ਫੇਜ ਇਕ ਵਿੱਚ ਇਕ ਨੌਜਵਾਨ ਤੋਂ ਦਿਨ ਦਿਹਾੜੇ 49,500 ਰੁਪਏ ਖੋਹੇ

ਐਸ ਏ ਐਸ ਨਗਰ,9ਫਰਵਰੀ (ਸ.ਬ.) ਸਥਾਨਕ ਫੇਜ 1 ਵਿਚ ਅੱਜ ਕਾਰ ਸਵਾਰਾਂ ਨੇ ਦਿਨ ਦਿਹਾੜੇ ਇਕ ਨੌਜਵਾਨ ਤੋਂ 49,500 ਰੁਪਏ ਖੋਹ ਲਏ ਅਤੇ ਫਰਾਰ ਹੋ ਗਏ| ਪ੍ਰਾਪਤ ਜਾਣਕਾਰੀ ਫੇਜ ਇਕ ਵਿਚ ਕਿਸੇ ਦੁਕਾਨ ਉਪਰ ਨੌਕਰੀ ਕਰਨ ਵਾਲਾ ਅਰਜੁਨ ਕੁਮਾਰ ਸਟੇਟ ਬੈਂਕ ਆਫ ਇੰਡੀਆ ਫੇਜ -1 ਵਿਚ 80 ਹਜਾਰ ਰੁਪਏ ਜਮਾਂ ਕਰਵਾਉਣ ਜਾ ਰਿਹਾ ਸੀ ਜੋ ਕਿ ਉਸਦੇ ਕਪੜਿਆਂ ਦੀ ਵੱਖ ਵੱਖ ਜੇਬਾਂ ਵਿਚ ਸਨ| ਬੈਂਕ ਦੇ ਸਾਮ੍ਹਣੇ ਉਸ ਨੂੰ ਇੰਡੀਕਾ ਕਾਰ ਵਿਚ ਸਵਾਰ  ਦੋ ਵਿਅਕਤੀ ਮਿਲੇ,ਜਿਹਨਾਂ ਨੇ ਕਿਹਾ ਕਿ ਉਹਨਾਂ ਕੋਲ ਛੋਟੇ ਨੋਟ ਹਨ ਅਤੇ ਉਹ ਉਹਨਾਂ ਤੋਂ ਛੋਟੇ ਨੋਟ ਲੈ ਕੇ ਵੱਡੇ ਨੋਟ ਦੇ ਦੇਵੇ| ਉਹਨਾਂ ਕਾਰ ਸਵਾਰਾਂ ਨੇ ਅਰਜੁਨ ਨੂੰ ਗੱਲਾਂ ਵਿੱਚ ਲਗਾ ਕੇ ਕਾਰ ਵਿਚ ਆਪਣੇ ਨਾਲ ਬੈਠਾ ਲਿਆ ਪਰ ਉਹ ਕਾਰ ਸਵਾਰ ਉਸ ਨੂੰ ਜੋ ਨੋਟ ਦੇ ਰਹੇ ਸਨ ਉਹਨਾਂ ਨੋਟਾਂ ਦੀਆਂ ਗੱਡੀਆਂ ਵਿੱਚ ਉੱਪਰ ਹੇਠਾਂ ਤਾਂ ਨੋਟ ਸਨ ਪਰ ਵਿੱਚ ਖਾਲੀ ਕਾਗਜ ਸਨ| ਇਹ  ਵੇਖ ਕੇ ਅਰਜੁਨ ਨੇ ਰੌਲਾ ਪਾ ਦਿਤਾਅਤੇ ਇਸ ਦੌਰਾਨ ਕਾਰ ਸਵਾਰ ਉਸਦੇ ਸਮੇਤ ਕਾਰ ਭਜਾ ਕੇ ਲੈ ਗਏ ਅਤੇ ਉਸ ਕੋਲੋਂ ਜਬਰਦਸਤੀ ਪੈਸੇ ਖੋਹਣ ਲੱਗ ਪਏ| ਇਸ ਦੌਰਾਨ ਦੋਵਾਂ ਕਾਰ ਸਵਾਰਾਂ ਨੇ ਉਸ ਤੋਂ 49,500 ਰੁਪਏ ਖੋਹ ਲਏ| ਪ੍ਰਾਪਤ ਜਾਣਕਾਰੀ ਅਨੁਸਾਰ ਅਰਜੁਨ ਦੇ ਰੌਲਾ ਪਾਉਣ ਦੌਰਾਨ ਇਕ ਮੋਟਰਸਾਇਕਲ ਸਵਾਰ ਉਹਨਾਂ ਦੇ ਮਗਰ ਲੱਗ ਗਿਆ ਅਤੇ ਉਸਨੇ ਪੁਲੀਸ ਨੂੰ ਫੋਨ ਕਰ ਦਿਤਾ| ਇਹ ਵੇਖ ਕੇ ਕਾਰ ਸਵਾਰ ਇਕ ਫੇਜ ਦੇ ਬੈਰੀਅਰ ਕੋਲ ਅਰਜੁਨ ਨੂੰ ਚਲਦੀ ਕਾਰ ਵਿਚੋਂ ਹੀ ਸੁੱਟ ਕੇ ਫਰਾਰ ਹੋ ਗਏ| ਅਰਜਨ ਇਸ ਸਮੇਂ ਜਖਮੀ ਹਾਲਤ ਵਿਚ ਫੇਜ -6 ਦੇ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਹੈ| ਪੁਲੀਸ ਨੇ ਮੌਕੇ ਉਪਰ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ|

Leave a Reply

Your email address will not be published. Required fields are marked *