ਆਤਮਾ ਨੂੰ ਸ਼ਾਂਤੀ ਜਰੂਰ ਹਾਸਿਲ ਹੋ ਗਈ ਹੋਣੀ ਹੈ|
ਸ੍ਰ. ਸੇਠੀ ਨੇ ਕਿਹਾ ਕਿ ਇਨਸਾਫ ਦੀ ਇਸ ਲੜਾਈ ਦੌਰਾਨ ਜਿੱਥੇ ਉਹਨਾਂ ਉੱਪਰ ਮਾਮਲੇ ਦੀਪੈਰਵੀ ਨਾ ਕਰਨ ਲਈ ਸਿਆਸੀ ਦਬਾਓ ਪਾਇਆ ਜਾਂਦਾ ਰਿਹਾ ਉੱਥੇ ਉਹਨਾਂ ਨੂੰ ਧਮਕੀਆਂ ਵੀ ਮਿਲੀਆਂ ਪਰੰਤੂ ਉਹਨਾਂ ਨੂੰ ਵਾਹਿਗੂਰੂ ਤੇ ਪੂਰਾ ਭਰੋਸਾ ਸੀ ਅਤੇ ਉਹ ਇਨਸਾਫ ਦੀ ਇਹ ਲੜਾਈ ਲੜਦੇ ਰਹੇ| ਉਹਨਾਂ ਕਿਹਾ ਕਿ ਉਨਾਂ ਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ਼ ਸੀ ਅਤੇ ਅੱਜ ਉਹਨਾਂ ਨੂੰ ਇਨਸਾਫ ਮਿਲਣ ਨਾਲ ਕਾਨੂੰਨ ਤੇ ਇਹ ਭਰੋਸਾ ਹੋਰ ਵੀ ਮਜਬੂਤ ਹੋਇਆ ਹੈ| ਇਸ ਮੌਕੇ ਸ੍ਰ. ਸੇਠੀ ਨੇ ਇਨਸਾਫ ਦੀ ਇਸ ਲੜਾਈ ਵਿੱਚ ਉਹਨਾਂ ਦਾ ਸਾਥ ਦੇਣ ਵਾਲੇ ਐਡਵੋਕੇਟ ਹਰਨੀਤ ਧਨੋਆ, ਕਮਲਜੀਤ ਸਿੰਘ, ਅਜੈਵੀਰ ਸਿੰਘ ਅਤੇ ਬਾਰ ਐਸੋਸੀਏਸ਼ਨ ਦਾ ਵਿਸ਼ਸ਼ ਧੰਨਵਾਦ ਵੀ ਕੀਤਾ|
ਇਸਤੋਂ ਪਹਿਲਾਂ ਅੱਜ ਸਵੇਰੇ ਅਦਾਲਤ ਵਿੱਚ ਸ਼ੁਰੂ ਹੋਈ ਕਾਰਵਾਈ ਦੌਰਾਨ ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਅਰਚਨਾ ਪੁਰੀ ਵਲੋਂ ਇਸ ਮਾਮਲੇ ਵਿੱਚ ਨਾਮਜਦ ਸਾਰੇ 9 ਮੁਲਜਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ| ਜਿਸ ਉਪਰੰਤ ਇਸ ਮਾਮਲੇ ਵਿੱਚ ਜਮਾਨਤ ਤੇ ਚਲ ਰਹੇ ਲੁਧਿਆਣਾ ਦੇ ਐਸ ਜੀ ਪੀ ਸੀ ਮੈਂਬਰ ਰਣਜੀਤ ਸਿੰਘ ਦੇ ਪੁੱਤਰ ਜਸਵਿੰਦਰ ਸਿੰਘ ਖੱਟੂ, ਉਂਕਾਰ ਸਿੰਘ ਅਤੇ ਸਨਬੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਬਾਕੀ ਦੋਸ਼ੀਆਂ ਧਰਮਿੰਦਰ ਸਿੰਘ ਮੁਲਤਾਨੀ, ਵਿਸ਼ਾਲ ਸ਼ੇਰਾਵਤ, ਸੁਨੀਲ ਭਨੋਟ, ਰਜਤ ਸ਼ਰਮਾ, ਦੀਪਕ ਕੌਸ਼ਲ ਅਤੇ ਕੇਵਿਨ ਸੁਸ਼ਾਂਤ ਦੇ ਨਾਲ ਅਦਾਲਤ ਵਿੱਚ ਬਣੀ ਬੈਰਕ ਵਿੱਚ ਬੰਦ ਕਰ ਦਿੱਤਾ ਗਿਆ| ਇੱਥੇ ਇਹ ਵੀ ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਦੋਸ਼ੀ ਐਲਾਨੇ ਗਏ ਧਰਮਿੰਦਰ ਸਿੰਘ ਮੁਲਤਾਨੀ ਦਾ ਨਾਮ ਕੰਟਰੈਕਟ ਕਿਲਿੰਗ ਮਾਮਲੇ ਵਿੱਚ ਵੀ ਆ ਚੁੱਕਿਆ ਹੈ|
ਸ੍ਰ. ਸੇਠੀ ਤੇ ਵੀ ਚਲਾਈਆਂ ਸੀ ਗੋਲੀਆਂ : ਵਾਰਦਾਤ ਵਾਲੇ ਦਿਨ ਦੀ ਗੱਲ ਕਰਦਿਆਂ ਸ੍ਰ. ਮਨਜੀਤ ਸਿੰਘ
ਸੇਠੀ ਨੇ ਦੱਸਿਆ ਕਿ ਉਹ ਘਟਨਾ ਵਾਲੇ ਸਮੇਂ ਮੌਕੇ ਤੇ ਹੀ ਸਨ ਅਤੇ ਉਸ ਮੌਕੇ ਦੋਸ਼ੀਆਂ ਨੇ ਉਨ੍ਹਾਂ ਤੇ ਵੀ ਫਾਇਰਿੰਗ ਕੀਤੀ ਸੀ| ਉਨ੍ਹਾਂ ਕਿਹਾ ਕਿ ਗੱਡੀ ਵਿੱਚ ਸਵਾਰ ਇਨ੍ਹਾਂ ਦੋਸ਼ੀਆਂ ਨੂੰ ਫੜਣ ਦਾ ਯਤਨ ਕੀਤਾ ਤਾਂ ਦੋਸ਼ੀਆਂ ਵਲੋਂ ਉਹਨਾਂ ਤੇ ਗੋਲੀ ਚਲਾ ਦਿੱਤੀ ਪਰ ਉਹ ਕਿਸੇ ਤਰ੍ਹਾਂ ਬਚ ਗਏ ਅਤੇ ਇਹ ਵਿਅਕਤੀ ਗੋਲੀਆਂ ਚਲਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ|
ਇੱਥੇ ਜਿਕਰਯੋਗ ਹੈ ਕਿ 27 ਫਰਵਰੀ 2013 ਦੀ ਰਾਤ ਨੂੰ ਛੋਟੀ ਜਿਹੀ ਗੱਲ ਕਾਰਨ ਹੋਈ ਤਕਰਾਰ ਤੋਂ ਬਾਅਦ ਦੋਸ਼ੀਆਂ ਨੇ ਨਿਹੱਥੇ ਵਕੀਲ ਅਮਰਪ੍ਰੀਤ ਸਿੰਘ ਤੇ ਗੋਲੀਆਂ ਚਲਾ ਕੇ ਉਸਨੂੰ ਮੌਤ ਤੇ ਘਾਟ ਉਤਾਰ ਦਿੱਤਾ ਸੀ ਅਤੇ ਉਸਦੇ ਚਚੇਰੇ ਭਰਾ ਗਗਨਦੀਪ ਅਤੇ ਉਸਦੇ ਦੋਸਤ ਸਿਮਰਤ ਸਿੰਘ ਨੂੰ ਗੰਭੀਰ ਜਖਮੀ ਕਰ ਦਿੱਤਾ ਸੀ| ਉਸ ਵੇਲੇ ਇਲਾਕੇ ਦੇ ਲੋਕਾਂ ਨੇ ਦੋ ਹਮਲਾਵਾਰਾਂ ਉਂਕਾਰ ਸਿੰਘ ਅਤੇ ਸਨਵੀਰ ਸਿੰਘ ਨੂੰ ਮੌਕੇ ਤੇ ਫੜ ਲਿਆ ਸੀ ਜਦੋਂ ਬਾਕੀ ਦੇ ਹਮਲਾਵਾਰ ਗੋਲੀਆਂ ਚਲਾਉਂਦੇ ਭੱਜਣ ਵਿੱਚ ਕਾਮਜਾਬ ਹੋ ਗਏ ਸਨ|

Leave a Reply

Your email address will not be published. Required fields are marked *