ਫੀਫਾ ਵਿਸ਼ਵ ਕੱਪ ਦੇ ਸੰਕੇਤ

ਫੀਫਾ ਵਿਸ਼ਵ ਕਪ ਖ਼ਤਮ ਹੋ ਗਿਆ ਪਰੰਤੂ ਉਸਦੀ ਚਰਚਾ ਲੰਬੇ ਸਮੇਂ ਤੱਕ ਜਾਰੀ ਰਹੇਗੀ| ਕੁੱਝ ਦਿਨ ਲੋਕ ਇਸ ਤੇ ਗੱਲ ਕਰਦੇ ਰਹਿਣਗੇ ਕਿ ਫਲਾਣੀ ਟੀਮ ਬਹੁਤ ਚੰਗੀ ਖੇਡੀ| ਫਲਾਣੇ ਖਿਡਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰੰਤੂ ਇਸ ਤੋਂ ਲੰਬੀ ਚਰਚਾ ਖੇਡ ਤੋਂ ਬਾਹਰ ਦੇ ਪਹਿਲੂਆਂ ਤੇ ਚੱਲੇਗੀ| ਖਾਸ ਕਰਕੇ ਇਸ ਗੱਲ ਤੇ ਕਿ ਕਿਸ ਤਰ੍ਹਾਂ ਫਰਾਂਸ ਨੇ ਪ੍ਰਵਾਸੀ ਪਿਠਭੂਮੀ ਦੇ ਖਿਡਾਰੀਆਂ ਦੀ ਬਹੁਤਾਤ ਦੇ ਜੋਰ ਤੇ ਵਿਸ਼ਵ ਜੇਤੂ ਦਾ ਖਿਤਾਬ ਹਾਸਲ ਕੀਤਾ| 23 ਖਿਡਾਰੀਆਂ ਦੀ ਉਸਦੀ ਟੀਮ ਵਿੱਚ 15 ਅਫਰੀਕੀ ਮੂਲ ਦੇ ਖਿਡਾਰੀ ਸਨ, ਜਿਨ੍ਹਾਂ ਵਿੱਚ ਸੱਤ ਖਿਡਾਰੀਆਂ ਨੂੰ ਫਾਈਨਲ ਵਿੱਚ ਖੇਡਣ ਦਾ ਮੌਕਾ ਮਿਲਿਆ ਅਤੇ ਇਹ ਕਿੱਸਾ ਸਿਰਫ ਇੱਕ ਟੀਮ ਜਾਂ ਇੱਕ ਫੁਟਬਾਲ ਵਿਸ਼ਵ ਕੱਪ ਤੱਕ ਸੀਮਿਤ ਨਹੀਂ ਹੈ| ਫੁਟਬਾਲ ਦੇ ਮੈਦਾਨ ਵਿੱਚ ਰਾਸ਼ਟਰੀਅਤਾ ਦੇ ਇੱਕ – ਦੂਜੇ ਵਿੱਚ ਘੁਲਣ- ਮਿਲਣ ਦਾ ਸਿਲਸਿਲਾ ਬਹੁਤ ਤੇਜ ਹੋ ਗਿਆ ਹੈ| ਕ੍ਰੋਏਸ਼ੀਆ ਵਰਗੇ ਅਪਵਾਦਾਂ ਨੂੰ ਛੱਡ ਦਈਏ ਤਾਂ ਲਗਭਗ ਸਾਰੀਆਂ ਹੀ ਟੀਮਾਂ ਦਾ ਰੂਪ ਬਹੁਰਾਸ਼ਟਰੀ ਹੋ ਗਿਆ ਹੈ| ਇੱਕ ਦੇਸ਼ ਵਿੱਚ ਪ੍ਰਵਾਸੀ ਦੇ ਤੌਰ ਤੇ ਆ ਵਸਣ ਵਾਲੇ ਲੋਕ ਉਸ ਦੇਸ਼ ਦੀ ਟੀਮ ਦਾ ਅਟੁੱਟ ਅੰਗ ਬਣ ਜਾਂਦੇ ਹਨ| ਇਸ ਵਾਰ ਯੂਰਪ ਦੀਆਂ ਦਸ ਟੀਮਾਂ ਦੇ 230 ਖਿਡਾਰੀਆਂ ਵਿੱਚ 83 ਪ੍ਰਵਾਸੀ ਖਿਡਾਰੀ ਸਨ| ਫ਼ਰਾਂਸ ਦੀ ਟੀਮ ਨੂੰ ਤਾਂ 1998 ਦੀ ਜਿੱਤ ਦੇ ਸਮੇਂ ਤੋਂ ਹੀ ਇੰਦਰਧਨੁਸ਼ੀ ਟੀਮ ਕਿਹਾ ਜਾਣ ਲੱਗਿਆ ਹੈ| ਉਸ ਸਮੇਂ ਇਸ ਟੀਮ ਵਿੱਚ ਸਟਾਰ ਖਿਡਾਰੀ ਜਿਨੇਦਿਨ ਜਿਦਾਨ ਅਤੇ ਲਿਲੀਅਮ ਥੁਰਮ ਸਮੇਤ 11 ਖਿਡਾਰੀ ਪ੍ਰਵਾਸੀ ਸਨ| ਇਸ ਵਾਰ ਦੇ ਪ੍ਰਵਾਸੀ ਫਰੈਂਚ ਨਾਇਕਾਂ ਵਿੱਚ ਸਟਾਰ ਖਿਡਾਰੀ ਪਾਲ ਪੋਗਬਾ ਅਤੇ ਜਵਾਨ ਦਿਲਾਂ ਦੀ ਧੜਕਨ ਕਿਲਿਅਨ ਐਂਬਾਪੇ ਵੀ ਸ਼ਾਮਿਲ ਹਨ|
ਪਹਿਲਾਂ ਨਾਕਆਉਟ ਮੈਚ ਵਿੱਚ ਫਰਾਂਸ ਨੇ ਅਰਜਨਟੀਨਾ ਨੂੰ 4-3 ਨਾਲ ਹਰਾਇਆ ਤਾਂ ਫਰਾਂਸੀਸੀ ਖਿਡਾਰੀ ਪਰਸੇਨੇਲ ਕਿਮਪੇਬੇ ਨੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਪਾਇਆ ਸੀ, ਜਿਸ ਵਿੱਚ ਉਹ ਟੀਮ ਦੇ ਨਾਲ ‘ਸੀਕਾ-ਸੀਕਾ’ ਗਾਣੇ ਤੇ ਡਾਂਸ ਕਰ ਰਹੇ ਸਨ ਜੋ ਕਾਂਗਾਂ ਦੇ ਸਟਾਰ ਸਿੰਗਰ ਡੀਜੇ ਮਾਰੇਸਲ ਦਾ ਗਾਣਾ ਹੈ| ਫਰਾਂਸ ਦਾ ਮਾਣ ਵਧਾਉਣ ਵਾਲੇ ਇਹ ਖਿਡਾਰੀ ਉਨ੍ਹਾਂ ਪ੍ਰਵਾਸੀਆਂ ਦੇ ਬੱਚੇ ਹਨ, ਜੋ ਫਰਾਂਸ ਵਿੱਚ ਛੋਟੇ – ਮੋਟੇ ਕੰਮ ਕਰਕੇ ਕਿਸੇ ਤਰ੍ਹਾਂ ਆਪਣਾ ਢਿੱਡ ਪਾਲਦੇ ਹਨ| ਕਮੀਆਂ ਅਤੇ ਤਕਲੀਫਾਂ ਦੇ ਵਿਚਾਲਿਉਂ ਹੀ ਇਹ ਜਵਾਨ ਖਿਡਾਰੀ ਉਭਰ ਕੇ ਆਏ ਹਨ| ਜਰਮਨੀ, ਇੰਗਲੈਂਡ ਅਤੇ ਬੈਲਜੀਅਮ ਵਰਗੇ ਦੇਸ਼ਾਂ ਦੇ ਪ੍ਰਵਾਸੀ ਖਿਡਾਰੀਆਂ ਦੀ ਵੀ ਇਹੀ ਕਹਾਣੀ ਹੈ|
ਅੱਜ ਦੁਨੀਆ ਭਰ ਵਿੱਚ ਪ੍ਰਵਾਸੀਆਂ ਨੂੰ ਕੋਸਿਆ ਜਾ ਰਿਹਾ ਹੈ| ਉਨ੍ਹਾਂ ਨੂੰ ਸਭ ਮੁਸ਼ਕਿਲਾਂ ਦੀ ਜੜ ਦੱਸ ਕੇ ਬਾਹਰ ਹੀ ਰੋਕਣ ਅਤੇ ਵੜ ਗਏ ਹੋਣ ਤਾਂ ਖਦੇੜ ਦੇਣ ਦਾ ਅਭਿਆਨ ਜਿਹਾ ਚੱਲ ਪਿਆ ਹੈ| ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਂ ਆਪਣੀਆਂ ਚੋਣਾਂ ਹੀ ਪ੍ਰਵਾਸੀਆਂ ਨੂੰ ਬਾਹਰ ਕਰਨ ਦੇ ਮੁੱਦੇ ਤੇ ਲੜੀਆਂ ਸੀ| ਇੰਗਲੈਂਡ ਦੇ ਬ੍ਰੈਕਸਿਟ ਫੈਸਲੇ ਦੇ ਪਿੱਛੇ ਵੀ ਮੁੱਖ ਮੁੱਦਾ ਪ੍ਰਵਾਸੀਆਂ ਦਾ ਹੀ ਸੀ| ਪਤਾ ਨਹੀਂ ਕਿੰਨੇ ਸ਼ਰਨਾਰਥੀ ਰੋਜ ਯੂਰਪ ਦੇ ਨਜਦੀਕੀ ਸਮੁੰਦਰਾਂ ਵਿੱਚ ਡੁੱਬ ਕੇ ਮਰ ਜਾਂਦੇ ਹਨ| ਸਾਡੇ ਗੁਆਂਢ ਵਿੱਚ ਰੋਹਿੰਗਿਆਵਾਂ ਨੂੰ ਉਨ੍ਹਾਂ ਦਾ ਆਪਣਾ ਦੇਸ਼ ਹੀ ਨਹੀਂ ਅਪਨਾਉਣਾ ਚਾਹੁੰਦਾ| ਫੀਫਾ ਵਿਸ਼ਵ ਕਪ ਨੇ ਇਸ ਮੁੱਦੇ ਵੱਲ ਦੁਨੀਆ ਦਾ ਧਿਆਨ ਖਿੱਚਿਆ ਹੈ| ਦੁਨੀਆ ਵਿੱਚ ਸੰਸਾਧਨਾਂ ਦਾ ਬਟਵਾਰਾ ਬਹੁਤ ਅਸਮਾਨ ਹੈ, ਇਸ ਲਈ ਧਰਤੀ ਤੇ ਇਨਸਾਨ ਦੀ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਆਵਾਜਾਈ ਦਿਨੋਂ ਦਿਨ ਤੇਜ ਹੀ ਹੋਵੇਗੀ| ਇਸਦੇ ਖਿਲਾਫ ਅੱਗ ਦੀ ਦੀਵਾਰ ਖੜੀ ਕਰਨ ਤੋਂ ਚੰਗਾ ਹੈ, ਲੋਕ ਆਪਸ ਵਿੱਚ ਆਪਣੇ ਸੁਖ-ਦੁੱਖ ਵੰਡਣ ਅਤੇ ਮਿਲਕੇ ਰਹਿਣ|
ਸੋਨੀ ਦੱਤਾ

Leave a Reply

Your email address will not be published. Required fields are marked *