ਫਰੀਦਕੋਟ ਵਿੱਚ ਵਿਅਕਤੀ ਨੇ ਆਪਣੀ ਪਤਨੀ ਤੇ ਬੱਚਿਆਂ ਸਮੇਤ ਖ਼ੁਦ ਨੂੰ ਮਾਰੀ ਗੋਲੀ

ਫਰੀਦਕੋਟ, 6 ਫਰਵਰੀ (ਸ.ਬ.) ਫਰੀਦਕੋਟ ਵਿੱਚ ਇੱਕ ਰੂਹ ਕੰਬਾਊ ਵਾਰਦਾਤ ਦੌਰਾਨ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਬਾਅਦ ਵਿੱਚ ਉਕਤ ਵਿਅਕਤੀ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ।

ਇਸ ਘਟਨਾ ਦੌਰਾਨ ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਪਤੀ-ਪਤਨੀ ਦੋਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਪਤੀ ਨੇ ਵੀ ਦਮ ਤੋੜ ਦਿੱਤਾ।

ਮ੍ਰਿਤਕ ਵਿਅਕਤੀ ਦੀ ਪਛਾਣ ਨਰਾਇਣ ਨਗਰ ਦੇ ਰਹਿਣ ਵਾਲੇ ਠੇਕੇਦਾਰ ਕਰਨ ਕਟਾਰੀਆ ਵੱਜੋਂ ਹੋਈ ਹੈ। ਕਰਨ ਕਟਾਰੀਆ ਨੇ ਅੱਜ ਸਵੇਰੇ ਕਰੀਬ 5 ਵਜੇ ਆਪਣੀ ਪਤਨੀ ਅਤੇ 2 ਛੋਟੇ ਬੱਚਿਆਂ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਖ਼ੁਦ ਨੂੰ ਵੀ ਗੋਲੀ ਮਾਰ ਲਈ। ਇਸ ਘਟਨਾ ਦੌਰਾਨ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਕਰਨ ਕਟਾਰੀਆ ਅਤੇ ਉਸ ਦੀ ਪਤਨੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਕਰਨ ਕਟਾਰੀਆ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਪਰ ਉਸ ਨੇ ਦਮ ਤੋੜ ਦਿੱਤਾ। ਕਰਨ ਕਟਾਰੀਆ ਦੀ ਪਤਨੀ ਨੂੰ ਫਰੀਦਕੋਟ ਦੇ ਜੀ. ਜੀ. ਐਸ. ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਠੇਕੇਦਾਰ ਨੇ ਇਕ ਖ਼ੁਦਕੁਸ਼ੀ ਨੋਟ ਵੀ ਲਿਖਿਆ ਹੈ ਅਤੇ ਪਰਿਵਾਰ ਵੱਲੋਂ ਕੰਮ-ਕਾਰ ਵਿੱਚ ਪਰੇਸ਼ਾਨੀ ਆਉਣ ਦੇ ਚੱਲਦਿਆਂ ਅਜਿਹਾ ਕਦਮ ਚੁੱਕੇ ਜਾਣ ਦੀ ਗੱਲ ਕਹੀ ਹੈ। ਫਿਲਹਾਲ ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਸੇਵਾ ਸਿੰਘ ਮੱਲੀ ਦਾ ਕਹਿਣਾ ਹੈ ਕਿ ਤੱਥਾਂ ਦੇ ਆਧਾਰ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Leave a Reply

Your email address will not be published. Required fields are marked *