ਫੇਜ਼-5 ਵਿੱਚ ਫੁਟਪਾਥ ਦੇ ਹੇਠਾਂ ਜਮੀਨ ਧਸੀ, ਰੋਡ ਗਲੀਆਂ ਦੇ ਢੱਕਣ ਵੀ ਟੁੱਟੇ

ਐਸ.ਏ.ਐਸ.ਨਗਰ, 24 ਜੁਲਾਈ (ਆਰ.ਪੀ.ਵਾਲੀਆ) ਸਥਾਨਕ ਫੇਜ਼ 5 ਦੇ ਮਿਲੇਨੀਅਮ ਸਕੂਲ ਦੇ ਸਾਹਮਣੇ  ਬਣੀ ਸੜਕ ਦੇ ਨਾਲ ਦੀ ਫੁਟਪਾਥ ਦੇ ਹੇਠਾਂ ਜਮੀਨ ਧੱਸ ਜਾਣ ਕਾਰਨ ਉੱਥੇ ਇੱਕ ਕਾਫੀ ਵੱਡਾ ਅਤੇ ਡੂੰਘਾ ਟੋਇਆ ਪੈ ਗਿਆ ਹੈ ਜਿਸ ਵਿੱਚ ਡਿੱਗਣ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ| 
ਜਿਸ ਥਾਂ ਤੇ ਇਹ ਫੁਟਪਾਥ ਬਣਿਆ ਹੋਇਆ ਹੈ ਉਸਦੇ ਨੇੜੇ ਹੀ ਨਗਰ ਨਿਗਮ ਦੇ ਕਮਿਸ਼ਨਰ ਦਾ ਨਿਵਾਸ ਸਥਾਨ ਹੈ ਅਤੇ ਨਗਰ ਨਿਗਮ ਦੇ ਕਈ ਅਧਿਕਾਰੀ ਅਤੇ ਕਰਮਚਾਰੀ ਇੱਥੇ ਹੀ ਰਹਿੰਦੇ ਹਨ, ਜਿਹੜੇ ਰੋਜ ਇਸ ਥਾਂ ਦੇ ਸਾਮ੍ਹਣਿਓ ਲੰਘਦੇ ਹਨ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ  ਅਧਿਕਾਰੀ ਦਾ ਇਸ ਪਾਸੇ ਧਿਆਨ ਹੀ ਨਹੀਂ ਗਿਆ|
ਫੇਜ਼ 5 ਦੇ ਵਸਨੀਕ ਅਤੇ ਭਾਈ ਘੱਨਈਆ ਵੈਲਫੇਅਰ ਸੁਸਾਇਟੀ ਦੇ ਜਨਰਲ ਸੱਕਤਰ ਸ੍ਰ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਫੁਟਪਾਥ ਪਿੱਛਲੇ 15-20 ਦਿਨਾਂ ਤੋਂ ਜਮੀਨ ਹੇਠਾਂ ਧੱਸਣ ਕਾਰਨ ਇੱਥੇ ਡੂੰਘਾ ਟੋਇਆ ਬਣ ਗਿਆ ਹੈ ਅਤੇ ਇੱਥੇ ਡੂੰਘਾ ਨਾਲਾ ਪੈ ਗਿਆ ਹੈ ਜਿਸ ਵਿੱਚ ਕੋਈ ਵੀ ਜਾਨਵਰ ਜਾਂ ਬੱਚਾ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ|
ਉਹਨਾਂ ਕਿਹਾ ਕਿ ਉਨ੍ਹਾਂ ਵਲੋਂ ਪਿਛਲੇ ਕੁਝ ਸਮੇਂ ਪਹਿਲਾਂ ਇਸਦੀ ਸ਼ਿਕਾਇਤ ਨਗਰ ਨਿਗਮ ਦੇ ਕਮਿਸ਼ਨਰ ਦੇ ਕੋਲ ਕੀਤੀ ਗਈ ਸੀ ਪਰ ਇਸਦੇ ਬਾਵਜੂਦ ਵੀ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ| ਉਹਨਾਂ ਦੱਸਿਆ ਕਿ ਇਸਦੇ ਨਾਲ ਹੀ ਇੱਥੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੀਆਂ ਰੋਡ ਗੱਲੀਆਂ ਦੇ ਢੱਕਣ ਵੀ ਟੁੱਟੇ ਪਏ ਹਨ ਜਿਸ ਕਾਰਨ ਇੱਥੇ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ| 
ਉਹਨਾਂ ਮੰਗ ਕੀਤੀ ਕਿ ਇਸ ਫੁੱਟਪਾਥ ਦੀ ਛੇਤੀ ਤੋਂ ਛੇਤੀ ਮੁਰੰਮਤ ਕਰਵਾਈ ਜਾਵੇ ਅਤੇ ਰੋਡ ਗੱਲੀਆਂ ਦੇ ਢੱਕਣ ਵੀ ਬਦਲੇ ਜਾਣ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ|  
ਇਸ ਸੰਬਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਅਰੁਣ ਸ਼ਰਮਾ ਨੇ ਦੱਸਿਆ ਕਿ ਇਹ ਖੱਡਾ ਇੱਥੇ ਕਾਫੀ ਪੁਰਾਣਾ ਹੈ ਅਤੇ ਲੱਗਭੱਗ 3 ਸਾਲ ਪਹਿਲਾਂ ਵੀ ਇੱਥੇ ਅਜਿਹਾ ਹੀ ਟੋਇਆ ਬਣ ਗਿਆ ਸੀ ਜਿਸਨੂੰ ਉਸ ਸਮੇਂ ਭਰਵਾ ਦਿੱਤਾ ਗਿਆ ਸੀ ਪਰੰਤੂ ਹੁਣ ਇਹ ਦੁਬਾਰਾ ਬਣ ਗਿਆ ਹੈ ਜਿਸ ਨਾਲ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲ ਹੁੰਦੀ ਹੈ| ਉਹਨਾਂ ਕਿਹਾ ਕਿ ਇਹ ਸਮੱਸਿਆ ਸਿਰਫ ਇਸ ਫੇਜ਼ ਦੀ ਨਹੀਂ ਹੈ ਬਲਕਿ ਸ਼ਹਿਰ ਦੇ ਲਗਭਗ ਹਰੇਕ ਫੇਜ਼ ਵਿੱਚ ਅਜਿਹੀ ਸਮੱਸਿਆ ਆ ਰਹੀ ਹੈ| ਉਹਨਾਂ ਕਿਹਾ ਕਿ ਉਨ੍ਹਾਂ ਵਲੋਂ ਸਮੇਂ-ਸਮੇਂ ਤੇ ਨਗਰ ਨਿਗਮਾਂ ਦੀਆਂ ਮੀਟਿੰਗਾਂ ਵਿੱਚ ਇਸ ਮੁੱਦੇ ਨੂੰ ਉਠਾਇਆ ਜਾਂਦਾ ਰਿਹਾ ਹੈ ਤਾਂ ਜੋ ਇਸ ਸਮੱਸਿਆ ਦਾ ਹੱਲ ਹੋ ਸਕੇ ਪਰੰਤੂ ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ| 
ਉਹਨਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਬਣੇ ਸਾਰੇ ਪੁਰਾਣੇ ਫੁੱਟਪਾਥਾਂ ਨੂੰ ਤੋੜ ਕੇ ਦੁਬਾਰਾ ਬਣਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ|

Leave a Reply

Your email address will not be published. Required fields are marked *