ਫਰੀਦਕੋਟ ਰੈਲੀ ਲਈ ਹਾਈਕੋਰਟ ਵੱਲੋਂ ਅਕਾਲੀ ਦਲ ਨੂੰ ਹਰੀ ਝੰਡੀ

ਚੰਡੀਗੜ੍ਹ, 15 ਸਤੰਬਰ (ਸ.ਬ.) ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਕਾਲੀ ਦਲ ਨੂੰ ਫਰੀਦਕੋਟ ਵਿੱਚ 16 ਨੂੰ ਹੋਣ ਵਾਲੀ ਪੋਲ ਖੋਲ੍ਹ ਰੈਲੀ ਦੀ ਇਜਾਜ਼ਤ ਦੇ ਦਿੱਤੀ ਹੈ| ਰੈਲੀ ਦੀ ਮਨਜ਼ੂਰੀ ਦੇ ਨਾਲ-ਨਾਲ ਅਦਾਲਤ ਨੇ ਸਰਕਾਰ ਨੂੰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੇ ਸਖ਼ਤ ਨਿਰਦੇਸ਼ ਵੀ ਦਿੱਤੇ ਹਨ|
ਇਸਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਰੈਲੀ ਤੇ ਇਹ ਕਹਿ ਕੇ ਰੋਕ ਲਾ ਦਿੱਤੀ ਸੀ ਕਿ ਫਰੀਦਕੋਟ ਦੀ ਇਸ ਰੈਲੀ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਸਕਦਾ ਹੈ ਤੇ ਟਕਰਾਅ ਤੇ ਹਿੰਸਾ ਹੋਣ ਦੇ ਕਾਫੀ ਆਸਾਰ ਹਨ| ਪ੍ਰਸ਼ਾਸਨ ਵੱਲੋਂ ਇਜਾਜ਼ਤ ਨਾ ਮਿਲਣ ਪਿੱਛੋਂ ਅਕਾਲੀ ਦਲ ਨੇ ਅਦਾਲਤ ਦਾ ਰੁਖ ਅਖਤਿਆਰ ਕੀਤਾ ਸੀ| ਜਿਸ ਤੇ ਅੱਜ ਸੁਣਵਾਈ ਪਿੱਛੋਂ ਫੈਸਲਾ ਅਕਾਲੀ ਦਲ ਦੇ ਹੱਕ ਵਿੱਚ ਆਇਆ| ਦਰਅਸਲ, ਅਕਾਲੀ ਦਲ ਨੇ ਬੇਅਦਬੀ ਤੇ ਗੋਲ਼ੀਕਾਂਡਾਂ ਤੇ ਤਿਆਰ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਜਵਾਬ ਦੇਣ ਲਈ ਪੋਲ ਖੋਲ੍ਹ ਰੈਲੀ ਕਰਨ ਦਾ ਐਲਾਨ ਕੀਤਾ ਸੀ| ਪਹਿਲਾਂ ਇਹ ਰੈਲੀ ਬਰਗਾੜੀ ਵਿੱਚ ਹੀ ਕੀਤੀ ਜਾਣੀ ਸੀ| ਬਰਗਾੜੀ ਵਿੱਚ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਮੁਤਵਾਜ਼ੀ ਜਥੇਦਾਰਾਂ ਦੀ ਅਗਵਾਈ ਵਿੱਚ ਪਹਿਲਾਂ ਹੀ ਮੋਰਚਾ ਲੱਗਾ ਹੋਇਆ ਹੈ|
ਅਕਾਲੀ ਦਲ ਨੇ ਮੋਰਚੇ ਕਾਰਨ ਸੰਭਾਵੀ ਟਕਰਾਅ ਤੋਂ ਬਚਣ ਲਈ 16 ਤਰੀਕ ਦੀ ਰੈਲੀ ਨੂੰ ਫਰੀਦਕੋਟ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਮੋਰਚੇ ਦੇ ਆਗੂਆਂ ਨੇ 16 ਤਰੀਕ ਨੂੰ ਹੀ ਵੱਧ ਤੋਂ ਵੱਧ ਸੰਗਤ ਨੂੰ ਬਰਗਾੜੀ ਵਿਖੇ ਪਹੁੰਚਣ ਦੀ ਅਪੀਲ ਕੀਤੀ| ਮੋਰਚੇ ਵਲੋਂ ਪਿਛਲੀ ਬਾਦਲ ਸਰਕਾਰ ਦੀ ਲਗਾਤਾਰ ਖ਼ਿਲਾਫਤ ਹੁੰਦੀ ਆਈ ਹੈ| ਇਸ ਤੋਂ ਬਾਅਦ ਕੱਲ੍ਹ ਫਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਰੈਲੀ ਉੱਪਰ ਰੋਕ ਲਾ ਦਿੱਤੀ ਸੀ|

Leave a Reply

Your email address will not be published. Required fields are marked *