ਫੀਲਡ ਐਂਡ ਵਰਕਸ਼ਾਪ ਯੂਨੀਅਨ ਨੇ ਕੌਂਸਲ ਪ੍ਰਧਾਨ ਨੂੰ ਮੰਗ ਪੱਤਰ ਦਿੱਤਾ

ਖਰੜ, 12 ਜੂਨ (ਕੁਸ਼ਲ ਆਨੰਦ) ਪੰਜਾਬ ਫੀਲਡ ਐਂਡ ਵਰਕਸ਼ਾਪ ਯੂਨੀਅਨ ਨੇ ਨਗਰ ਕੌਂਸਲ ਖਰੜ ਦੀ ਪ੍ਰਧਾਨ ਸ੍ਰੀਮਤੀ ਅੰਜੂ ਚੰਦਰ ਨੂੰ ਮੰਗ ਪੱਤਰ ਦੇ ਕੇ ਉਹਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੰਲ ਦੀ ਮੰਗ ਕੀਤੀ ਹੈ| ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਸੈਣੀ ਅਤੇ ਖਰੜ ਬਰਾਂਚ ਦੇ ਮੀਤ ਪ੍ਰਧਾਨ ਜਗਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਠੇਕੇਦਾਰ ਪਾਸੋਂ ਕਈ ਮੁਸ਼ਕਲਾਂ ਆ ਰਹੀਆਂ ਹਨ| ਉਹਨਾਂ ਕਿਹਾ ਕਿ ਠੇਕੇਦਾਰ ਨਾ ਤਾਂ ਸਮੇਂ ਸਿਰ ਕਰਮਚਾਰੀਆਂ ਨੂੰ ਤਨਖਾਹ ਦਿੰਦਾ ਹੈ ਅਤੇ ਨਾ ਹੀ ਉਹਨਾਂ ਦਾ ਈ. ਪੀ. ਐਫ ਉਹਨਾਂ ਨੂੰ ਦਿੱਤਾ ਗਿਆ ਹੈ ਅਤੇ ਨਾ ਹੀ ਕਟੇ ਹੋਏ ਫੰਡਾਂ ਬਾਰੇ ਠੇਕੇਦਾਰ ਵੱਲੋਂ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ| ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਤਨਖਾਹ 7 ਤਾਰੀਕ ਤੱਕ ਬੈਂਕ ਰਾਹੀ ਦਿੱਤੀ ਜਾਵੇ| ਈ. ਪੀ. ਐਫ ਦੀ ਲਿਸਟ ਜਾਰੀ ਕੀਤੀ ਜਾਵੇ ਅਤੇ ਸਰਕਾਰ ਦੇ ਨਿਯਮਾਂ ਅਨੁਸਾਰ ਉਹਨਾਂ ਦੇ ਈ. ਪੀ. ਐਫ ਕਾਰਡ ਬਣਾਏ ਜਾਣ| ਹਫਤੇ ਵਿੱਚ ਇਕ ਦਿਨ ਅਰਾਮ ਕਰਨ ਲਈ ਛੁਟੀ ਦਿੱਤੀ ਜਾਵੇ, ਈ. ਐਸ.ਆਈ ਦੇ ਨਵੇਂ ਬਣਾਏ ਜਾਣ ਕਿਰਤ ਕਮਿਸ਼ਨ ਵੱਲੋਂ ਨਿਰਧਾਰਤ ਘਟੋ ਘੱਟ ਉਜਰਤਾਂ ਲਾਗੂ ਕੀਤੀਆਂ ਜਾਣ ਅਤੇ ਅਣਸਕਿਲਡ ਕਰਮਚਾਰੀ ਨੂੰ 10 ਸਾਲ ਦੀ ਸੇਵਾ ਤੋਂ ਬਾਅਦ ਸੈਮੀ ਸਕਿਲਡ ਅਤੇ ਸੈਮੀ ਸਕਿਲਡ ਵਰਕਰ ਨੂੰ 5 ਸਾਲਾਂ ਬਾਅਦ ਸਕਿਲਡ ਦੇ ਰੇਟਾਂ ਅਨੁਸਾਰ ਤਨਖਾਹ ਦਿੱਤੀ ਜਾਵੇ| ਉਹਨਾਂ ਦੱਸਿਆ ਕਿ ਨਗਰ ਕੌਂਸਲ ਪ੍ਰਧਾਨ ਵੱਲੋਂ ਉਹਨਾਂ ਦੀਆਂ ਮੰਗਾਂ ਤੇ ਗੌਰ ਕਰਦਿਆਂ ਤਨਖਾਹ ਬੈਂਕਾਂ ਰਾਹੀਂ ਦੇਣ ਅਤੇ ਹੋਰ ਮੰਗਾਂ ਤੇ ਅਮਲ ਕਰਨ ਲਈ ਕੌਂਸਲ ਦੇ ਐਮ. ਡੀ ਹਰਪ੍ਰੀਤ ਸਿੰਘ ਅਤੇ ਸੈਨਟਰੀ ਇੰਪੈਕਟਰ ਹਰਦਰਸ਼ਣ ਜੀਤ ਸਿੰਘ ਦੀ ਡਿਊਟੀ ਲਗਾਈ ਹੈ|

Leave a Reply

Your email address will not be published. Required fields are marked *