ਫੇਲ੍ਹ ਨਾ ਕਰਨ ਦੀ ਨੀਤੀ ਕਾਰਨ ਪੜ੍ਹਾਈ ਦਾ ਪੱਧਰ ਘਟਿਆ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ਵਿੱਚ ਹੀ ਦਸਵੀਂ ਅਤੇ ਬਾਰਵੀਂ ਪ੍ਰੀਖਿਆ ਦੇ ਨਤੀਜੇ ਚਰਚਾ ਵਿੱਚ ਹਨ| ਚਰਚਾ ਦਾ ਕਾਰਨ ਇਸ ਸਾਲ ਦੋਹਾਂ ਹੀ ਜਮਾਤਾਂ ਦੇ ਪ੍ਰਿਖਿਆਰਥੀਆਂ ਦੀ ਪਾਸ ਪ੍ਰਤੀਸ਼ਤ ਬਹੁਤ ਘੱਟ ਹੋਣਾ ਹੈ| ਇਸ ਸਾਲ ਬੋਰਡ ਨੇ ਦੋਹਾਂ ਹੀ ਜਮਾਤਾਂ ਲਈ ਕੋਈ ਵਾਧੂ ਗ੍ਰੇਸ ਨੰਬਰ ਨਹੀਂ ਦਿੱਤੇ ਹਨ| ਜਿਸ ਨਾਲ ਪਿਛਲੇ ਸਾਲਾ ਤੋਂ ਇਸ ਸਾਲ ਦੇ  ਨਤੀਜੇ ਮਾੜੇ ਆਏ ਹਨ|
ਭਾਵੇਂ ਇਹਨਾਂ ਮਾੜੇ ਨਤੀਜਿਆਂ  ਲਈ ਮੁਖ ਤੌਰ ਤੇ ਅਧਿਆਪਕਾਂ ਨੂੰ ਜੁਮੇਵਾਰ ਠਹਿਰਾਇਆ ਜਾ ਰਿਹਾ ਹੈ| ਪਰ ਇਹਨਾਂ ਮਾੜੇ ਨਤੀਜਿਆਂ ਲਈ ਕਈ ਹੋਰ ਪਹਿਲੂ ਵੀ ਹਨ ਜਿਨ੍ਹਾਂ ਤੇ ਗੋਰ ਕਰਨਾ ਜਰੂਰੀ ਹੈ ਅਤੇ ਸਭ ਤੋਂ ਪਹਿਲਾਂ ਸਰਕਾਰ ਦੀ ਇਹ ਪਾਲਿਸੀ ਕਿ 8 ਵੀਂ ਜਮਾਤ ਤੱਕ ਕਿਸੇ ਬੱਚੇ ਨੂੰੂ ਫੇਲ ਨਹੀਂ ਕਰਨਾ| ਪਹਿਲੀ ਜਮਾਤ ਤੋਂ ਹੀ ਬੱਚੇ ਦੀ ਪੜ੍ਹਾਈ ਵਿੱਚ ਨੀਂਹ ਮਜਬੂਤ  ਹੋਵੇਗੀ ਤਾ ਉਸ ਦੇ ਅੱਗੇ ਜਾ ਕੇ ਚੰਗੇ ਨਤੀਜੇ ਦੇਣ ਦੀ ਸੰਭਾਵਨਾ ਵਧ ਜਾਂਦੀ ਹੈ|
ਸ਼ੁਰੂਆਤ ਵਿੱਚ ਪਹਿਲੀ ਅਤੇ ਦੂਸਰੀ ਵਰਗੀਆਂ ਛੇਵੀਂ ਜਮਾਤਾਂ ਵਿੱਚ ਵੀ ਪੜ੍ਹਾਈ ਵਿੱਚ ਕਮਜੋਰ ਬੱਚਿਆਂ ਨੂੰ ਫੇਲ ਕਰ ਦਿੱਤਾ ਜਾਂਦਾ ਸੀ ਅਤੇ ਬੱਚੇ ਦੇ ਮਾਪਿਆਂ ਵਲੋਂ ਭਵਿੱਖ ਵਿੱਚ ਬੱਚੇ ਵਲੋਂ ਪੜ੍ਹਾਈ ਵਿੱਚ ਧਿਆਨ ਦੇਣ ਦੀ ਸਿਫਾਰਿਸ਼ ਨਾਲ ਬੱਚੇ ਨੂੰ ਅਗਲੀ ਜਮਾਤ ਵਿੱਚ ਆਰਜੀ ਤੌਰ ਤੇ ਭੇਜ ਦਿੱਤਾ ਜਾਂਦਾ ਸੀ| ਇਸ ਨਾਲ ਬੱਚੇ ਤੇ ਪੜ੍ਹਾਈ ਪ੍ਰਤੀ ਸੰਜੀਦਾ ਹੋਣ ਦਾ ਦਬਾਅ ਬਣਿਆ ਰਹਿੰਦਾ ਸੀ| ਨਤੀਜੇ ਵਜੋਂ ਪੜ੍ਹਾਈ ਵਿੱਚ ਅਤਿ ਕਮਜੋਰ ਬੱਚੇ ਚੌਥੀ ਜਮਾਤ ਵਿੱਚ ਹੀ ਅਟਕ ਜਾਂਦੇ ਸਨ ਅਤੇ ਪੜ੍ਹਾਈ ਵਿੱਚ ਰੁਚੀ ਰੱਖਣ ਵਾਲੇ ਬੱਚੇ ਅੱਗੇ ਜਾਂਦੇ ਸਨ| ਉਸ ਤੋਂ ਬਾਅਦ ਬੱਚਿਆਂ ਤੇ ਪੰਜਵੀਂ ਜਮਾਤ ਦੇ ਬੋਰਡ ਇਮਤਿਹਾਨ ਦਾ ਡਰ ਵੀ ਰਹਿੰਦਾ ਸੀ| ਬੋਰਡ ਇਮਤਿਹਾਨ ਦਾ ਡਰ ਹੋਣ ਕਾਰਨ ਸਾਰੇ ਪੜ੍ਹਾਈ ਵਿੱਚ ਰੁਚੀ ਲੈਂਦੇ ਸਨ|
ਇਸ ਤੋਂ ਬਾਅਦ ਅੱਠਵੀਂ ਅਤੇ ਦਸਵੀਂ ਅਤੇ ਬਾਰਵੀਂ ਦੇ ਬੋਰਡ ਇਮਤਿਹਾਨ ਹੋਣ ਕਾਰਨ ਪੰਜਵੀਂ ਜਮਾਤ ਤੋਂ ਹੀ ਬੱਚਿਆਂ ਤੇ ਪੜ੍ਹਾਈ ਦਾ ਡਰ ਬਣਿਆ ਰਹਿੰਦਾ ਸੀ| ਪਰ ਹੁਣ ਭਾਵੇਂ ਬੱਚਾ ਕਿੰਨਾ ਨਲਾਇਕ ਹੋਵੇ, ਉਸਨੂੰ ਫੇਲ ਨਹੀਂ ਕੀਤਾ ਜਾ ਸਕਦਾ| ਦਸਵੀਂ ਜਮਾਤ ਤੱਕ ਪਹੁੰਚਣ ਤੱਕ ਬੱਚਾ ਖੁਦ ਦਾ ਮੁਲਅੰਕਣ ਨਹੀਂ  ਕਰ ਸਕਦਾ ਕਿ ਉਹ ਪੜ੍ਹਾਈ ਵਿੱਚ ਕਿਥੇ ਖੜ੍ਹਾ ਹੈ| ਖੁਦ ਕੇਂਦਰੀ ਸਿਖਿਆ ਮੰਤਰੀ ਸ੍ਰੀ ਪ੍ਰਕਾਸ਼ ਜਾਵੜੇਕਰ ਵੀ ਮੰਨ ਚੁੱਕੇ ਹਨ ਕਿ ਪੰਜਵੀ ਅਤੇ ਅੱਠਵੀਂ ਜਮਾਤ ਦੇ ਬੋਰਡ ਖਤਮ ਕਰਨ ਦਾ ਸਿਖਿਆ ਨੂੰ ਵੱਡਾ ਨੁਕਸਾਨ ਹੋਇਆ ਹੈ|
ਇਸ ਤੋਂ ਬਿਨਾਂ ਅਧਿਆਪਕ ਦਾ ਰੁਤਬਾ ਬੜਾ ਉੱਚਾ ਸੀ| ਉਸ ਦਾ ਬੱਚੇ ਸਤਿਕਾਰ ਵੀ ਕਰਦੇ ਸਨ ਅਤੇ ਡਰਦੇ ਵੀ ਸਨ| ਜੇਕਰ ਹੋਮ ਵਰਕ ਨਾ ਕੀਤਾ, ਪੜ੍ਹਾਈ ਠੀਕ ਨਾ ਕੀਤੀ, ਜਮਾਤਾ ਨੇ ਤਿਮਾਹੀ, ਛਿਮਾਹੀ ਪੇਪਰਾਂ ਵਿੱਚ ਠੀਕ ਨਾ ਕੀਤਾ ਤਾਂ ਅਧਿਆਪਕ ਦਾ ਦਬਕਾ ਬੱਚਿਆਂ  ਤੇ ਭਾਰੂ ਹੁੰਦਾ ਸੀ| ਪਹਿਲਾ ਤਾਂ ਅਕਸਰ ਕਲਾਸ ਰੂਮ ਵਿੱਚ ਰੂਲ (ਡੰਡਾ) ਵੀ ਅਕਸਰ ਹੁੰਦਾ ਸੀ| ਜਿਸ ਦੀ ਕਦੇ ਕਦਾਈ ਅਧਿਆਪਕ ਵਿਗੜੇ ਬੱਚਿਆਂ ਨੂੰ ਸਿੱਧੇ ਕਰਨ ਲਈ ਵਰਤ ਲੈਂਦਾ ਸੀ| ਪਰ ਹੁਣ ਅਧਿਆਪਕ ਬੱਚੇ ਨੂੰ ਸਜਾ ਕੀ ਦੇਣੀ ਹੈ ਸਰਸਰੀ ਹੱਥ ਤੱਕ ਨਹੀਂ  ਲਗਾ ਸਕਦਾ| ਕਮਜੋਰ ਬੱਚੇ ਸਾਹਮਣੇ ਅਧਿਆਪਕ ਬੇਬਸ ਹੈ| ਕਿਉਂਕਿ ਉਹ ਉਸਨੂੰ ਨਾ ਤਾਂ ਫੇਲ ਕਰ ਸਕਦਾ ਹੈ ਅਤੇ ਨਾ ਪੜ੍ਹਨ ਲਈ ਉਸ ਤੇ ਮਾਮੂਲੀ ਜਿਹੀ ਵੀ ਸਖਤੀ ਕਰ ਸਕਦਾ ਹੈ|
ਸਰਕਾਰੀ ਸਕੂਲਾਂ ਦੇ ਉਲਟ  ਨਿੱਜੀ ਸਕੂਲਾਂ ਵਿੱਚ ਮਾੜਾ ਮੋਟਾ ਦਬਕਾ ਚਲ ਜਾਂਦਾ ਹੈ| ਮਸਲਾ ਇਹ ਹੈ ਕਿ ਜੇਕਰ ਬੱਚਿਆਂ ਨੂੰ ਸਹੀ ਅਰਥਾਂ ਵਿੱਚ ਸਿਖਿਅਤ ਕਰਨਾ ਹੋ ਤਾਂ ਪੜ੍ਹਾਈ ਦੀ ਮੌਜੂਦਾ ਪਾਲਿਸੀ ਤੇ ਮੁੜ ਤੋਂ ਗੋਰ ਕਰਨਾ ਜਰੂਰੀ ਹੈ| ਅੰਤਰਰਾਸ਼ਟਰੀ ਪੱਧਰ ਤੇ  ਦੇਸ ਦੀ ਸਾਖਸ਼ਰਤਾਂ ਦੀ ਪ੍ਰਤੀਸ਼ਤ ਵਧਾਉਣ ਨਾਲ ਦੇਸ ਮਹਾਨ ਨਹੀਂ ਹੋ ਸਕਦਾ ਸਗੋਂ ਦੇਸ ਦੇ ਨਾਗਰਿਕ ਚੰਗੇ ਸਿੱਖਿਅਕ ਹੋਣ ਉਸ ਨਾਲ ਹੀ ਦੇਸ਼ ਦਾ ਸਿਰ ਉੱਚਾ ਹੋ ਸਕਦਾ ਹੈ| ਇਹ ਗਲ ਗੋਰ ਕਰਨ ਵਾਲੀ ਹੈ ਕਿ 8 ਵੀਂ ਤੱਕ ਦੇ ਕਈ ਬੱਚੇ ਆਪਣੇ ਅਧਿਆਪਕ ਦਾ ਨਾਮ, ਸਕੂਲ ਦਾ ਨਾਮ ਅਤੇ ਜਿਲ੍ਹੇ ਦੇ ਨਾਮ  ਵਰਗੇ ਲਿਖਣ ਲੱਗਿਆਂ ਸਹੀ ਸਹੀ ਲਿਖ ਸਕਦੇ ਤਾਂ ਫਿਰ ਇਹ ਕਿਸ ਤਰ੍ਹਾਂ ਦੀ ਸ਼ਾਖਸ਼ਰਤਾ ਹੈ| ਜਿਸ ਤੇ ਦੇਸ ਮਾਣ ਕਰ ਰਿਹਾ ਹੈ ਕਿ ਦੇਸ ਵਿੱਚ ਪੜ੍ਹੇ ਲਿਖਿਆ ਦੀ ਗਿਣਤੀ ਵੱਧ ਗਈ ਹੈ| ਸਕੂਲ ਰਿਕਾਰਡ ਵਿੱਚ ਤਾਂ ਜਰੂਰ ਗਿਣਤੀ ਵੱਧੀ ਹੈ ਪਰ ਪੜ੍ਹਾਈ ਦਾ ਸਤਰ ਬਹੁਤ ਨੀਵਾਂ ਹੋ ਗਿਆ ਹੈ| ਇਸ ਤੋਂ ਬਿਨਾਂ ਅਧਿਆਪਕਾਂ ਤੇ  ਗੈਰ ਅਧਿਆਪਕ ਦੇ ਕੰਮ ਜਿਵੇਂ ਚੋਣ ਡਿਊਟੀਆਂ ਅਤੇ ਕਈ ਹੋਰ ਸਰਕਾਰੀ ਸਰਵੇ ਵੀ ਅਹਿਮ ਕਾਰਨ ਹਨ| ਜਿਹਨਾਂ ਤੇ ਸਰਕਾਰ ਪੱਧਰ ਤੇ ਸੋਚਣਾ ਜਰੂਰੀ ਹੈ| ਇਹਨਾਂ ਨਤੀਜਿਆਂ ਨਾਲ ਬੱਚਿਆਂ ਦੀ ਪੜ੍ਹਾਈ ਦਾ ਅਸਲ ਸੱਤਰ ਸਾਹਮਣੇ ਆਇਆ ਹੈ| ਜੇਕਰ  ਗਰੇਸ ਮਾਰਕਸ  ਮਿਲਦੇ ਅਤੇ ਨਕਲ ਤੇ ਨਕੇਲ ਨਾ ਕਸੀ ਜਾਂਦੀ ਤਾਂ ਇਹ ਅਸਲੀਅਤ ਅਜੇ ਵੀ ਸਾਹਮਣੇ ਨਹੀਂ ਸੀ ਆਉਣੀ| ਹੁਣ ਦੇਖਣਾ ਹੈ ਕਿ   ਕੇਂਦਰ ਅਤੇ ਰਾਜ ਸਰਕਾਰਾਂ ਇਸ ਗੰਭੀਰ ਮਾਮਲੇ ਤੇ ਕਿੰਨੀਆਂ ਗੰਭੀਰ ਹੁੰਦੀਆਂ ਹਨ| ਬਦਲੀਆਂ ਹਲ ਨਹੀਂ ਪੜ੍ਹਾਈ ਦੇ ਸਿਸਟਮ ਵਿੱਚ ਬਦਲੀ ਹੀ ਹੱਲ ਹੈ|  ਬੱਚਿਆਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨ ਵਿੱਚ ਮਾਪੇ ਵੀ ਵਧੀਆ ਯੋਗਦਾਨ ਨਹੀਂ ਪਾ ਰਹੇ| ਸ਼ਹਿਰੀ ਮਾਪੇ ਤਾਂ ਭਾਰੀਆਂ ਟਿਊਸ਼ਨ ਫੀਸਾਂ ਦੇ ਕੇ ਬੱਚੇ ਪੜ੍ਹਾTਂਦੇ ਹਨ ਪਰ ਗਰੀਬ ਮਾਪੇ ਟਿਊਸ਼ਨ ਫੀਸਾਂ ਦੇਣ ਤੋਂ ਹੀ ਅਸਮਰਥ ਹੁੰਦੇ ਹਨ| ਇਸ ਲਈ ਲੋੜ ਹੈ ਕਿ ਉਹ ਮਾਪੇ ਜੋ ਟਿਊਸ਼ਨ ਨਹੀਂ ਰੱਖ ਸਕਦੇ ਅਤੇ ਘੱਟੋ ਘੱਟ ਘਰ ਵਿੱਚ ਬੱਚੇ ਨੂੰ ਪੜ੍ਹਨ ਲਈ ਤਾਂ ਕਹਿ ਸਕਦੇ ਹਨ| ਲੋੜ ਹੈ ਮਾਪੇ, ਅਧਿਆਪਕ ਅਤੇ ਵਿਦਿਆਰਥੀ ਪੜ੍ਹਾਈ ਦੀ ਮਹੱਤਤਾ ਨੂੰ ਸਮਝਦੇ ਹੋਏ ਮਿਲ ਕੇ ਹੰਬਲਾ ਮਾਰਨ ਤਾਂ ਕਿ ਸਿੱਖਿਆਂ ਸਤਰ ਉੱਚਾ ਹੋ ਸਕੇ ਅਤੇ ਬੱਚੇ ਚੰਗੇ ਨੰਬਰ ਲੈ ਕੇ ਆਪਣੀ ਪੜ੍ਹਾਈ ਕਰਕੇ ਆਪਣਾ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਕੂਲਾਂ ਦਾ ਨਾਮ ਰੌਸ਼ਨ ਕਰ ਸਕਣ|
ਭਗਵੰਤ ਸਿੰਘ ਬੇਦੀ

Leave a Reply

Your email address will not be published. Required fields are marked *