ਫੀਸਾਂ ਮੰਗੇ ਜਾਣ ਤੋਂ ਅੱਕੇ ਵਿਦਿਆਰਥੀਆਂ ਦੇ ਮਾਂਪਿਆਂ ਵਲੋਂ ਸਕੂਲ ਦੇ ਖਿਲਾਫ ਧਰਨਾ

ਆਰਥਿਕ ਮੰਦੀ ਦੀ ਮਾਰ ਹੇਠ ਆਏ ਮਾਪਿਆਂ ਤੇ ਫੀਸ ਭਰਨ ਦਾ ਦਬਾਓ ਪਾਉਣ ਦਾ ਦੋਸ਼ ਲਗਾਇਆ
ਐਸ.ਏ.ਐਸ ਨਗਰ 1 ਸਤੰਬਰ (ਜਸਵਿੰਦਰ ਸਿੰਘ) ਆਰਥਿਕ ਮੰਦੀ ਦੀ ਮਾਰ ਹੇਠ ਆਏ ਮਾਪਿਆਂ ਤੇ ਫੀਸ ਭਰਨ ਦਾ ਦਬਾਓ ਪਾਉਣ ਦਾ ਇਲਜਾਮ ਲਗਾਉਂਦਿਆਂ ਵਿਦਿਆਰਥੀਆਂ ਦੇ ਮਾਂਪਿਆਂ ਵਲੋਂ ਸਥਾਨਕ  ਫੇਜ਼-8 ਵਿੱਚ ਸਥਿਤ ਲਾਰੈਂਸ ਪਬਲਿਕ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਕੂਲ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ|
ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਉਹ ਸਕੂਲ ਵਿੱਚ ਪੜ੍ਹਦੇ ਆਪਣੇ ਬੱਚਿਆਂ ਦੀਆਂ ਫੀਸਾਂ ਲਗਾਤਰ ਭਰਦੇ ਆ ਰਹੇ ਹਨ ਪਰੰਤੂ ਲਾਕ ਡਾਊਨ ਕਾਰਨ ਉਨ੍ਹਾਂ ਦਾ ਕੰਮ ਬੰਦ ਹੋ ਗਿਆ ਜਿਸ ਕਾਰਨ ਉਹ ਫੀਸ ਨਹੀਂ  ਦੇ ਪਾ ਰਹੇ| ਉਹਨਾਂ ਦੋਸ਼ ਲਗਾਇਆ ਕਿ ਸਕੂਲ ਵਲੋਂ ਉਹਨਾਂ ਤੇ ਵਾਰ ਵਾਰ ਫੀਸ ਜਮ੍ਹਾਂ ਕਰਵਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਅਜਿਹਾ ਨਾ ਕਰਨ ਤੇ ਬੱਚਿਆਂ ਦਾ ਨਾਮ ਆਨਲਾਈਨ ਕਲਾਸ ਤੋਂ ਕੱਟਣ ਦੀ ਧਮਕੀ ਦਿੱਤੀ ਜਾ ਰਹੀ ਹੈ ਜਿਸਦੇ ਖਿਲਾਫ ਉਹ ਰੋਸ ਜਾਹਿਰ ਕਰ ਰਹੇ ਹਨ| 
ਇਸ ਮੌਕੇ ਸੰਬੋਧਨ ਕਰਦਿਆਂ ਸਮਾਜ ਸੇਵੀ ਆਗੂ ਸ੍ਰ ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਇਹ ਮਾਮਲਾ ਅਦਾਲਤ ਵਿੱਚ ਹੈ ਅਤੇ ਅਦਾਲਤ ਵਲੋਂ ਸਪਸ਼ਟ ਕਿਹਾ ਗਿਆ ਹੈ ਕਿ ਕੋਈ ਵੀ ਸਕੂਲ ਫੀਸ ਨਾ ਆਉਣ ਕਾਰਨ ਬੱਚਿਆਂ ਦਾ ਨਾਮ ਨਹੀ ਕੱਟ ਸਕਦਾ| ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਵਿੱਚ ਸਥਿਤ ਓਮ ਪ੍ਰਕਾਸ਼ ਬਾਂਸਲ ਸਕੂਲ ਦੇ ਪ੍ਰਬੰਧਕਾਂ ਵਲੋਂ ਉੱਥੇ ਪੜ੍ਹਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵਲੋਂ ਇਸੇ ਤਰ੍ਹਾਂ ਪ੍ਰੇਸ਼ਾਨ ਕੀਤੇ ਜਾਣ ਤੇ ਸਕੂਲ ਖਿਲਾਫ  ਕਾਨੂੰਨੀ ਲੜਾਈ ਲੜਦੇ ਹੋਏ ਸਕੂਲ ਦੀ ਐਫੀਲੀਏਸ਼ਨ ਸੀ.ਬੀ.ਐਸ.ਈ ਤੋਂ ਰੱਦ ਕਰਵਾ ਦਿੱਤੀ ਗਈ ਹੈ ਅਤੇ ਬਾਕੀ ਦੇ ਸਕੂਲਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਉਹ ਇਸੇ ਤਰ੍ਹਾਂ ਕਰਦੇ ਰਹੇ ਤਾਂ ਉਹਨਾਂ ਦੀ ਮਾਨਤਾ ਵੀ ਰੱਦ ਕੀਤੀ ਜਾ ਸਕਦੀ ਹੈ|
ਇਸ ਮੌਕੇ ਰਜਿੰਦਰ ਕੌਰ, ਹੈਪੀ, ਰਿੰਕੂ, ਦਨੇਸ਼ ਗੁਪਤਾ, ਦਲਬੀਰ ਸਿੰਘ ਅਤੇ ਹੋਰ ਮਾਪੇ ਹਾਜ਼ਰ ਸਨ| 

Leave a Reply

Your email address will not be published. Required fields are marked *