ਫਿਲਮੀ ਪ੍ਰਭਾਵ ਤੋਂ ਮੁਕਤ ਹੋ ਰਹੀ ਹੈ ਤਮਿਲਨਾਡੂ ਦੀ ਰਾਜਨੀਤੀ

ਤਾਮਿਲਨਾਡੂ ਦੇ ਰਾਜਨੀਤਿਕ ਇਤਿਹਾਸ ਵਿੱਚ ਇੱਕ ਨਵਾਂ ਸੂਰਜ  ਉੱਗਿਆ ਹੈ| ਲੰਬੇ ਫਿਲਮੀ ਆਧਾਰਿਤ ਰਾਜਨੀਤਿਕ ਇਤਿਹਾਸ ਤੋਂ ਬਾਅਦ ਮੁੱਖ ਮੰਤਰੀ ਦੀ ਕੁਰਸੀ ਤੇ ਇੱਕ ਅਜਿਹਾ ਵਿਅਕਤੀ ਬੈਠਾ ਹੈ, ਜਿਸਦਾ ਕੋਈ ਫਿਲਮੀ ਪਿਛੋਕੜ ਨਹੀਂ ਹੈ| ਏ ਆਈ ਏ ਡੀ ਐਮ ਕੇ ਦੇ ਕੇ. ਪਲਨੀਸਵਾਮੀ ਪਹਿਲੇ ਅਜਿਹੇ ਮੁੱਖਮੰਤਰੀ ਬਣੇ ਹਨ, ਜਿਨ੍ਹਾਂ ਤੇ ਫਿਲਮਾਂ ਦੀ ਛਾਪ ਨਹੀਂ ਹੈ| ਸਹੀ ਮਾਇਨੇ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਪ੍ਰਦੇਸ਼ ਦੀ ਰਾਜਨੀਤੀ ਕਿਸੇ ਤਰ੍ਹਾਂ ਕਾਲਪਨਿਕ ਜਾਦੁਈ ਛਵੀ ਦੇ ਉਲਟ ਲੋਕਤੰਤਰ ਦੀ ਪਥਰੀਲੀ ਧਰਾ ਤੇ ਆਪਣੇ ਬਲਬੂਤੇ ਚੱਲੇਗੀ| ਅਜਿਹੇ ਵਿੱਚ ਸੁਨਹਿਰੀ ਪਰਦੇ ਦੀ ਤਰ੍ਹਾਂ ਜਨਤਕ ਉਮੀਦਾਂ ਤੇ ਖਰਾ ਉਤਰਨ ਦੀ ਜ਼ਮੀਨੀ ਸਚਾਈ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੈ|
ਜੈਲਲਿਤਾ ਦੀ ਮੌਤ ਤੋਂ ਬਾਅਦ ਇਹ ਵੀ ਨਿਸ਼ਚਿਤ ਹੈ ਕਿ ਭਵਿੱਖ ਦੀ ਰਾਜਨੀਤੀ ਵਿੱਚ ਹੀਰੋ ਆਸਾਨੀ ਨਾਲ ਆਪਣੀ ਸੈਲਿਊਲਾਇਡ ਦੀ ਛਵੀ ਦਾ ਲਾਭ ਨਹੀਂ ਲੈ ਸਕਣਗੇ| ਚਾਹੇ ਉਹ ਰਜਨੀਕਾਂਤ ਹੋਣ ਜਾਂ ਵਿਜੈਕਾਂਤ| ਵੋਟਰ ਪੂਰਵ ਨਿਰਧਾਰਿਤ ਛਵੀ ਦੇ ਸਹਾਰੇ ਨਹੀਂ ਬਲਕਿ ਸਰਕਾਰ ਦੇ ਕੰਮਕਾਜ ਦੇ ਆਕਲਨ ਤੇ ਰਾਜਨੀਤਿਕ ਪਾਰਟੀਆਂ ਦਾ ਫੈਸਲਾ ਕਰਨਗੇ| ਹਾਲਾਂਕਿ ਸੱਤਾਧਾਰੀ ਏ ਆਈ ਏ ਡੀ ਐਮ ਕੇ ਕੇ ਦੋਵਾਂ ਗੁਟਾਂ (ਸ਼ਸ਼ੀਕਲਾ ਅਤੇ ਪੰਨੀਰਸੈਲਵਮ) ਨੇ ਸਵ. ਜੈਲਲਿਤਾ ਦੀ ਛਵੀ ਨੂੰ ਭੁਨਾਉਣ ਵਿੱਚ ਕਸਰ ਨਹੀਂ ਛੱਡੀ| ਸ਼ਸ਼ੀਕਲਾ ਦੀ ਤਰ੍ਹਾਂ ਆਮਦਨ ਤੋਂ ਜਿਆਦਾ ਜਾਇਦਾਦ ਦੇ ਮਾਮਲੇ ਵਿੱਚ ਸਜਾ ਹੋਣ ਤੋਂ ਬਾਅਦ ਹੁਣ ਪਾਰਟੀ ਲਈ ਸਵ. ਜੈਲਲਿਤਾ ਦਾ ਰਾਜਨੀਤਿਕ ਇਸਤੇਮਾਲ ਆਸਾਨ ਨਹੀਂ ਹੈ| ਜੇਕਰ ਜੈਲਲਿਤਾ ਜਿੰਦਾ ਵੀ ਹੁੰਦੀ ਉਦੋਂ ਵੀ ਜੇਲ੍ਹ ਜਾਣ ਤੋਂ ਬਾਅਦ ਵੋਟਰਾਂ ਵਿੱਚ ਪਹਿਲਾਂ ਵਰਗੀ ਸ਼ਰਧਾ ਨੂੰ ਬਰਕਰਾਰ ਰੱਖਣਾ ਮੁਸ਼ਕਿਲ ਭਰਿਆ ਹੁੰਦਾ|
ਆਜ਼ਾਦੀ ਤੋਂ ਬਾਅਦ ਹੀ ਤਾਮਿਲਨਾਡੂ ਦਾ ਰਾਜਨੀਤਿਕ ਇਤਿਹਾਸ ਤਾਮਿਲ ਸਿਨੇਮਾ ਦੇ ਸਮਾਨਾਂਤਰ ਚਲਿਆ ਹੈ| ਪਿਛਲੇ ਸੱਠ ਸਾਲਾਂ ਦਾ ਇਤਿਹਾਸ ਗਵਾਹ ਹੈ ਕਿ ਤਾਮਿਲਨਾਡੂ ਵਿੱਚ ਸੈਲਿਊਲਾਇਡ ਦੀ ਛਵੀ ਨਾਲ ਰਾਜਨੀਤੀ ਵਿੱਚ ਦਾਖਲ ਹੋਣ ਵਾਲੇ ਐਕਟਰ ਰਾਜਨੀਤੀ ਦੀ ਵੈਤਰਨੀ ਪਾਰ ਕਰ ਗਏ| ਜਿਸ ਤਰ੍ਹਾਂ ਉੱਤਰੀ ਭਾਰਤ ਦੀ ਰਾਜਨੀਤੀ ਵਿੱਚ ਖੇਤਰਵਾਦ, ਜਾਤੀਵਾਦ, ਨਸਲ, ਧਰਮ, ਫਿਰਕੂ ਰਾਜਨੀਤੀ ਵਿੱਚ ਹਾਵੀ ਰਿਹਾ, ਉਸੇ ਤਰ੍ਹਾਂ ਸਿਨੇਮਾ ਤਾਮਿਲ ਰਾਜਨੀਤੀ ਵਿੱਚ ਸਿਰ ਚੜ੍ਹ ਕੇ ਬੋਲਦਾ ਰਿਹਾ| ਇਹ ਰਾਜਨੀਤੀ ਦਾ ਅਜਿਹਾ ਸੂਚਕ ਬਣਿਆ ਕਿ ਵੋਟਰਾਂ ਲਈ ਫਿਲਮੀ ਛਵੀ ਤੋਂ ਬਾਹਰ ਨਿਕਲ ਕੇ ਤੰਦਰੁਸਤ ਲੋਕਤੰਤਰਿਕ ਤਰੀਕੇ ਨਾਲ ਫ਼ੈਸਲਾ ਲੈਣਾ ਆਸਾਨ ਨਹੀਂ ਰਿਹਾ|
ਉੱਤਰੀ ਭਾਰਤ ਦੀਆਂ ਰਾਜਨੀਤਿਕ ਬੁਰਾਈਆਂ ਪਾਰਟੀਆਂ ਦੇ ਅਨੁਸਾਰ ਬਦਲਦੀਆਂ ਰਹਿਣਗੀਆਂ| ਸੱਤਾ ਤੱਕ ਪਹੁਚੰਣ ਲਈ ਕੋਈ ਨਾ ਕੋਈ ਨਕਾਰਾਤਮਕ ਕਾਰਕ ਰਾਜਨੀਤੀ ਤੇ ਹਾਵੀ ਰਿਹਾ| ਜਿਸ ਪਾਰਟੀ ਨੂੰ ਅੱਗੇ ਵਧਣ ਲਈ ਜਿਹੋ ਜਿਹੇ ਮੌਕੇ ਹੱਥ ਲੱਗੇ ਉਸਨੇ ਉਸ ਨੂੰ ਭੁਨਾਉਣ ਵਿੱਚ ਕਸਰ ਬਾਕੀ ਨਹੀਂ ਰੱਖੀ| ਵਿਕਾਸ ਵੀ ਇੱਕ ਮੁੱਦਾ ਰਿਹਾ ਤੇ ਬਹੁਤ ਕਮਜੋਰ| ਉੱਤਰੀ ਭਾਰਤ ਵਿੱਚ ਜਿੱਥੇ ਵੋਟਰ ਇਹਨਾਂ ਬੁਰਾਈਆਂ ਤੋਂ ਦੂਰ ਨਹੀਂ ਵੇਖ ਸਕੇ, ਉਥੇ ਹੀ ਤਾਮਿਲਨਾਡੂ ਵਿੱਚ ਫਿਲਮੀ ਛਵੀ ਤੋਂ ਉੱਪਰ ਨਹੀਂ ਉਠ ਸਕੇ| ਉੱਤਰੀ ਭਾਰਤ ਦੇ ਖੇਤਰੀ ਅਤੇ ਰਾਸ਼ਟਰੀ ਪਾਰਟੀਆਂ ਨੇ ਵੋਟਰਾਂ ਨੂੰ ਵਿਕਾਸ ਦਾ ਸੁਫਨਾ ਜਰੂਰ ਦਿਖਾਇਆ, ਪਰ ਹਰ ਵਾਰ ਤੋੜਿਆ| ਸਾਰੀਆਂ ਪਾਰਟੀਆਂ ਦੀ ਹਾਲਤ ਆਮ ਹੋਣ ਦੇ ਕਾਰਨ ਵੋਟਰਾਂ ਦੇ ਕੋਲ ਵਿਕਲਪ ਵੀ ਸੀਮਿਤ ਰਹੇ| ਇਸ ਦੇ ਉਲਟ ਤਾਮਿਲਨਾਡੂ ਵਿੱਚ ਬੇਸ਼ੱਕ ਸਿਨੇਮਾ ਦੀ ਕਾਲਪਨਿਕ ਛਵੀ ਹੀ ਠੀਕ, ਇਸ ਦੇ ਸਹਾਰੇ ਸੱਤਾ ਵਿੱਚ ਆਉਣ ਵਾਲੀਆਂ ਪਾਰਟੀਆਂ ਨੇ ਵਿਕਾਸ ਦਾ ਰਸਤਾ ਨਹੀਂ ਛੱਡਿਆ| ਇਹੀ ਵਜ੍ਹਾ ਵੀ ਹੈ ਕਿ ਇਹ ਰਾਜ ਦੇਸ਼ ਦੇ ਆਗੂ ਰਾਜਾਂ ਵਿੱਚ ਸ਼ੁਮਾਰ ਹੈ|
ਆਜ਼ਾਦੀ ਦੇ ਪਹਿਲੇ ਦਹਾਕੇ ਤੱਕ ਦੇਸ਼ ਦੇ ਬਾਕੀ ਰਾਜਾਂ ਦੀ ਤਰ੍ਹਾਂ ਤਾਮਿਲਨਾਡੂ ਵਿੱਚ ਵੀ ਕਾਂਗਰਸ ਇਕਛਤਰ ਸੱਤਾਧਾਰੀ ਦਲ ਰਿਹਾ|      ਕੇ. ਕਾਮਰਾਜ 1954 ਤੋਂ 1962 ਤੱਕ ਲਗਾਤਾਰ ਤਿੰਨ ਵਾਰ ਮੁੱਖ ਮੰਤਰੀ ਰਹੇ| ਇਸ ਤੋਂ ਬਾਅਦ ਧਾਰਮਿਕ ਸਮੇਤ ਵੱਖ-ਵੱਖ ਸਮਾਜਿਕ ਮੁੱਦਿਆਂ ਤੇ ਆਧਾਰਿਤ ਫਿਲਮਾਂ ਨੇ ਪ੍ਰਦੇਸ਼ ਦੇ ਵੋਟਰਾਂ ਦੇ ਦਿਲ-ਦਿਮਾਗ ਤੇ ਅਸਰ ਪਾਉਣਾ ਸ਼ੁਰੂ ਕੀਤਾ| ਕਾਂਗਰਸ ਦੇ ਵਿਰੋਧ ਵਿੱਚ ਬਣੀ ਡੀ ਐਮ ਕੇ ਦੇ ਸੀ ਐਨ ਅੰਨਾਦੁਰਈ ਲਗਾਤਾਰ ਦੋ ਵਾਰ ਮੁੱਖਮੰਤਰੀ ਬਣੇ| ਖੇਤਰਤਾ ਇੱਥੋਂ  ਤਾਮਿਲਨਾਡੂ ਦੀ ਰਾਜਨੀਤੀ ਦਾ ਲਾਜ਼ਮੀ ਹਿੱਸਾ ਹੋ ਗਈ| ਫਿਲਮੀ ਛਵੀ ਅਤੇ ਕਾਂਗਰਸ ਵਿਰੋਧ ਨੇ ਪ੍ਰਦੇਸ਼ ਵਿੱਚ ਰਾਜਨੀਤੀ ਦਾ ਰੰਗ ਹੀ ਬਦਲ ਦਿੱਤਾ| ਇਸ ਤੋਂ ਬਾਅਦ ਐਮ ਕਰੂਣਾਨਿਧੀ ਨੇ ਮੁੱਖ ਮੰਤਰੀ ਦੌੜ ਦੀ ਬੈਟਨ ਥਾਮ ਲਈ| ਕਰੂਣਾਨਿਧੀ ਦੋ ਵਾਰ ਮੁੱਖਮੰਤਰੀ        ਰਹੇ| ਕਰੂਣਾਨਿਧੀ ਦੇ ਕਾਰਜਕਾਲ ਤੱਕ ਪ੍ਰਦੇਸ਼ ਦੇ ਲੋਕਾਂ ਵਿੱਚ ਅਭਿਨੇਤਾਵਾਂ ਦੀ ਧਾਰਮਿਕ-ਸਮਾਜਿਕ ਛਵੀ ਪੁਖਤਾ ਹੋਣ ਲੱਗੀ| ਇਸ ਤੋਂ ਬਾਅਦ ਐਮ ਜੀ ਰਾਮਚੰਦਰਨ ਨਾਲ ਇਹ ਸਿਲਸਿਲਾ ਅਜਿਹਾ ਸ਼ੁਰੂ ਹੋਇਆ ਕਿ ਜੈਲਲਿਤਾ ਤੀਹ ਸਾਲਾਂ ਤੱਕ ਸੱਤਾ ਵਿੱਚ ਬਣੀ ਰਹੀ| ਇੰਨਾ ਜਰੂਰ ਹੈ ਕਿ ਸੱਤਾ ਵਿੱਚ ਚਾਹੇ ਡੀ ਐਮ ਕੇ ਰਹੀ ਹੋਵੇ ਜਾਂ ਏ ਆਈ ਏ ਡੀ ਐਮ ਕੇ, ਸਭ ਨੇ ਤਾਮਿਲਨਾਡੂ ਦੀ ਕਾਇਆ-ਕਲਪ ਕਰਨ ਵਿੱਚ ਕਸਰ ਬਾਕੀ ਨਹੀਂ ਰੱਖੀ|
ਪ੍ਰਾਚੀਨ ਇਤਿਹਾਸ ਦੇ ਨਜ਼ਰੀਏ ਨਾਲ ਵੇਖੀਏ ਤਾਂ ਦੇਸ਼ ਵਿੱਚ ਭਗਤੀ ਅੰਦੋਲਨ ਦੀ ਉਤਪਤੀ ਤਾਮਿਲਨਾਡੂ ਤੋਂ ਹੀ ਹੋਈ| ਬਾਅਦ ਵਿੱਚ ਇਹ ਅੰਦੋਲਨ ਦੇਸ਼ ਭਰ ਵਿੱਚ ਫੈਲਿਆ| ਆਜ਼ਾਦੀ ਤੋਂ ਬਾਅਦ ਧਾਰਮਿਕ ਅਤੇ ਸਮਾਜਿਕ ਪਿਛੋਕੜ ਤੇ ਬਣੀਆਂ ਫਿਲਮਾਂ ਨੇ ਪ੍ਰਦੇਸ਼ ਦੇ ਵੋਟਰਾਂ ਨੂੰ ਆਜਾਦ ਤਰੀਕੇ ਨਾਲ ਸੋਚਣ ਦਾ ਮੌਕਾ ਹੀ ਨਹੀਂ ਦਿੱਤਾ| ਇਸ ਦਾ ਫਾਇਦਾ ਜੈਲਲਿਤਾ ਸਮੇਤ ਦੂਜੇ ਨੇਤਾ ਚੁੱਕਦੇ ਰਹੇ| ਪ੍ਰਦੇਸ਼ ਦੇ ਲੋਕਾਂ ਦੇ  ਦਿਮਾਗ ਵਿੱਚ ਰੰਗੀਨ ਪਰਦੇ ਨਾਲ ਉਤਰੀ ਛਵੀ ਦਾ ਅਸਰ ਇੰਨਾ ਗਹਿਰਾ ਰਿਹਾ ਕਿ ਤਾਮਿਲਨਾਡੂ ਦੇਸ਼ ਵਿੱਚ ਸ਼ਾਇਦ ਅਜਿਹਾ ਇੱਕਮਾਤਰ ਰਾਜ ਹੋਵੇਗਾ ਜਿੱਥੇ ਪ੍ਰਸ਼ੰਸਕਾਂ ਨੇ ਨੇਤਾ ਬਣੇ ਫਿਲਮੀ ਕਲਾਕਾਰਾਂ ਦੇ ਮੰਦਰ ਤੱਕ ਬਣਾ ਦਿੱਤੇ| ਐਮ ਜੀ ਆਰ ਦੇ ਮੰਦਰ ਇਸਦੀ ਮਿਸਾਲ ਹਨ| ਦਰਅਸਲ ਫਿਲਮਾਂ ਨੇ ਨੇਤਾਵਾਂ ਦੀ ਭੂਮਿਕਾ ਇੱਕ ਆਰਦਸ਼ ਨਾਇਕ-ਨਾਇਕਾ ਵਿੱਚ ਬਦਲ ਦਿੱਤੀ| ਇਨ੍ਹਾਂ ਦੀ ਰਾਜਨੀਤੀ ਵਿੱਚ ਉਤਰਨ ਤੋਂ ਬਾਅਦ ਵੀ ਵੋਟਰ ਉਨ੍ਹਾਂ ਵਿੱਚ ਉਹੀ ਫਿਲਮੀ ਅਕਸ ਲੱਭਦੇ ਰਹੇ| ਇਹੀ ਵਜ੍ਹਾ ਰਹੀ ਕਿ ਅਜਿਹੇ ਰਾਜਨੇਤਾਵਾਂ ਦੀ ਮੌਤ ਲੋਕਾਂ ਨੂੰ ਬਰਦਾਸ਼ਤ ਨਹੀਂ ਹੋ ਸਕੀ| ਤਾਮਿਲਨਾਡੂ ਦੇ ਜਨਜੀਵਨ ਵਿੱਚ ਫਿਲਮੀ ਛਵੀ ਦਾ ਇੰਨਾ ਗਹਿਰਾ ਅਸਰ ਰਿਹਾ ਹੈ ਕਿ ਐਕਟਰ ਬਣੇ         ਨੇਤਾਵਾਂ ਦੀ ਮੌਤ ਤੇ ਆਮ ਲੋਕ ਆਤਮ ਹੱਤਿਆ ਤੱਕ ਕਰਦੇ ਰਹੇ ਹਨ|
ਅਜਿਹਾ ਨਹੀਂ ਹੈ ਕਿ ਲੋਕਪ੍ਰਿਅ ਅਤੇ ਜਨਪ੍ਰਿਅ ਨੇਤਾ ਦੇਸ਼ ਵਿੱਚ ਦੂਜੇ ਨਹੀਂ ਰਹੇ| ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਲਾਲ ਬਹਾਦੁਰ ਸ਼ਾਸਤਰੀ, ਵੱਲਭ ਭਾਈ ਪਟੇਲ, ਚੌਧਰੀ ਚਰਣਸਿੰਘ ਸਮੇਤ ਅਨੇਕਾਂ ਨੇਤਾਵਾਂ ਦੀ ਮੌਤ ਨੇ ਭਾਰਤੀ ਅਤੇ ਖੇਤਰੀ ਜਨਮਾਨਸ ਨੂੰ ਝੰਜੌੜ ਕੇ ਰੱਖ ਦਿੱਤਾ| ਇਸਦੇ ਬਾਵਜੂਦ ਤਾਮਿਲਨਾਡੂ ਦੀ ਤਰ੍ਹਾਂ ਕਿਸੇ ਨੇ ਵੀ ਉਨ੍ਹਾਂ ਦੇ ਜੁਦਾ ਹੋਣ ਦੀ ਹਾਲਤ ਵਿੱਚ ਆਤਮ ਹੱਤਿਆ ਵਰਗਾ ਕਦਮ  ਨਹੀਂ ਚੁੱਕਿਆ| ਕਾਰਨ ਸਪਸ਼ਟ ਹੈ ਕਿ ਇਹਨਾਂ ਨੇਤਾਵਾਂ ਦੀ ਛਵੀ ਅਸਲੀ ਸੀ, ਸੈਲਿਊਲਾਇਡ ਆਧਾਰਿਤ ਕਾਲਪਨਿਕ ਨਹੀਂ| ਆਮ ਲੋਕਾਂ ਨੇ ਉਨ੍ਹਾਂ ਦੇ ਉਚ ਆਦਰਸ਼ ਅਗਵਾਈ ਦੀ ਤਰ੍ਹਾਂ ਉਨ੍ਹਾਂ ਦੀ ਮੌਤ ਨੂੰ ਵੀ ਅਸਮਾਨਤਾ ਦੇ ਸਾਰਵਭੌਮਿਕ ਸੱਚ ਦੇ ਨਾਲ ਸਵੀਕਾਰ ਕੀਤਾ| ਤਾਮਿਲਨਾਡੂ ਵਿੱਚ ਹੋਈ ਸੱਤਾ ਦੀ ਅਗਵਾਈ ਤਬਦੀਲੀ ਦਾ ਪ੍ਰਦੇਸ਼ ਹੀ ਨਹੀਂ ਦੇਸ਼ ਤੇ ਵੀ ਗਹਿਰਾ ਅਸਰ ਹੋਵੇਗਾ| ਦੇਸ਼ ਦੀਆਂ ਨਜਰਾਂ ਮੁੱਖ ਮੰਤਰੀ ਪਲਨੀਸਵਾਮੀ ਤੇ ਲੱਗੀਆਂ ਹੋਈਆਂ ਹਨ ਕਿ ਆਸਾਨੀ ਨਾਲ ਮਿਲੀ ਜੈਲਲਿਤਾ ਦੀ ਵਿਰਾਸਤ ਨਾਲ ਰਾਜ ਨੂੰ ਵਿਕਾਸ ਦੀਆਂ ਕਿੰਨੀਆਂ ਉਚਾਈਆਂ ਤੱਕ ਲੈ ਜਾ ਸਕਦੇ ਹਨ|
ਯੋਗੇਂਦਰ ਯੋਗੀ

Leave a Reply

Your email address will not be published. Required fields are marked *