ਫੇਜ 10 ਦੇ ਵਸਨੀਕਾਂ ਨੇ ਮਹਿਲਾ ਉਪਰ ਲਗਾਇਆ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼, ਮਹਿਲਾ ਨੇ ਦੋਸ਼ ਨਕਾਰੇ

ਐਸ ਏ ਐਸ ਨਗਰ, 14 ਫਰਵਰੀ (ਸ.ਬ.) ਫੇਜ਼ 10 ਦੇ ਕੁਝ ਵਸਨੀਕਾਂ ਨੇ ਫੇਜ਼ 10 ਦੀ ਹੀ ਇਕ ਔਰਤ ਉਪਰ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ ਅਤੇ ਪੁਲੀਸ ਤੋਂ ਇਸ ਔਰਤ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ|
ਅੱਜ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਐਮ ਆਈ ਜੀ ਅਤੇ ਐਲ ਆਈ ਜੀ ਵੈਲਫੇਅਰ ਐਸੋਸੀਏਸ਼ਨ ( 1724 ਤੋਂ 1764) ਦੇ ਪ੍ਰਧਾਨ ਹਰਕੇਸ਼ ਰਾਣਾ ਨੇ ਕਿਹਾ ਕਿ ਇਹ ਮਹਿਲਾ ਇਸ ਇਲਾਕੇ ਵਿੱਚ ਪਿਛਲੇ 20 ਸਾਲਾਂ ਤੋਂ ਰਹਿ ਰਹੀ ਹੈ, ਇਸ ਔਰਤ ਬਾਰੇ ਮੁਹੱਲਾ ਵਾਸੀਆਂ ਨੂੰ ਹੋਰ ਕੋਈ ਜਾਣਕਾਰੀ ਨਹੀਂ ਹੈ| ਇਹ ਔਰਤ ਇਸ ਮੁਹੱਲੇ ਦੇ ਦੂਸਰੇ ਵਸਨੀਕਾਂ ਨਾਲ ਦੁਰਵਿਵਹਾਰ ਕਰਦੀ ਰਹਿੰਦੀ ਹੈ| ਇਹ ਔਰਤ ਦੇਰ ਰਾਤ ਤਕ ਉਚੀ ਆਵਾਜ ਵਿੱਚ ਅਸ਼ਲੀਲ ਗਾਣੇ ਸੁਣਦੀ ਹੈ| ਮੁਹੱਲਾ ਨਿਵਾਸੀਆ ਨਾਲ ਅਕਸਰ ਹੀ ਲੜਾਈ ਵੇਲੇ ਗੰਦੀਆਂ ਗਾਲਾਂ ਕੱਢਦੀ ਹੈ|
ਉਹਨਾਂ ਦਸਿਆ ਕਿ ਇਸ ਔਰਤ ਨੇ ਅਨੇਕਾਂ ਲੋਕਾਂ ਉਪਰ ਬਲਾਤਕਾਰ ਦੇ ਮਾਮਲੇ ਦਰਜ ਕਰਵਾ ਰੱਖੇ ਹਨ, ਜੋ ਕੋਈ ਵੀ ਵਿਅਕਤੀ ਇਸ ਮਹਿਲਾ ਖਿਲਾਫ ਬੋਲਦਾ ਹੈ ਤਾਂ ਇਹ ਔਰਤ ਉਸ ਵਿਰੁੱਧ ਹੀ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਦਿੰਦੀ ਹੈ| ਲੋਕਾਂ ਦੀ ਸ਼ਿਕਾਇਤ ਉਪਰ ਜਦੋਂ ਇਕ ਐਸ ਐਚ ਓ ਨੇ ਇਸ ਮਹਿਲਾ ਖਿਲਾਫ ਕਰਨੀ ਚਾਹੀ ਤਾਂ ਇਸ ਮਹਿਲਾ ਨੇ ਉਸ ਐਸ ਐਚ ਓ ਖਿਲਾਫ ਹੀ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਦਿਤਾ|
ਇਸ ਮੌਕੇ ਮੌਜੂਦ ਫੇਜ਼ 10 ਦੀ ਵਸਨੀਕ ਮੀਨਾ ਸ਼ਰਮਾ ਨੇ ਦੱਸਿਆ ਕਿ ਉਸਦੇ ਪਤੀ ਅਤੇ ਪੁੱਤਰ ਵਿਰੁੱਧ ਵੀ ਇਸ ਔਰਤ ਨੇ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਰੱਖਿਆ ਹੈ| ਉਹਨਾਂ ਕਿਹਾ ਕਿ ਇਹ ਮਹਿਲਾ ਇਕ ਵਾਰੀ ਜੇਲ ਵੀ ਜਾ ਚੁੱਕੀ ਹੈ|
ਇਸ ਮੌਕੇ ਮੌਜੂਦ ਮੁਹੱਲਾ ਨਿਵਾਸੀਆਂ ਨੇ ਇਸ ਔਰਤ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ|
ਇਸ ਮੌਕੇ ਮੌਜੂਦ ਕੌਂਸਲਰ ਹਰਦੀਪ ਸਿੰਘ ਸਰਾਂਓਂ ਅਤੇ ਅਮਨ ਲੂਥਰਾ ਨੇ ਵੀ ਮੁਹੱਲਾ ਨਿਵਾਸੀਆਂ ਦੀ ਹਮਾਇਤ ਕਰਦਿਆਂ ਇਸ ਔਰਤ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ|
ਇਸ ਮੌਕੇ ਇਲਾਕਾ ਵਾਸੀ ਪਵਨ ਕੁਮਾਰ, ਜਗਦੀਸ਼, ਉਮੇਸ਼ ਚੌਹਾਨ, ਬਦਰੀ ਪ੍ਰਸਾਦ, ਤਲਵਿੰਦਰ ਸਿੰਘ, ਮੈਡਮ ਲੱਕੀ ਵੀ ਮੌਜੂਦ ਸਨ|
ਇਸ ਸਬੰਧੀ ਸੰਪਰਕ ਕਰਨ ਤੇ ਉਕਤ ਮਹਿਲਾ ਰੇਨੂੰ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ 1998 ਵਿੱਚ ਇਹ ਮਕਾਨ ਖਰੀਦਿਆ ਸੀ ਅਤੇ ਉਸ ਵੇਲੇ ਤੋਂ ਹੀ ਉਸਨੂੰ ਇੱਥੋਂ ਦੇ ਵਸਨੀਕਾਂ ਵਲੋਂ ਕੀਤੀ ਜਾਂਦੀ ਧੱਕੇਸ਼ਾਹੀ ਅਤੇ ਸੈਕਸ ਸੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਇਥੇ ਮਕਾਨ ਖਰੀਦਣ ਤੋਂ ਕੁਝ ਸਮੇਂ ਬਾਅਦ ਹੀ (1998 ਵਿੱਚ) ਉਹਨਾਂ ਦੀ ਹੇਠਲੀ ਮੰਜਿਲ ਤੇ ਰਹਿਣ ਵਾਲੇ ਵਿਅਕਤੀ ਨੇ ਉਹਨਾਂ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹਨਾਂ ਨੇ ਕਿਸੇ ਤਰ੍ਹਾਂ ਭੱਜ ਕੇ ਜਾਨ ਬਚਾਈ ਅਤੇ ਉਕਤ ਵਿਅਕਤੀ ਦੀ ਪਤਨੀ ਨੂੰ ਸ਼ਿਕਾਇਤ ਕੀਤੀ ਸੀ ਪਰੰਤੂ ਉਕਤ ਵਿਅਕਤੀ ਦੀ ਪਤਨੀ ਨੇ ਉਲਟਾ ਉਸ ਤੇ ਹੀ ਇਲਜਾਮ ਲਗਾ ਦਿੱਤਾ ਅਤੇ ਉਸ ਸਮੇਂ ਤੋਂ ਹੀ ਉਹ ਇਸ ਮੁਹੱਲੇ ਦੇ ਵਸਨੀਕਾਂ ਵਲੋਂ ਕੀਤੀ ਜਾਂਦੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੀ ਹੈ| ਉਸਨੇ ਇਲਜਾਮ ਲਗਾਇਆ ਕਿ ਉਸਦੇ ਇੱਕਲੀ ਔਰਤ ਹੋਣ ਕਾਰਣ ਮੁਹੱਲੇ ਦੇ ਹੀ ਵਸਨੀਕਾਂ ਵਲੋਂ ਉਸ ਨਾਲ ਮਾੜੀ ਨੀਅਤ ਨਾਲ ਛੇੜਛਾੜ ਕੀਤੀ ਜਾਂਦੀ ਸੀ ਅਤੇ ਮੁਹੱਲੇ ਦੇ ਮਰਦ ਉਸਨੂੰ ਆਪਣੇ ਗੁਪਤ ਅੰਗ ਵੀ ਵਿਖਾਉਂਦੇ ਰਹੇ ਹਨ| ਉਹਨਾਂ ਕਿਹਾ ਕਿ ਮੁਹੱਲੇ ਵਾਲਿਆਂ ਨੇ ਉਹਨਾਂ ਉੱਪਰ ਜਿਹੜੇ ਇਲਜਾਮ ਲਗਾਏ ਗਏ ਹਨ ਉਹ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਉਸ ਵੱਲੋਂ ਆਪਣੇ ਨਾਲ ਹੋਈ ਜਬਰਦਸਤੀ ਸੰਬੰਧੀ ਜਿਹੜੇ ਵੀ ਮਾਮਲੇ ਦਰਜ ਕਰਵਾਏ ਹਨ ਉਹ ਪੂਰੀ ਤਰ੍ਹਾਂ ਤਰ੍ਹਾਂ ਸੱਚੇ ਹਨ ਅਤੇ ਉਹ ਇਨਸਾਫ ਦੀ ਲੜਾਈ ਲੜਦੀ ਰਹੇਗੀ|

Leave a Reply

Your email address will not be published. Required fields are marked *