ਫੀਸਾਂ ਮੰਗੇ ਜਾਣ ਵਿਰੁੱਧ ਮਾਪਿਆਂ ਵਲੋਂ ਫੇਜ਼ 7 ਦੇ ਸੇਂਟ ਸੋਲਜਰ ਸਕੂਲ ਦੇ ਬਾਹਰ ਧਰਨਾ

ਫੀਸਾਂ ਮੰਗੇ ਜਾਣ ਵਿਰੁੱਧ ਮਾਪਿਆਂ ਵਲੋਂ ਫੇਜ਼ 7 ਦੇ ਸੇਂਟ ਸੋਲਜਰ ਸਕੂਲ ਦੇ ਬਾਹਰ ਧਰਨਾ
ਸਕੂਲ ਫੀਸ ਅਤੇ ਟ੍ਰਾਂਸਪੋਰਟ ਚਾਰਜ ਮੰਗਣ ਤੇ ਭੜਕੇ ਮਾਪਿਆਂ ਵਲੋਂ ਨਾਹਰੇਬਾਜੀ
ਐਸ.ਏ.ਐਸ.ਨਗਰ, 4 ਜੁਲਾਈ (ਜਸਵਿੰਦਰ ਸਿੰਘ) ਸਥਾਨਕ ਫੇਜ਼ 7 ਦੇ ਸੈਂਟ ਸੋਲਜਰ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰੰਬਧਕਾਂ ਵਲੋਂ ਮੰਗੀਆਂ ਜਾਣ ਵਾਲੀਆਂ ਫੀਸਾਂ ਦੇ ਵਿਰੋਧ ਵਿੱਚ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ| ਇਸ ਦੌਰਾਨ ਮਾਪਿਆਂ ਨੇ ਸਕੂਲ ਪ੍ਰੰਬਧਕਾਂ ਦੇ ਖਿਲਾਫ ਨਾਅਰੇਬਾਜੀ ਵੀ ਕੀਤੀ|
ਪ੍ਰਦਰਸ਼ਨ ਕਰਨ ਵਾਲੇ ਮਾਪਿਆਂ ਬਾਲਾ, ਰੀਤੂ, ਪ੍ਰਲਾਦ ਸਿੰਘ ਨੇ ਕਿਹਾ ਕਿ ਕੋਰੋਨਾ ਮਾਹਾਂਮਾਰੀ ਦੇ ਚਲਦੇ ਲਾਕਡਾਊਨ ਕਾਰਨ ਕਈ ਲੋਕਾਂ ਦੀਆਂ ਨੌਕਰੀਆਂ ਚੱਲੀਆਂ ਗਈਆਂ ਹਨ ਅਤੇ ਹੁਣ ਉਹ ਪੂਰੀ ਤਰ੍ਹਾਂ ਬੇਰੁਜਗਾਰ ਹੋ ਗਏ ਹਨ ਅਤੇ ਇਸ ਸੰਕਟ ਦੇ ਸਮੇਂ ਵਿੱਚ ਉਹ ਸਕੂਲਾਂ ਦੀ ਫੀਸ ਦੇਣ ਤੋਂ ਪੂਰੀ ਤਰ੍ਹਾਂ ਅਸਮਰਥ ਹਨ ਪਰੰਤੂ ਇਸਦੇ ਬਾਵਜੂਦ ਸਕੂਲ ਪ੍ਰੰਬਧਕਾਂ ਵਲੋਂ ਉਨ੍ਹਾਂ ਤੋਂ ਲਗਾਤਾਰ ਫੀਸ ਦੀ ਮੰਗ ਕੀਤੀ ਜਾ ਰਹੀ ਹੈ ਜਦਕਿ ਸਕੂਲ ਪਿਛਲੇ ਕਈ ਮਹੀਨਿਆਂ ਤੋਂ ਬੰਦ ਹਨ ਅਤੇ ਬੱਚੇ ਵੀ ਘਰਾਂ ਵਿੱਚ ਹਨ| ਹੋਰ ਤਾਂ ਹੋਰ ਸਕੂਲ ਪ੍ਰਬੰਧਕਾਂ ਵਲੋਂ ਉਹਨਾਂ ਤੋਂ ਟ੍ਰਾਂਸਪੋਰਟੇਸ਼ਨ ਚਾਰਜ ਦੀ ਮੰਗ ਵੀ ਕੀਤੀ ਜਾ ਰਹੀ ਹੈ ਜਦੋਂਕਿ ਨਾ ਤਾਂ ਸਕੂਲ ਖੁੱਲੇ ਹਨ ਅਤੇ ਹੀ ਬੱਚਿਆਂ ਨੂੰ ਸਕੂਲ ਲਿਜਾਇਆ ਜਾਂ ਘਰਾਂ ਤਕ ਪਹੁੰਚਾਇਆ ਗਿਆ ਹੈ ਫਿਰ ਟ੍ਰਾਂਸਪੋਰਟੇਸ਼ਨ ਚਾਰਜ ਦਾ ਕੀ ਮਤਲਬ ਹੈ|
ਉਹਨਾਂ ਕਿਹਾ ਕਿ ਸਕੂਲ ਪ੍ਰੰਬਧਕਾਂ ਵਲੋਂ ਲਗਾਤਾਰ ਫੀਸਾਂ ਭਰਵਾਉਣ ਲਈ ਵਾਟਸਐਪ ਅਤੇ ਈ-ਮੇਲ ਰਾਹੀਂ ਮੈਸੇਜ ਭੇਜੇ ਜਾਂਦੇ ਹਨ ਜਿਸ ਕਾਰਨ ਬੱਚਿਆਂ ਨੂੰ ਮਾਨਸਿਕ ਪ੍ਰੇਸ਼ਾਨੀਆਂ ਆ ਰਹੀਆਂ ਹਨ| ਉਹਨਾਂ ਕਿਹਾ ਕਿ ਸਕੂਲ ਦੇ ਅਧਿਆਪਕਾਂ ਵਲੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਦੀਆਂ ਅੱਖਾਂ ਦੇ ਨਾਲ-ਨਾਲ ਹੈੱਡ ਫੋਨ ਦੀ ਵਰਤੋਂ ਕਾਰਨ ਉਨ੍ਹਾਂ ਦੇ ਕੰਨਾਂ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ| ਇਸ ਦੇ ਨਾਲ ਹੀ ਕਈ ਮਾਪੇ ਅਜਿਹੇ ਵੀ ਹਨ ਜਿਨਾਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਸੰਬਧੀ ਜਿਆਦਾ ਜਾਣਕਾਰੀ ਹੀ ਨਹੀਂ ਹੈ ਜਿਸ ਕਾਰਨ ਉਨਾਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ਸਮੇਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਉਹ ਸਕੂਲਾਂ ਨੂੰ ਇਸ ਸਾਲ ਦੀ ਫੀਸ ਨਹੀਂ ਦੇਣਗੇ ਅਤੇ ਜੇ ਕਰ ਇਸ ਨਾਲ ਬੱਚਿਆਂ ਦਾ ਸਾਲ ਖਰਾਬ ਹੁੰਦਾ ਹੈ ਤਾਂ ਉਹ ਅਗਲੇ ਸਾਲ ਉਨ੍ਹਾਂ ਦੀ ਪੜ੍ਹਾਈ ਕਰਵਾ ਦੇਣਗੇ|
ਇਸ ਮੌਕੇ ਸਮਾਜਸੇਵੀ ਸੰਸਥਾ ਪੰਜਾਬ ਅਗੇਂਸਟ ਕਰਪਸ਼ਨ ਦੇ ਪ੍ਰਧਾਨ ਸ੍ਰ. ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਦੀ ਆੜ ਲੈ ਕੇ ਸਕੂਲ ਪ੍ਰੰਬਧਕਾਂ ਵਲੋਂ ਲੁੱਟ ਮਚਾਈ ਜਾ ਰਹੀ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਵਲੋਂ ਮਾਪਿਆਂ ਨੂੰ ਫੀਸਾਂ ਅਤੇ ਹੋਰ ਖਰਚੇ ਦੇਣ ਲਈ ਵੀ ਮਜਬੂਰ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਜਿਥੋਂ ਤੱਕ ਹਾਈ ਕੋਰਟ ਦੇ ਫੈਸਲੇ ਦਾ ਸਵਾਲ ਹੈ ਤਾਂ ਹਾਈ ਕੋਰਟ ਦੇ ਡਬਲ ਬੈਚ ਤੇ ਉਨਾਂ ਵਲੋਂ ਵੀ ਇੱਕ ਪਟੀਸ਼ਨ ਪਾਈ ਹੋਈ ਹੈ| ਉਹਨਾਂ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਉਹ ਸੁਪਰੀਮ ਕੋਰਟ ਤੱਕ ਪਹੁੰਚ ਕਰਣਗੇ|
ਇਸ ਦੌਰਾਨ ਸਕੂਲ ਦੇ ਬੱਸ ਆਪਰੇਟਰ ਸੰਦੀਪ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਵਲੋਂ ਬੀਤੇ ਮਹੀਨਿਆਂ ਦੇ ਟਰਾਂਸਪੋਰਟ ਦਾ ਕੋਈ ਵੀ ਖਰਚ ਮਾਪਿਆਂ ਤੋਂ ਨਹੀਂ ਲਿਆ ਗਿਆ ਹੈ| ਉਹਨਾਂ ਕਿਹਾ ਕਿ ਜੇਕਰ ਇਸ ਸਮੇਂ ਦੌਰਾਨ ਬੱਚੇ ਸਕੂਲ ਹੀ ਨਹੀਂ ਗਏ ਹਨ ਤਾਂ ਉਹ ਟਰਾਂਸਪੋਰਟ ਦਾ ਖਰਚਾ ਕਿਵੇਂ ਲੈ ਸਕਦੇ ਹਨ| ਉਹਨਾਂ ਕਿਹਾ ਕਿ ਇਸ ਮਹਾਂਮਾਰੀ ਦੌਰਾਨ ਜਿੱਥੇ ਮਾਪਿਆਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਉੱਥੇ ਇਸਦੇ ਨਾਲ ਹੀ ਸਕੂਲ ਵਿੱਚ ਬੱਸਾਂ ਚਲਾਉਣ ਵਾਲੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਇਸ ਸੰਬੰਧੀ ਸਕੂਲ ਦੇ ਪ੍ਰਬੰਧਕਾਂ ਨੇ ਕੈਮਰੇ ਦੇ ਸਾਮ੍ਹਣੇ ਕੋਈ ਵੀ ਗੱਲ ਤੋਂ ਇਨਕਾਰ ਕਰ ਦਿੱਤਾ| ਹਾਲਾਂਕਿ ਉਹਨਾਂ ਕਿਹਾ ਤੇ ਸਕੂਲ ਵਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਿਦਾਇਤਾਂ ਅਨੁਸਾਰ ਹੀ ਫੀਸ ਮੰਗੀ ਜਾ ਰਹੀ ਹੈ ਜਿਸ ਵਿੱਚ ਕੁੱਝ ਵੀ ਗਲਤ ਨਹੀਂ ਹੈ|

Leave a Reply

Your email address will not be published. Required fields are marked *