ਫਾਰਮਾਸਿਸਟ 15 ਅਗਸਤ ਨੂੰ ਪਟਿਆਲਾ ਵਿਖੇ ਕੈਬਨਿਟ ਮੰਤਰੀ ਬਾਜਵਾ ਨੂੰ ਵਿਖਾਉਣਗੇ ਕਾਲੀਆਂ ਝੰਡੀਆ

ਐਸ ਏ ਐਸ ਨਗਰ, 10 ਅਗਸਤ (ਸ.ਬ.) ਰੂਰਲ ਹੈਲਥ ਫਾਰਮਾਸਿਸਟ ਐਸੋਸੀਏਸ਼ਨ ਪੰਜਾਬ ਵੱਲੋਂ ਸਰਕਾਰ ਦੁਆਰਾ ਮੰਨੀਆਂ ਹੋਈਆਂ ਮੰਗਾਂ ਨੂੰ ਹਾਲੇ ਤੱਕ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ ਆਪਣੇ ਸੰਘਰਸ਼ ਨੂੰ ਤਿੱਖਾ ਕਰਦੇ ਹੋਏ 15 ਅਗਸਤ ਨੂੰ ਪਟਿਆਲਾ ਵਿਖੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੂੰ ਕਾਲੀਆਂ ਝੰਡੀਆਂ ਵਿਖਾਏ ਜਾਣ ਦਾ ਐਲਾਨ ਕੀਤਾ ਹੈ| ਸਮੂਹ ਫਾਰਮਾਸਿਸਟ ਇਸ ਤੋਂ ਪਹਿਲਾਂ 26 ਜੁਲਾਈ ਨੂੰ ਜਿਲ੍ਹਾ ਪੱਧਰਾਂ ਤੇ ਰੋਸ ਪ੍ਰਦਰਸ਼ਨ ਕਰਕੇ ਸੰਘਰਸ਼ ਦੀ ਸ਼ੁਰੂਆਤ ਕਰਦਿਆਂ ਅਤੇ ਉਸ ਤੋਂ ਬਾਅਦ 6 ਅਗਸਤ ਨੂੰ ਮੁਹਾਲੀ ਵਿਖੇ ਡਾਇਰੈਕਟਰ ਪੇਂਡੂ ਵਿਕਾਸ ਦਫਤਰ ਵਿਖੇ ਸੂਬਾ ਪੱਧਰੀ ਰੈਲੀ ਵੀ ਕਰ ਚੁੱਕੇ ਹਨ| ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜੋਤ ਰਾਮ ਅਤੇ ਚੇਅਰਮੈਨ ਸਤਪਾਲ ਚੀਮਾ ਨੇ ਕਿਹਾ ਕਿ ਸਮੂਹ ਫਾਰਮਾਸਿਸਟ ਕੈਪਟਨ ਸਰਕਾਰ ਦੁਆਰਾ ਹੀ ਸਾਲ 2006 ਦੌਰਾਨ ਠੇਕੇ ਤੇ ਨਿਯੁਕਤ ਕੀਤੇ ਗਏ ਸਨ ਪਰ ਹੁਣ ਲਗਭਗ 12 ਸਾਲ ਬੀਤ ਜਾਣ ਬਾਅਦ ਵੀ ਫਾਰਮਾਸਿਸਟਾਂ ਦੀਆਂ ਸੇਵਾਵਾਂ ਨੂੰ ਨਿਯਮਿਤ ਨਹੀਂ ਕੀਤਾ ਜਾ ਰਿਹਾ ਜਦੋਂਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖੁਦ ਕੈਪਟਨ ਨੇ ਸਰਕਾਰ ਬਣਦਿਆਂ ਹੀ ਫਾਰਮਾਸਿਸਟਾਂ ਨੂੰ ਹੱਕ ਦੇਣ ਦਾ ਵਾਅਦਾ ਕੀਤਾ ਸੀ ਜਿਸਨੂੰ ਲੈ ਕੇ ਸਮੇਂ ਸਮੇਂ ਤੇ ਯੂਨੀਅਨ ਵਫਦ ਦੀਆਂ ਮੀਟਿੰਗਾਂ ਮਹਿਕਮੇ ਦੇ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨਾਲ ਹੋਈਆਂ ਜਿਸਦੇ ਤਹਿਤ 10 ਜੁਲਾਈ ਨੂੰ ਹੋਈ ਮੀਟਿੰਗ ਦੌਰਾਨ ਸ੍ਰੀ ਬਾਜਵਾ ਨੇ ਸਮੂਹ ਕੰਮ ਕਰ ਰਹੇ ਰਜਿਸਟਰਡ ਫਾਰਮਾਸਿਸਟਾਂ ਦੇ ਮੌਜੂਦਾ ਸਰਵਿਸ ਕੰਟਰੈਕਟ ਵਿੱਚ ਸੋਧ ਕਰਦੇ ਹੋਏ ਪੇ ਸਕੇਲ ਤਹਿਤ ਕੰਟਰੈਕਟ ਲੀਗਲਾਈਜ ਕਰਨ ਦਾ ਫੈਸਲਾ ਲਿਆ ਗਿਆ ਸੀ ਜਿਸਨੂੰ ਇਕ ਮਹੀਨਾ ਹੋ ਚੁੱਕਾ ਹੈ ਪਰ ਪੇਂਡੂ ਵਿਕਾਸ ਪੰਚਾਇਤ ਮਹਿਕਮੇ ਵੱਲੋਂ ਅਨਦੇਖੀ ਕੀਤੀ ਜਾ ਰਹੀ ਹੈ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜੋ ਕਿ ਟਾਲ ਮਟੋਲ ਦੀ ਨੀਤੀ ਹੈ ਜਿਸਦੇ ਰੋਸ ਵਜੋਂ ਮਜਬੂਰਨ ਫਾਰਮਾਸਿਸਟਾਂ ਨੂੰ ਸੰਘਰਸ਼ ਦੇ ਰਾਹ ਪੈਣਾ ਪਿਆ ਉਹਨਾਂ ਕਿਹਾ ਸਮੂਹ ਫਾਰਮਾਸਿਸਟ ਆਪਣੀ ਮੰਗ ਲਾਗੂ ਹੋਣ ਤੱਕ ਸੰਘਰਸ਼ ਜਾਰੀ ਰੱਖਣਗੇ|

Leave a Reply

Your email address will not be published. Required fields are marked *