ਫਿਲਮ ਠੱਗ ਲਾਈਫ ਦੀ ਪਹਿਲੇ ਗੇੜ ਦੀ ਸ਼ੂਟਿੰਗ ਮੁਕੰਮਲ

ਐਸ ਏ ਐਸ ਨਗਰ, 25 ਜਨਵਰੀ (ਸ.ਬ.) ਤੇਗ ਪ੍ਰੋਡਕਸ਼ਨਜ਼ ਦੇ ਬੈਨਰ         ਹੇਠ ਪੈਰਾਕੀਟ ਇੰਟਰਟੇਨਮੈਂਟ ਦੇ ਸਹਿਯੋਗ ਨਾਲ ਮੁਹਾਲੀ ਅਤੇ ਇਸਦੇ ਨੇੜਲੇ ਇਲਾਕੇ ਵਿੱਚ ਸ਼ੂਟ ਕੀਤੀ ਗਈ ਇਸ ਪ੍ਰੋਡਕਸ਼ਨ ਹਾਉਸ ਦੀ ਪਲੇਠੀ ਫਿਲਮ ‘ਠੱਗ ਲਾਈਫ’ ਕਾਮੇਡੀ ਅਤੇ ਐਕਸ਼ਨ ਦੇ ਤੜਕੇ ਨਾਲ ਭਰਪੂਰ ਹੋਵੇਗੀ| ਤਿੰਨ ਹੀਰੋ ਹਰੀਸ਼ ਵਰਮਾ (ਯਾਰ ਅਣਮੁੱਲੇ), ਜਸ ਬਾਜਵਾ (ਪੰਜਾਬੀ ਗਾਇਕ) ਅਤੇ ਰਾਜੀਵ ਠਾਕੁਰ (ਕਾਮੇਡੀਅਨ) ਅਤੇ ਇਕਲੌਤੀ ਹੀਰੋਈਨ ਇਹਾਨਾ ਢਿੱਲੋਂ (ਡੈਡੀ ਕੂਲ ਮੁੰਡੇ ਫੂਲ) ਤੋਂ ਇਲਾਵਾ ਬਾਲੀਵੁਡ ਅਤੇ ਪਾਲੀਵੁਡ ਦੇ ਦਿੱਗਜ ਕਲਾਕਾਰਾਂ ਯੋਗਰਾਜ ਸਿੰਘ, ਬ੍ਰਿਜੇਸ਼ ਹੀਰਜੀ (ਗੋਲਮਾਲ) ਜੋ ਕਿ ਪਹਿਲੀ ਵਾਰ ਪੰਜਾਬੀ ਫਿਲਮ ਵਿੱਚ ਨਜ਼ਰ ਆਉਣਗੇ, ਰਾਣਾ ਜੰਗ ਬਹਾਦਰ,  ਕਰਮਜੀਤ ਅਨਮੋਲ, ਅਨੀਤਾ ਦੇਵਗਨ,   ਹੌਬੀ ਧਾਲੀਵਾਲ, ਹਰਿੰਦਰ ਭੁੱਲਰ, ਹਰਦੀਪ ਗਿੱਲ ਅਤੇ ਹੋਰ ਕਈ ਨਾਮਵਰ ਕਲਾਕਾਰਾਂ ਨਾਲ ਲੈਸ ਇਸ ਫਿਲਮ ਦੇ ਪਹਿਲੇ ਪੜਾਅ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ| ਫਿਲਮ ਦੇ ਡਾਇਰੈਕਟਰ ਮੁਕੇਸ਼ ਵੋਹਰਾ ਹਨ|
ਤੇਗ ਪ੍ਰੋਡਕਸ਼ਨਜ਼ ਦੇ ਮੁਖੀ ਚਰਨਜੀਤ ਸਿੰਘ ਵਾਲੀਆ, ਤੇਗਬੀਰ ਸਿੰਘ ਵਾਲੀਆ ਅਤੇ ਸਿਮਰਨਜੋਤ ਸਿੰਘ ਨੇ ਦੱਸਿਆ ਕਿ ਇਸ ਫਿਲਮ ਦੀ ਕਹਾਣੀ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ ਜਦੋਂ ਕਿ ਇਸਦੇ ਗਾਣਿਆਂ ਦੀ ਸ਼ੂਟਿੰਗ ਹਾਲੇ ਹੋਣੀ ਹੈ| ਫਿਲਮ ਦਾ ਸੰਗੀਤ ਜਤਿੰਦਰ ਸ਼ਾਹ ਦਾ ਹੈ| ਗੀਤਕਾਰ ਹੈਪੀ ਰਾਏਕੋਟੀ ਹੈ| ਫਿਲਮ ਦੇ ਇੱਕ ਗਾਣੇ ਦਾ ਸੰਗੀਤ ਦੀਪ ਜੰਡੂ ਨੇ ਵੀ ਦਿੱਤਾ ਹੈ| ਇਸਦਾ ਇੱਕ ਗਾਣਾ ਫਿਲਮ ਦੇ ਹੀਰੋ ਜਸ ਬਾਜਵਾ ਅਤੇ ਇੱਕ ਗਾਣਾ ਹਰੀਸ਼ ਵਰਮਾ ਨੇ ਵੀ ਗਾਇਆ ਹੈ| ਫਿਲਮ ਵਿੱਚ ਕੁਲ 5 ਗਾਣੇ ਹਨ ਜੋ ਪਾਲੀਵੁਡ ਅਤੇ ਬਾਲੀਵੁਡ ਦੇ ਨਾਮਵਰ ਗਾਇਕਾਂ ਨੇ ਗਾਏ ਹਨ|
ਫਿਲਮ ਦੇ ਪ੍ਰੋਡਿਊਸਰ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਇਹ ਫਿਲਮ ਪੂਰੀ ਤਰ੍ਹਾਂ ਪਰਿਵਾਰਕ ਕਦਰਾਂ ਕੀਮਤਾਂ ਨੂੰ ਮੁੱਖ ਰੱਖਕੇ ਬਣਾਈ ਗਈ ਹੈ ਅਤੇ ਪਰਿਵਾਰ ਸਮੇਤ ਵੇਖਣ ਵਾਲੀ ਹੈ|
ਫਿਲਮ ਵਿੱਚ ਐਕਸ਼ਨ ਸੀਨ ਦੀਪਕ ਵਲੋਂ ਕਰਵਾਏ ਗਏ ਹਨ ਜੋ ‘ਸਨ ਆਫ ਸਰਦਾਰ’ ਵਰਗੀਆਂ ਫਿਲਮਾਂ ਵਿੱਚ ਐਕਸ਼ਨ ਸੀਨ ਕਰਵਾ ਚੁੱਕੇ ਹਨ ਅਤੇ ਅਮਿਤਾਭ ਬੱਚਨ ਦੇ ਅੱਜ ਤੱਕ ਦੇ ਲਗਭਗ ਸਾਰੇ ਸੀਕਵਲ ਵੀ ਉਨ੍ਹਾਂ ਨੇ ਖੁਦ ਕੀਤੇ ਹਨ|
ਫਿਲਮ ਦੀ ਕਹਾਣੀ ਤਿੰਨ ਅਜਿਹੇ ਨੌਜਵਾਨਾਂ ਤੇ ਆਧਾਰਿਤ ਹੈ ਜੋ ਆਪਣੇ ਅਤੇ ਆਪਣੇ ਮਾਪਿਆਂ ਦੇ ਸੁਫਨੇ ਪੂਰੇ ਕਰਨ ਲਈ ਬਾਕਾਇਦਾ ਤੌਰ ਤੇ ‘ਸਟਿੰਗ ਆਪਰੇਸ਼ਨ’ ਕਰਦੇ ਹਨ ਅਤੇ ਪੈਸੇ ਵੀ ਕਮਾਉਂਦੇ ਹਨ| ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਫਿਲਮ ਦੀ ਹੀਰੋਈਨ ਇਹਾਨਾ ਢਿੱਲੋਂ ਨਾਲ ਹੁੰਦੀ ਹੈ ਜੋ ਕਿ ਮਸ਼ਹੂਰ ਅਦਾਕਾਰਾ ਬਨਣਾ ਚਾਹੁੰਦੀ ਹੈ ਅਤੇ ਇਸ ਚੱਕਰ ਵਿੱਚ ਉਹ ਵੀ ਇਨ੍ਹਾਂ ਦਾ ਸਾਥ ਦਿੰਦੀ ਹੈ| ਆਪਣੀਆਂ ਨਾਦਾਨੀਆਂ ਦੇ ਚੱਲਦੇ ਇਹ ਮੁੱਖ ਵਿਲਨ ਰਾਣਾ ਜੰਗ ਬਹਾਦਰ ਦੇ ਜਾਲ ਵਿੱਚ ਫਸ ਜਾਂਦੇ ਹਨ| ਅੱਗੇ ਕੀ ਹੁੰਦਾ ਹੈ ਅਤੇ ਇਹ ਕਿਵੇਂ ਇਸ ਜਾਲ ਤੋਂ ਬਾਹਰ ਨਿਕਲਦੇ ਹਨ, ਇਹ ਫਿਲਮ            ਵੇਖ ਕੇ ਹੀ ਪਤਾ ਲੱਗੇਗਾ|
ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਮੁਹਾਲੀ ਸ਼ਹਿਰ ਅਤੇ ਇਸਦੇ ਨੇੜਲੇ         ਖੇਤਰ ਵਿੱਚ ਹੋਈ ਹੈ|

Leave a Reply

Your email address will not be published. Required fields are marked *