ਫਰਾਂਸ ਵਿੱਚ ਬੱਚੇ ਦਾ ਨਾਂ ‘ਜੇਹਾਦ’ ਰੱਖਣ ਤੇ ਭੜਕੇ ਲੋਕ

ਫਰਾਂਸ, 25 ਅਕਤੂਬਰ (ਸ.ਬ.) ਇਕ ਪੁਰਾਣੀ ਕਹਾਵਤ ਹੈ ਨਾਮ ਵਿਚ ਕੀ ਰੱਖਿਆ ਹੈ ਪਰ ਬੱਚੇ ਦੇ ਜਨਮ ਤੋਂ ਬਾਅਦ ਸਭ ਤੋਂ ਜ਼ਿਆਦਾ ਚਰਚਾ ਜਿਸ ਚੀਜ ਉਤੇ ਹੁੰਦੀ ਹੈ, ਉਹ ਉਸਦਾ ਨਾਮ ਹੀ ਹੁੰਦਾ ਹੈ| ਫਰਾਂਸ ਵਿਚ ਵੀ ਇਨ੍ਹੀਂ ਦਿਨੀਂ ਇਕ ਬੱਚੇ ਦੇ ਨਾਮ ਉਤੇ ਇਸੇ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ| ਦਰਅਸਲ ਫ਼ਰਾਂਸ ਦੇ ਟਾਉਲੂਸ ਸ਼ਹਿਰ ਵਿਚ ਇਕ ਜੋੜੇ ਨੇ ਆਪਣੇ ਬੱਚੇ ਦਾ ਨਾਮ ‘ਜੇਹਾਦ’ ਰੱਖਣ ਦਾ ਫੈਸਲਾ ਕੀਤਾ ਹੈ| ਜਿਸ ਤੋਂ ਬਾਅਦ ਇਸ ਨਾਮ ਉਤੇ ਕਈ ਤਰ੍ਹਾਂ ਦੇ ਸਵਾਲ ਉਠਣ ਲੱਗੇ ਹਨ| ਬੀਤੇ ਕੁੱਝ ਸਾਲਾਂ ਵਿਚ ਫ਼ਰਾਂਸ ਵਿਚ ਕਈ ਅੱਤਵਾਦੀ ਹਮਲੇ ਹੋਏ ਹਨ| ਫ਼ਰਾਂਸ ਦੇ ਮੁੱਖ ਇਸਤਗਾਸਾ ਫਿਲਹਾਲ ਇਸ ਮਸਲੇ ਉਤੇ ਜੱਦੋਜਹਿਦ ਕਰ ਰਹੇ ਹਨ ਕਿ, ਕੀ ਉਨ੍ਹਾਂ ਦੇ ਦੇਸ਼ ਵਿਚ ਕਿਸੇ ਬੱਚੇ ਦਾ ਨਾਮ ‘ਜੇਹਾਦ’ ਰੱਖਿਆ ਜਾ ਸਕਦਾ ਹੈ| ਮੰਨਿਆ ਜਾ ਰਿਹਾ ਹੈ ਕਿ ਇਸ ਮਸਲੇ ਉਤੇ ਫ਼ਰਾਂਸ ਵਿਚ ਪਰਿਵਾਰਕ ਮਾਮਲਿਆਂ ਦੇ ਜੱਜ ਕੋਈ ਫੈਸਲੇ ਦੇ ਸਕਦੇ ਹਨ| ਜ਼ਿਕਰਯੋਗ ਹੈ ਕਿ ‘ਜਿਹਾਦ’ ਸ਼ਬਦ ਦਾ ਅਰਬੀ ਵਿਚ ਮਤਲਬ ਹੁੰਦਾ ਹੈ ‘ਕੋਸ਼ਿਸ਼’ਜਾਂ ‘ਸੰਘਰਸ਼’ ਨਾ ਕਿ ‘ਲੜਾਈ’| ਫ਼ਰਾਂਸ ਦਾ ਕਾਨੂੰਨ ਮਾਤਾ-ਪਿਤਾ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਬੱਚੇ ਦਾ ਨਾਮ ਰੱਖਣ ਦੀ ਆਜ਼ਾਦੀ ਦਿੰਦਾ ਹੈ, ਬਸ਼ਰਤੇ ਉਹ ਨਾਮ ਬੱਚੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਨਾ ਹੋਵੇ ਅਤੇ ਪਰਿਵਾਰ ਦਾ ਕੋਈ ਮੈਂਬਰ ਉਸ ਦਾ ਵਿਰੋਧ ਨਾ ਕਰ ਰਿਹਾ ਹੋਵੇ| ਟਾਉਲੂਸ ਸ਼ਹਿਰ ਵਿਚ ਜਿਸ ਬੱਚੇ ਦਾ ਨਾਮ ਜੇਹਾਦ ਰੱਖਿਆ ਗਿਆ ਹੈ ਉਸ ਦਾ ਜਨਮ ਅਗਸਤ ਵਿਚ ਹੋਇਆ ਸੀ| ਹਾਲਾਂਕਿ ਫ਼ਰਾਂਸ ਵਿਚ ਇਸ ਤੋਂ ਪਹਿਲਾਂ ਕੁੱਝ ਬੱਚਿਆਂ ਨੂੰ ਜੇਹਾਦ ਨਾਮ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ| ਜੇਹਾਦ ਸ਼ਬਦ ਦਾ ਇਸਤੇਮਾਲ ਆਮਤੌਰ ਉਤੇ ਇਸਲਾਮੀ ਅੱਤਵਾਦੀਆਂ ਲਈ ਕੀਤਾ ਜਾਂਦਾ ਹੈ| ਸਾਲ 2015 ਦੀ ਸ਼ੁਰੂਆਤ ਤੋਂ ਹੁਣ ਤੱਕ ਫ਼ਰਾਂਸ ਵਿਚ ਹੋਏ ਅੱਤਵਾਦੀ ਹਮਲਿਆਂ ਵਿਚ 230 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ| ਸਾਲ 2013 ਵਿਚ ਫ਼ਰਾਂਸ ਦੇ ਸ਼ਹਿਰ ਨਾਈਮਸ ਵਿਚ ਇਕ ਔਰਤ ਉਤੇ ਇਸ ਵਜ੍ਹਾ ਨਾਲ ਇਕ ਮਹੀਨੇ ਦੀ ਜੇਲ ਅਤੇ 2,353 ਡਾਲਰ (ਡੇਢ ਲੱਖ ਰੁਪਏ ਤੋਂ ਜ਼ਿਆਦਾ) ਦਾ ਜ਼ੁਰਮਾਨਾ ਲਗਾਇਆ ਗਿਆ ਸੀ, ਕਿਉਂਕਿ ਉਨ੍ਹਾਂ ਨੇ ਆਪਣੇ 3 ਸਾਲ ਦੇ ਬੱਚੇ ਨੂੰ ਇਕ ਅਜਿਹੀ ਟੀ-ਸ਼ਰਟ ਪੁਆ ਕੇ ਸਕੂਲ ਭੇਜਿਆ ਸੀ ਜਿਸ ‘ਤੇ ਲਿਖਿਆ ਸੀ, ਮੈਂ ਇਕ ਬੰਬ ਹਾਂ, ਜੇਹਾਦ, ਜਨਮ-11 ਸਤੰਬਰ| ਹਾਲਾਂਕਿ ਇਸ ਔਰਤ ਨੂੰ ਇਹ ਸਜ਼ਾ ਜੇਹਾਦ ਸ਼ਬਦ ਲਈ ਨਹੀਂ ਸਗੋਂ ਉਤੇਜਕ ਸ਼ਬਦਾਂ ਵਾਲੀ ਟੀ-ਸ਼ਰਟ ਪੁਆਉਣ ਲਈ ਦਿੱਤੀ ਗਈ ਸੀ| 11 ਸਤੰਬਰ ਦੀ ਤਾਰੀਖ ਅਮਰੀਕਾ ਉਤੇ ਹੋਏ ਅੱਤਵਾਦੀ ਹਮਲਿਆਂ ਲਈ ਯਾਦ ਕੀਤੀ ਜਾਂਦੀ ਹੈ|

Leave a Reply

Your email address will not be published. Required fields are marked *