ਫਿਰ ਵਿਵਾਦਾਂ ਵਿੱਚ ਆਏ ਕ੍ਰਿਕਟਰ ਜਡੇਜਾ, ਰੈਸਟੋਰੈਂਟ ਦੀ ਗੈਰ-ਕਾਨੂੰਨੀ ਉਸਾਰੀ ਤੇ ਚੱਲਿਆ ਬੁਲਡੋਜ਼ਰ

ਰਾਜਕੋਟ, 16 ਦਸੰਬਰ (ਸ.ਬ.) ਸਟਾਰ ਕ੍ਰਿਕਟਰ ਰਵਿੰਦਰ ਜਡੇਜਾ ਦੇ ਜੱਦੀ ਸ਼ਹਿਰ ਗੁਜਰਾਤ ਦੇ ਰਾਜਕੋਟ ਵਿੱਚ ਉਨ੍ਹਾਂ ਵੱਲੋ ਲਗਭਗ 4 ਸਾਲ ਪਹਿਲਾਂ ਸ਼ੁਰੂ ਕੀਤੇ ਗਏ ਲੋਕਪ੍ਰਿਯ ਰੈਸਟੋਰੈਂਟ ”ਜੱਡੂਸ ਫੂਡ ਫ਼ੀਲਡ” ਨਾਲ ਜੁੜੀ ਹੋਈ ਗੈਰ-ਕਾਨੂੰਨੀ ਉਸਾਰੀ ਨੂੰ ਨਗਰਪਾਲਿਕਾ ਦੇ ਬੁਲਡੋਜ਼ਰਾਂ ਨੇ ਢਹਿ-ਢੇਰੀ ਕਰ ਦਿੱਤਾ|
ਕ੍ਰਿਕਟ ਦੀ ਤਰਜ਼ ਤੇ ਸਜਾਏ ਗਏ ਇਸ ਰੈਸਟੋਰੈਂਟ ਨੂੰ ਜਡੇਜਾ ਨੇ 12 ਦਸੰਬਰ ਅਰਥਾਤ 12-12-12 ਨੂੰ ਸ਼ੁਰੂ ਕੀਤਾ ਸੀ ਅਤੇ ਇਹ ਖੇਡ ਪ੍ਰੇਮੀਆਂ ‘ਤੇ ਸਥਾਨਕ ਨਿਵਾਸੀਆਂ ਵਿੱਚ ਬਹੁਤ ਲੋਕਪ੍ਰਿਯ ਵੀ ਹੋ ਗਿਆ ਸੀ|
ਇਸਦੇ ਪਿਛਲੇ ਹਿੱਸੇ ਵਿੱਚ ਲਗਭਗ 200 ਵਰਗ ਫੁੱਟ ਵਿੱਚ ਗੈਰ-ਕਾਨੂੰਨੀ ਉਸਾਰੀ ਕਰਕੇ ਉਸਨੂੰ ਰਸੋਈ ਅਤੇ ਸਟੋਰ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਰਿਹਾ ਸੀ| ਇਸ ਦੀ ਸ਼ਿਕਾਇਤ ਕੁਝ ਲੋਕਾਂ ਨੇ ਨਗਰ ਨਿਗਮ ਦੇ ਸ਼ਹਿਰੀ ਯੋਜਨਾ ਵਿਭਾਗ ਕੋਲ ਕੀਤੀ ਸੀ| ਇਸ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਸਹੀ ਪਾਈ ਗਈ ਅਤੇ ਕਾਲਾਵਾੜ ਰੋੜ ਤੇ ਸਥਿਤ ਇਸ ਰੈਸਟੋਰੈਂਟ ਦੀ ਗੈਰ-ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ ਗਿਆ ਹੈ| ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ”ਜੁਰਮਾਨਾ” ਵੀ ਲਗਾਇਆ ਜਾ ਸਕਦਾ ਹੈ|
ਇਸ ਰੈਸਟੋਰੈਂਟ ਦਾ ਕਾਰੋਬਾਰ ਸੰਭਾਲਣ ਵਾਲੀ ਜਡੇਜਾ ਦੀ ਭੈਣ ਨੈਨਾਬੇਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ| ਦੇਖਣ ਵਿੱਚ ਆਇਆ ਹੈ ਕਿ ਰਾਜਕੋਟ ਤੋਂ ਲਗਭਗ 100 ਕਿਲੋਮੀਟਰ ਦੂਰ ਜਾਮਨਗਰ ਦੇ ਮੂਲ ਨਿਵਾਸੀ ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਜਡੇਜਾ ਪਿਛਲੇ ਦਿਨਾਂ ਵਿੱਚ ਵੀ ਚਰਚਾ ਵਿੱਚ ਰਹੇ ਸਨ| ਪਹਿਲਾਂ ਉਨ੍ਹਾਂ ਦੇ ਵਿਆਹ ਵਿੱਚ ਵਰ ਘੋੜਾ ਦੀ ਰਸਮ ਦੇ ਦੌਰਾਨ ਹੋਈ ਫ਼ਾਇਰਿੰਗ ਅਤੇ ਬਾਅਦ ਵਿੱਚ ਆਪਣੀ ਪਤਨੀ ਨਾਲ ਗੀਰ ਦੇ ਜੰਗਲ ਵਿੱਚ ਸ਼ੇਰਾਂ ਦੇ ਵਿਚਾਲੇ ਸੈਲਫ਼ੀ ਲੈਣ ਦੇ ਕਾਰਨ ਉਹ ਚਰਚਾ ਵਿੱਚ ਰਹੇ ਸੀ| ਉਨ੍ਹਾਂ ਨੂੰ ਸ਼ੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਸੈਲਫ਼ੀ ਦੇ ਕਰਕੇ ਵਣ-ਵਿਭਾਗ ਨੂੰ ਜੁਰਮਾਨਾ ਵੀ ਦੇਣਾ ਪਿਆ ਸੀ|

Leave a Reply

Your email address will not be published. Required fields are marked *