ਫਲੋਰੀਡਾ ਗੋਲੀਬਾਰੀ ਦੇ ਤਿੰਨ ਹਫਤੇ ਬਾਅਦ ਪਾਸ ਹੋਇਆ ‘ਗਨ ਸੇਫਟੀ’ ਬਿੱਲ

ਵਾਸ਼ਿੰਗਟਨ, 9 ਮਾਰਚ (ਸ.ਬ.) ਅਮਰੀਕਾ ਦੇ ਫਲੋਰੀਡਾ ਵਿਚ ਹੋਈ ਗੋਲੀਬਾਰੀ ਦੀ ਘਟਨਾ ਦੇ ਤਿੰਨ ਹਫਤਿਆਂ ਬਾਅਦ ਬੀਤੇ ਦਿਨੀਂ ਗਨ ਸੇਫਟੀ ਬਿੱਲ ਪਾਸ ਹੋ ਗਿਆ| ਇਸ ਬਿੱਲ ਮੁਤਾਬਕ ਹਥਿਆਰ ਖਰੀਦਣ ਦੀ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰ ਦਿੱਤੀ ਗਈ ਹੈ| ਇਸ ਦੇ ਨਾਲ ਹੀ ਹੁਣ ਸਕੂਲ ਕਰਮਚਾਰੀ ਵੀ ਆਪਣੇ ਕੋਲ ਹਥਿਆਰ ਰੱਖ ਸਕਣਗੇ ਅਤੇ ਕੋਈ ਵੀ ਹਥਿਆਰ ਖਰੀਦਣ ਤੋਂ ਪਹਿਲਾਂ ਘੱਟ ਤੋਂ ਘੱਟ ਤਿੰਨ ਦਿਨਾਂ ਤੱਕ ਇੰਤਜ਼ਾਰ ਕਰਨਾ ਪਵੇਗਾ| ਬੀਤੇ ਮਹੀਨੇ ਪਾਰਕਲੈਂਡ ਦੇ ਮਾਰਜਰੀ ਸਟੋਨਮੈਨ ਡਗਲਸ ਹਾਈ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਬਚੇ ਲੋਕਾਂ, ਖਾਸ ਕਰ ਕੇ ਵਿਦਿਆਰਥੀਆਂ ਦੀਆਂ ਕੋਸ਼ਿਸ਼ਾਂ ਦੇ ਦਬਾਅ ਵਿਚ ਆ ਕੇ ਫਲੋਰੀਡਾ ਰਾਜ ਦੀ ਸਰਕਾਰ ਨੇ ਇਹ ਬਿੱਲ ਪਾਸ ਕੀਤਾ ਹੈ| ਘਟਨਾ ਵਿਚ ਮਾਰੀ ਗਈ ਲੜਕੀ ਦੇ ਪਿਤਾ ਰੇਆਨ ਪੇਟੀ ਨੇ ਸੋਸ਼ਲ ਮੀਡੀਆ ਤੇ ਪੋਸਟ ਕਰ ਕੇ ਬਿੱਲ ਪਾਸ ਹੋਣ ਤੇ ਸੰਸਦ ਮੈਂਬਰਾਂ ਦੀ ਪ੍ਰਸ਼ੰਸਾ ਕੀਤੀ| ਫਲੋਰੀਡਾ ਦੀ ਸੈਨੇਟ ਵਿਚ ਬਿੱਲ ਦੇ ਸਮਰਥਨ ਵਿਚ 50 ਦੇ ਮੁਕਾਬਲੇ 67 ਵੋਟ ਪਏ| 10 ਡੈਮੋਕ੍ਰੈਟ ਸੰਸਦ ਮੈਂਬਰਾਂ ਨੇ ਅਤੇ 57 ਰੀਪਬਲਿਕਨ ਸੰਸਦ ਮੈਂਬਰਾਂ ਨੇ ਸਮਰਥਨ ਦਿੰਦੇ ਹੋਏ ਬਿੱਲ ਦੇ ਪੱਖ ਵਿਚ ਵੋਟਿੰਗ ਕੀਤੀ| ਉਥੇ 19 ਰੀਪਬਲਿਕਨ ਸੰਸਦ ਮੈਂਬਰਾਂ ਨੇ ਅਤੇ 31 ਡੈਮੋਕ੍ਰੈਟ ਸੰਸਦ ਮੈਂਬਰਾਂ ਨੇ ਬਿੱਲ ਦੇ ਵਿਰੋਧ ਵਿਚ ਵੋਟਿੰਗ ਕੀਤੀ|

Leave a Reply

Your email address will not be published. Required fields are marked *