ਫੇਜ਼ 10 ਵਿੱਚ ਬੂਥਾਂ ਸਾਮ੍ਹਣੇ ਅਣਅਧਿਕਾਰਤ ਤੌਰ ਤੇ ਪਾ ਦਿੱਤੀ ਸੀਵਰੇਜ ਦੀ ਪਾਈਪ ਦੁਕਾਨਦਾਰਾਂ ਨੇ ਨਿਗਮ ਦੇ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ, ਪਾਈਪਾਂ ਦੇ ਉੱਪਰ ਟਾਈਲਾਂ ਲਾਉਣ ਦਾ ਕੰਮ ਰੁਕਵਾਇਆ


ਐਸ ਏ ਐਸ ਨਗਰ, 25 ਨਵੰਬਰ (ਜਸਵਿੰਦਰ ਸਿੰਘ) ਸਥਾਨਕ ਫੇਜ 10 ਦੀ ਬੂਥ ਮਾਰਕੀਟ ਵਿੱਚ ਨਗਰ ਨਿਗਮ ਦੀ ਟੀਮ ਵਲੋਂ ਟਾਈਲਾਂ ਲਗਾਉਣ ਦੇ ਕੰਮ ਦਾ ਦੁਕਾਨਦਾਰਾਂ ਵਲੋਂ ਇਹ ਕਹਿ ਕੇ ਵਿਰੋਧ ਕੀਤਾ ਗਿਆ ਕਿ ਇਸਤੋਂ ਪਹਿਲਾਂ ਇਸ ਥਾਂ ਤੇ ਕੁਝ ਸਮਾਂ ਪਹਿਲਾਂ ਗੰਦੇ ਪਾਣੀ ਦੀ ਨਿਕਾਸੀ ਲ ਈ ਪਾਏ ਗਏ ਪਾਈਪ ਨੂੰ ਪੁੱਟਿਆ ਜਾਵੇ| 
ਇਸ ਮੌਕੇ ਮੌਜੂਦ ਫੇਜ 10 ਬੂਥ ਮਾਰਕੀਟ ਦੇ ਦੁਕਾਨਦਾਰਾਂ ਨੇ ਦਸਿਆ ਕਿ ਸਥਾਨਕ ਬੂਥ ਮਾਰਕੀਟ ਦੇ ਬੂਥ ਨੰਬਰ 120 ਤੋਂ ਲੈ ਕੇ 136 ਤਕ  ਦੇ ਅੱਗੇ ਅੱਜ ਨਗਰ ਨਿਗਮ ਦੀ ਟੀਮ ਟਾਈਲਾਂ ਲਗਾਉਣ ਆਈ ਸੀ, ਉਸ ਥਾਂ ਬਰਸਾਤੀ ਪਾਣੀ ਕੱਢਣ ਲਈ ਦਿਵਾਲੀ ਤੋਂ ਪਹਿਲਾਂ ਨਿਗਮ ਵਲੋਂ ਇਕ ਪਾਈਪ ਪਾਈ ਗਈ ਸੀ ਅਤੇ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਕੁਝ ਬੂਥ ਦੁਕਾਨਦਾਰਾਂ ਨੇ ਆਪਣੀ ਰਹਿੰਦ ਖੂੰਹਦ ਅਤੇ ਗੰਦਾ ਪਾਣੀ  ਇਸ ਪਾਈਪ ਸੁੱਟਣਾ ਸ਼ੁਰੂ ਕਰ ਦਿਤਾ, ਜਿਸ ਕਰਕੇ ਇਹ ਪਾਈਪ ਜਾਮ ਹੋ ਗਈ ਅਤ ਗੰਦਾ ਪਾਣੀ ਉਵਰਫਲੋ ਹੋਣਾ ਸ਼ੁਰੂ ਹੋ ਗਿਆ| 
ਦੁਕਾਨਦਾਰਾਂ ਨੇ ਦੱਸਿਆ ਕਿ ਉਹਨਾਂ ਵਲੋਂ ਇਸ ਦੀ ਸ਼ਿਕਾਇਤ ਨਿਗਮ ਦੇ ਕਮਿਸ਼ਨਰ ਨੂੰ ਕੀਤੀ ਗਈ| ਇਸਦੇ ਬਾਵਜੂਦ ਅੱਜ ਨਿਗਮ ਟੀਮ ਵਲੋਂ ਉਥੇ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ, ਜਿਸਦਾ ਦੁਕਾਨਦਾਰਾਂ ਵਲੋਂ ਵਿਰੋਧ ਕੀਤਾ ਗਿਆ ਅਤੇ ਇਹ ਕੰਮ ਬੰਦ ਕਰਵਾ ਦਿਤਾ ਗਿਆ| ਇਸ ਦੌਰਾਨ ਉੱਥੇ ਕੰਮ ਕਰਨ ਵਾਲੀ ਲੇਬਰ ਵਲੋਂ ਪੁਟਾਈ ਕਰਕੇ ਜਮੀਨ ਹੇਠਾਂ ਪਾਈ ਗਈ ਪਾਈਪ ਕੱਢਣੀ ਸ਼ੁਰੂ ਕਰ ਦਿੱਤੇ| ਉਹਨਾਂ ਵਲੋਂ ਉੱਥੇ ਜਮੀਨ ਹੇਠਾਂ ਪਾਈਪ ਦੇ ਦੋ ਟੁਕੜੇ ਕਢੇ ਗਏ ਅਤੇ ਫਿਰ ਇਹ ਕਹਿ ਕੇ ਕੰਮ ਬੰਦ ਕਰ ਦਿੱਤਾ ਗਿਆ ਕਿ ਇਹ ਕੰਮ ਦੂਜੇ ਠੇਕੇਦਾਰ ਦੀ ਲੇਬਰ ਵਲੋਂ ਕੀਤਾ ਜਾਵੇਗਾ| 
ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਐਸ ਡੀ ਓ ਸ੍ਰੀ ਸੁਨੀਲ ਕੁਮਾਰ ਨੇ ਕਿਹਾ ਕਿ ਇਸ ਸੰਬੰਧੀ ਉਹਨਾਂ ਨੂੰ ਵੀ ਸ਼ਿਕਾਇਤ ਮਿਲੀ ਹੈ ਅਤੇ ਉਹ ਆਪਣਾਂ ਜੇ ਈ ਮੌਕੇ ਤੇ ਭੇਜ ਰਹੇ ਹਨ| ਉਹਨਾਂ ਕਿਹਾ ਕਿ ਇਸ ਤਰੀਕੇ ਨਾਲ ਬੂਥਾਂ ਦੇ ਸਾਮ੍ਹਣੇ ਪਾਈ ਗਈ ਪਾਈਪ ਦੀ ਜਾਂਚ ਕਰਵਾਈ ਜਾਵੇਗੀ ਅਤੇ ਦੁਕਾਨਦਾਰਾਂ ਦੀ ਸਮੰਸਿਆ ਨੂੰ ਹਲ ਕੀਤਾ ਜਾਵੇਗਾ| ਮੌਕੇ ਤੇ ਦੁਕਾਨਾਂ ਦੇ ਸਾਮ੍ਹਣੇ ਵਾਲੀ ਥਾਂ ਪੁੱਟ ਕੇ ਛੱਡ ਦਿੱਤੀ ਗਈ ਸੀ ਅਤੇ ਟਾਈਲਾਂ ਲਗਾਉਣ ਦਾ ਕੰਮ ਵੀ ਰੁਕਿਆ ਹੋਇਆ ਸੀ| 
ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਗਰਗ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਉਹ ਸੰਬੰਧਿਤ ਅਧਿਕਾਰੀ ਨੂੰ ਮੌਕੇ ਤੇ  ਭੇਜ ਕੇ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਇਸ ਸੰਬੰਧੀ ਜੋ ਵੀ ਬਣਦੀ ਕਾਰਵਾਈ ਹੋਈ ਉਹ ਕੀਤੀ ਜਾਵੇਗੀ| 
ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ  ਪਹਿਲਾਂ ਇਸ ਥਾਂ ਪਾਈ ਗਈ ਪਾਈਪ ਨੁੰ ਪੁਟਿਆ ਜਾਵੇ, ਫਿਰ ਟਾਈਲਾਂ ਲਗਾਈਆਂ ਜਾਣ| 
ਇਸ ਮੌਕੇ ਫੇਜ਼ 10 ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਗੁਰਮੀਤ ਸਿੰਘ ਵਾਲੀਆ ਨੇ ਕਿਹਾ ਕਿ ਉਹਨਾਂ ਵਲੋਂ ਇਸ ਮਾਮਲੇ ਦੀ ਸ਼ਿਕਾਇਤ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ  ਕੀਤੀ ਗਈ ਸੀ ਅਤੇ ਅਧਿਕਾਰੀਆਂ ਵਲੋਂ ਉਹਨਾਂ ਨੂੰ ਇਸ ਸਬੰਧੀ ਯੋਗ ਕਾਰਵਾਈ ਕਰਨ ਦਾ ਭਰੋਸਾ ਦਿਤਾ ਸੀ ਪਰ ਇਸਦੇ ਬਾਵਜੂਦ ਨਿਗਮ ਦੇ ਅਧਿਕਾਰੀ ਦੁਕਾਨਦਾਰਾਂ ਨੂੰ ਤੰਗ ਕਰ ਰਹੇ ਹਨ| ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਕਿ ਬੂਥਾਂ ਦੇ ਸਾਮ੍ਹਣੇ ਇਹ ਪਾਈਪ ਕਿਵੇਂ ਪਾ ਦਿੱਤੀ ਗਈ|

Leave a Reply

Your email address will not be published. Required fields are marked *