ਫੇਜ਼ 6 ਦੇ ਚੌਂਕ ਤੋਂ ਸਿਵਲ ਹਸਪਤਾਲ ਤੱਕ ਦੀ ਸੜਕ ਦੇ ਕਿਨਾਰੇ ਗੰਦਾ ਪਾਣੀ ਖੜ੍ਹਨ ਕਾਰਨ ਲੋਕ ਹੁੰਦੇ ਹਨ ਪ੍ਰੇਸ਼ਾਨ

ਐਸ.ਏ.ਐਸ.ਨਗਰ, 6 ਅਗਸਤ (ਆਰ.ਪੀ.ਵਾਲੀਆ) ਸਥਾਨਕ ਫੇਜ਼ 6 ਵਿੱਚ ਬਣੇ ਚੌਂਕ ਤੋਂ ਸਿਵਲ ਹਸਪਤਾਲ ਤੱਕ ਸਾਰੀ ਸੜਕ ਦੇ ਕਿਨਾਰੇ ਗੰਦਾ ਪਾਣੀ ਖੜ੍ਹਨ ਦੀ ਸੱਮਸਿਆ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਕਾਰਨ ਇਸ ਪੂਰੇ ਇਲਾਕੇ ਵਿੱਚ ਗੰਦਗੀ ਅਤੇ ਚਿੱਕੜ ਦੀ ਭਰਮਾਰ ਬਣੀ ਹੋਈ ਹੈ| ਇਸ ਹਸਪਤਾਲ ਦੇ ਨਾਲ ਪਾਣੀ ਖੜ੍ਹਨ ਦੀ ਇਹ ਸੱਮਸਿਆ ਕਾਫੀ ਪੁਰਾਣੀ ਹੈ ਅਤੇ ਇਸ ਕਾਰਨ ਇੱਥੇ ਆਉਣ ਵਾਲੇ ਮਰੀਜਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਇਸ ਸੜ੍ਹਕ ਤੇ ਇੱਕ ਥਾਂ ਤੇ ਪੀਣ ਵਾਲੇ ਪਾਣੀ ਦੀ ਪਾਈਪ ਵੀ ਪਿੱਛਲੇ ਲੱਗਭੱਗ ਇੱਕ ਸਾਲ ਤੋਂ ਟੁੱਟੀ ਹੋਈ ਹੈ ਜਿਸਦੀ ਹੁਣ ਤੱਕ ਮੁਰਮੰਤ ਨਹੀਂ ਕੀਤੀ ਗਈ ਹੈ|
ਨਗਰ ਨਿਗਮ ਦੇ ਸਾਬਕਾ ਕੌਂਸਲਰ ਸ਼੍ਰੀ ਆਰ.ਪੀ. ਸ਼ਰਮਾ ਕਹਿੰਦੇ ਹਨ ਕਿ ਸੂਬੇ ਦੇ ਸਿਹਤ ਮੰਤਰੀ ਸ੍ਰ . ਬਲਬੀਰ ਸਿੰਘ ਸਿੱਧੂ ਦੇ ਹਲਕੇ ਅਤੇ ਸ਼ਹਿਰ ਦੇ ਇਸ ਮੁੱਖ ਹਸਪਤਾਲ ਦੇ ਬਾਹਰ ਦੀ ਇਸ ਹਾਲਤ ਕਾਰਨ ਸਥਾਨਕ ਪ੍ਰਸ਼ਾਸ਼ਨ ਵੀ ਸਵਾਲਾਂ ਦੇ ਘੇਰੇ ਵਿੱਚ ਆਉਂਦਾ ਹੈ| ਉਹਨਾਂ ਕਿਹਾ ਕਿ ਇਸ ਹਸਪਤਾਲ ਦੇ ਮੁੱਖ ਗੇਟ ਤੇ ਖੜ੍ਹੇ ਇਸ ਗੰਦੇ ਪਾਣੀ ਕਾਰਨ ਹਸਪਤਾਲ ਵਿੱਚ ਆਉਣ ਵਾਲੇ ਮਰੀਜਾਂ ਨੂੰ ਵੀ ਰੋਜਾਨਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਕਾਰਨ ਇੱਥੋਂ ਲੰਘਣ ਵਾਲੇ ਪੈਦਲ ਲੋਕਾਂ ਤੇ ਨੇੜਿਉਂ ਲੰਘਦੇ ਵਾਹਨਾਂ ਕਾਰਨ ਗੰਦੇ ਪਾਣੀ ਦੇ ਛਿੱਟੇ ਵੀ ਪੈਂਦੇ ਹਨ| ਇੱਥੇ ਗੰਦਾ ਪਾਣੀ ਖੜ੍ਹਨ ਦੇ ਕਾਰਨ ਮੱਛਰ ਵੀ ਪਲਦਾ ਹੈ ਜਿਸ ਕਾਰਨ ਇੱਥੇ ਕੋਈ ਬੀਮਾਰੀ ਫੈਲਣ ਦੀ ਵੀ ਸੰਭਾਵਨਾ ਬਣੀ ਰਹਿੰਦੀ ਹੈ|  
ਸ਼੍ਰੀ ਸ਼ਰਮਾ ਨੇ ਕਿਹਾ ਕਿ ਉਨਾਂ ਵਲੋਂ ਕਈ ਵਾਰ ਇਸਦੀ ਸ਼ਿਕਾਇਤ ਜਲ ਸਪਲਾਈ ਵਿਭਾਗ ਅਤੇ ਨਗਰ ਨਿਗਮ ਨੂੰ ਕੀਤੀ ਜਾ ਚੁੱਕੀ ਹੈ ਪਰਤੂੰ ਇਨ੍ਹਾਂ ਸਮਾਂ ਲੰਘਣ ਦੇ ਬਾਵਜੂਦ ਵੀ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ| ਉਹਨਾਂ ਕਿਹਾ ਕਿ ਸ਼ਹਿਰ ਵਿੱਚ ਸਮੇਂ ਸਮੇਂ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਲੋਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦੇ ਕੁੱਲਰਾਂ, ਫਰੀਜਾਂ ਅਤੇ ਹੋਰ ਥਾਵਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਡੇਂਗੂ ਮੱਛਰਾਂ ਦਾ ਲਾਰਵਾ ਮਿਲਣ ਤੇ ਇਨ੍ਹਾਂ ਲੋਕਾਂ ਦੇ ਚਾਲਾਨ ਵੀ ਕੀਤੇ ਜਾਂਦੇ ਹਨ ਪਰਤੂੰ ਹੁਣ ਸਿਹਤ ਵਿਭਾਗ ਤੇ ਚਾਲਾਨ ਕਰਨ ਵਾਲਾ ਕੋਈ ਨਹੀਂ ਹੈ ਜੋ ਇਨ੍ਹਾਂ ਨੂੰ ਰੋਕ ਸਕੇ| ਉਹਨਾਂ ਕਿਹਾ ਕਿ ਹਰ ਸਾਲ 15 ਅਗਸਤ ਅਤੇ 26 ਜਨਵਰੀ ਦੇ ਦਿਹਾੜੇ ਤੇ ਇੱਥੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਪਰਤੂੰ ਇਸ ਸੱਮਸਿਆ ਵੱਲ ਅੱਜ ਤੱਕ ਕਿਸੇ ਦਾ ਕੋਈ ਧਿਆਨ ਨਹੀਂ ਗਿਆ ਹੈ| ਉਹਨਾਂ ਕਿਹਾ ਕਿ ਹੁਣ 15 ਅਗਸਤ ਦਾ ਦਿਹਾੜਾ ਆਉਣ ਵਾਲਾ ਹੈ ਅਤੇ ਉਸਦੀਆਂ ਤਿਆਰੀਆਂ ਵੀ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਪਰਤੂੰ ਇਹ ਸੱਮਸਿਆ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ| 
ਉਹਨਾਂ ਮੰਗ ਕੀਤੀ ਕਿ ਇਸ ਸੱਮਸਿਆ ਦਾ ਤੁੰਰਤ ਹੱਲ ਕੀਤਾ ਜਾਵੇ ਤਾਂ ਜੋ ਹਸਪਤਾਲ ਵਿੱਚ ਆਉਣ ਵਾਲੇ ਲੋਕਾਂ ਅਤੇ ਸਥਾਨਕ ਵਸਨੀਕਾਂ ਦੀ ਪ੍ਰੇਸ਼ਾਨੀ ਦਾ ਪੱਕਾ ਹੱਲ ਹੋ ਸਕੇ|   

Leave a Reply

Your email address will not be published. Required fields are marked *