ਫਲੋਰੀਡਾ ਏਅਰ ਪੋਰਟ ਤੇ ਹਮਲਾ: ਸਾਰੇ ਕੈਨੇਡੀਅਨ ਸੁਰੱਖਿਅਤ

ਟੋਰਾਂਟੋ, 7 ਜਨਵਰੀ (ਸ.ਬ.) ਅਮਰੀਕਾ ਦੇ ਫਲੋਰੀਡਾ ਵਿੱਚ ਫੋਰਟ ਲਾਡਰਡੇਲ ਏਅਰ ਪੋਰਟ ਤੇ ਇਕ ਹਮਲਾਵਰ ਨੇ ਗੋਲੀਬਾਰੀ ਕਰ ਦਿੱਤੀ| ਇਸ ਹਮਲੇ ਵਿਚ ਹੁਣ ਤੱਕ 5 ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦੋਂ ਕਿ 8 ਵਿਅਕਤੀ ਜ਼ਖਮੀ ਹੋਏ ਹਨ| ਇਸ ਹਮਲੇ ਵਿਚ ਸਾਰੇ ਕੈਨੇਡੀਅਨ ਸੁਰੱਖਿਅਤ ਹਨ| ਕੈਨੇਡੀਅਨ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਉਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਗੋਲੀਬਾਰੀ ਵਿਚ ਕਿਸੇ ਕੈਨੇਡੀਅਨ ਨਾਗਰਿਕ ਨੂੰ ਤਾਂ ਕੋਈ ਨੁਕਸਾਨ ਨਹੀਂ ਪਹੁੰਚਿਆ| ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸਟੀਫੇਨ ਡਿਓਨ ਨੇ ਦੱਸਿਆ ਕਿ ਫਿਲਹਾਲ ਕਿਸੇ ਕੈਨੇਡੀਅਨ ਨਾਗਰਿਕ ਨੂੰ ਨੁਕਸਾਨ ਪਹੁੰਚਣ ਦੀ ਕੋਈ ਜਾਣਕਾਰੀ ਨਹੀਂ ਹੈ| ਏਅਰ ਕੈਨੇਡਾ ਅਤੇ ਵੈਸਟਜੈਟ ਏਅਰਲਾਈਨ ਨੇ ਕਿਹਾ ਕਿ ਫੋਰਟ ਲਾਡਰਡੇਲ ਏਅਰਪੋਰਟ ਤੇ ਉਨ੍ਹਾਂ ਦੇ ਸਾਰੇ ਮੁਸਾਫਰ ਅਤੇ ਮੁਲਾਜ਼ਮ ਸੁਰੱਖਿਅਤ ਹਨ|
ਫਲੋਰੀਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾਵਰ ਕੈਨੇਡਾ ਦੀ ਫਲਾਈਟ ਤੇ ਸਵਾਰ ਹੋ ਕੇ ਫਲੋਰੀਡਾ ਪਹੁੰਚਿਆ| ਇਸ ਦਾਅਵੇ ਨੇ ਓਟਾਵਾ ਦੇ ਅਧਿਕਾਰੀਆਂ ਦੀ ਨੀਂਦ ਉਡਾ ਦਿੱਤੀ ਹੈ| ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਹਮਲਾਵਰ ਕੈਨੇਡਾ ਦੀ ਕਿਸੇ ਫਲਾਈਟ ਵਿਚ ਸਵਾਰ ਨਹੀਂ ਸੀ| ਪੁਲੀਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ| ਉਸ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ| ਗੋਲੀਬਾਰੀ ਤੋਂ ਬਾਅਦ ਪੂਰੇ ਏਅਰ ਪੋਰਟ ਨੂੰ ਸੀਲ ਕਰ ਦਿੱਤਾ ਗਿਆ ਅਤੇ ਸਾਰੀਆਂ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ|

Leave a Reply

Your email address will not be published. Required fields are marked *