ਫੇਜ਼ 5 ਵਿਚਲੇ ਢਾਬਿਆਂ ਅਤੇ ਹੋਟਲਾਂ ਵਾਲਿਆਂ ਵਲੋਂ ਪਿਛਲੇ ਪਾਸੇ ਕੀਤੇ ਨਾਜਾਇਜ਼ ਕਬਜਿਆਂ ਅਤੇ ਢਾਬਿਆਂ ਦੀ ਰਹਿੰਦ ਖੂੰਹਦ ਸੀਵਰੇਜ਼ ਵਿੱਚ ਸੁੱਟਣ ਕਾਰਨ ਲੋਕ ਪ੍ਰੇਸ਼ਾਨ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੌਕਾ ਵਿਖਾਇਆ


ਐਸ ਏ ਐਸ ਨਗਰ, 10 ਦਸੰਬਰ (ਸ.ਬ. ) ਸਥਾਨਕ ਫੇਜ਼ 5 ਦੇ ਵਸਨੀਕ ਇੱਥੋਂ ਦੀ ਸ਼ੋਰੂਮ ਮਾਰਕੀਟ ਵਿੰਚ ਚਲਦੇ ਢਾਬਿਆਂ ਅਤੇ ਹੋਟਲਾਂ ਵਾਲਿਆਂ ਵਲੋਂ ਸ਼ੋਰੂਮਾਂ ਦੇ ਪਿਛਲੇ ਪਾਸੇ (ਫੇਜ਼ 5 ਦੇ ਰਿਹਾਇਸ਼ੀ ਇਲਾਕੇ ਵੱਲ) ਗੰਦੇ ਭਾਂਡੇ  ਧੋ ਕੇ ਗੰਦਾ ਪਾਣੀ ਸੁੱਟਣ, ਢਾਬਿਆਂ  ਤੇ ਹੋਟਲਾਂ ਦੀ ਰਹਿੰਦ ਖੂੰਹਦ ਸੀਵਰੇਜ ਵਿੱਚ ਸੁੱਟਣ ਅਤੇ ਆਪਣੈ ਜਨਰੇਟਰ ਅਤੇ ਹੋਰ ਸਮਾਨ ਰੱਖ ਕੇ ਕੀਤੇ ਗਏ ਨਾਜਾਇਜ ਕਬਜਿਆਂ ਦੀ ਸਮੱਸਿਆ ਦਾ ਸਾਮ੍ਹਣਾ ਕਰ ਰਹੇ ਹਨ| ਵਸਨੀਕਾਂ ਵਲੋਂ ਆਪਣੀ ਇਹ ਸਮੱਸਿਆ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਜਸਪ੍ਰੀਤ ਸਿੰਘ ਗਿਲ ਦੇ ਧਿਆਨ ਵਿੱਚ ਲਿਆਂਦੀ ਗਈ ਸੀ ਜਿਹਨਾਂ ਵਲੋਂ ਅੱਜ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਅਤੇ ਉਹਨਾਂ ਦੀ ਟੀਮ ਨੂੰ ਮੌਕੇ ਤੇ ਸੱਦ ਕੇ ਮੌਕਾ ਵਿਖਾਇਆ ਗਿਆ ਅਤੇ ਇਹਨਾਂ ਸਮੱਸਿਆਵਾਂ ਦੇ ਹਲ ਲਈ ਕਾਰਵਾਈ ਕਰਨ ਦੀ ਮੰਗ ਕੀਤੀ ਗਈ| 
ਇਸ ਮੌਕੇ ਸ੍ਰ. ਗਿੱਲ ਨੇ ਕਿਹਾ ਕਿ ਇਹਨਾਂ ਢਾਬਿਆਂ ਅਤੇ ਹੋਟਲਾਂ ਵਾਲਿਆਂ ਵਲੋਂ ਰਿਹਾਇਸ਼ੀ ਇਲਾਕੇ ਵਾਲੇ ਪਾਸੇ ਆਪਣੇ ਹੋਟਲਾਂ ਦੀ ਰਹਿੰਦ ਖੁੰਹਦ ਸੀਵਰੇਜ ਵਿਚ ਸੁੱਟ ਦਿਤੀ ਜਾਂਦੀ ਹੈ, ਜਿਸ ਕਾਰਨ ਫੇਜ਼ 5 ਦੇ ਰਿਹਾਇਸ਼ੀ ਇਲਾਕੇ ਦਾ              ਸੀਵਰੇਜ ਅਕਸਰ ਜਾਮ ਰਹਿੰਦਾ ਹੈ| ਇਸ ਤੋਂ ਇਲਾਵਾ ਢਾਬਿਆਂ ਅਤੇ ਹੋਟਲਾਂ ਵਾਲਿਆਂ ਵਲੋਂ ਪਿਛਲੀ ਸੜਕ ਉਪਰ ਆਪਣੇ ਭਾਂਡੇ ਰਖ ਕੇ ਮਾਂਜੇ ਜਾਂਦੇ ਹਨ ਅਤੇ ਇਹ ਗੰਦਾ ਪਾਣੀ ਰਿਹਾਇਸ਼ੀ ਖੇਤਰ ਵਿੱਚ ਜਾਂਦਾ ਹੈ| ਉਹਨਾਂ ਕਿਹਾ ਕਿ ਇਹਨਾਂ ਢਾਬਿਆਂ ਅਤੇ ਹੋਟਲਾਂ ਵਾਲਿਆਂ ਨੇ ਆਪਣੇ ਜਰਨੇਟਰ ਵੀ ਰਿਹਾਇਸ਼ੀ ਖੇਤਰ ਵਾਲੇ ਪਾਸੇ ਰਖੇ ਹੋਏ ਹਨ ਅਤੇ ਇਹਨਾਂ ਜਨਰੇਟਰਾਂ ਦੀ ਆਵਾਜ ਅਤੇ ਧੂਏਂ ਕਾਰਨ ਵਸਨੀਕਾਂ ਲੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ| 
ਉਹਨਾਂ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ ਸ਼ੋਅਰੂਮਾਂ ਦੇ ਪਿਛਲੇ ਪਾਸੇ ਰਿਹਾਇਸ਼ੀ ਇਲਾਕੇ ਵੱਲ ਪਏ ਜਰਨੇਟਰਾਂ ਨੂੰ  ਛੱਤਾਂ ਉਪਰ ਰਖਵਾਇਆ ਜਾਵੇ, ਹੋਟਲਾਂ ਅਤੇ ਢਾਬਿਆਂ ਵਾਲਿਆਂ ਵਲੋਂ ਸੁੱਟੀ ਜਾਂਦੀ ਰਹਿੰਦ  ਖੂੰਹਦ ਅਤੇ ਗੰਦੇ ਪਾਣੀ ਨੂੰ ਸੁੱਟਣ ਤੋਂ ਰੋਕਿਆ ਜਾਵੇ ਅਤੇ ਸੜਕਾਂ ਉਪਰ ਭਾਂਡੇ ਅਤੇ ਹੋਰ ਸਮਾਨ ਰਖਣ ਵਾਲਿਆਂ ਦੇ ਚਲਾਨ ਕੀਤੇ ਜਾਣ| ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਨੇ ਹੋਟਲਾਂ ਅਤੇ ਢਾਬੇ ਵਾਲਿਆਂ ਨੂੰ ਸੜਕਾਂ ਤੋਂ ਭਾਂਡੇ, ਜਰਨੇਟਰ ਅਤੇ ਹੋਰ ਸਮਾਨ ਚੁੱਕਣ ਦੇ ਹੁਕਮ ਦਿਤੇ| 
ਇਸ ਮੌਕੇ ਨਗਰ ਨਿਗਮ ਦੀ ਸਫਾਈ ਸ਼ਾਖਾ ਦੇ ਐਕਸੀਅਨ ਹਰਪ੍ਰੀਤ ਸਿੰਘ, ਸਫਾਈ ਵਿਭਾਗ, ਐਸ ਡੀ ਓ ਅੰਮ੍ਰਿਤਪਾਲ ਸਿੰਘ, ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ 5  ਦੇ ਪ੍ਰਧਾਨ ਮੁਕੇਸ ਬਾਂਸਲ, ਬ੍ਰਿਜੇਸ ਕਪਿਲਾ, ਕੁਲਵੰਤ ਸਿੰਘ, ਪਰਮਿੰਦਰ ਸਿੰਘ, ਆਸੂ ਭੰਡਾਰੀ, ਏ ਐਸ ਗਿੱਲ, ਪੁਸਪਿੰਦਰ ਨੱਤ, ਇਕਬਾਲ ਸਿੰਘ ਮੌਜੂਦ ਸਨ| 

Leave a Reply

Your email address will not be published. Required fields are marked *