ਫੇਜ਼-1 ਉਦਯੋਗਿਕ ਖੇਤਰ ਵਿੱਚ ਇਕ ਵਿਅਕਤੀ ਨੇ ਪੈਟਰੋਲ ਛਿੜਕ ਕੇ ਖੁਦ ਨੂੰ ਲਾਈ ਅੱਗ, ਮੌਕੇ ਤੇ ਮੌਤ

ਐਸ ਏ ਐਸ ਨਗਰ, 3 ਜਨਵਰੀ (ਸ.ਬ.) ਸਥਾਨਕ ਉਦਯੋਗਿਕ ਖੇਤਰ ਫੇਜ 1 ਵਿੱਚ ਸਥਿਤ ਲੋਹੇ ਦੀ ਫੈਕਟਰੀ ਨੰਬਰ ਡੀ 37 ਵਿੱਚ ਅੱਜ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਇਕ ਵਿਅਕਤੀ ਨੇ ਆਪਣੇ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾ ਲਈ, ਜਿਸ ਕਾਰਨ ਇਸ ਵਿਅਕਤੀ ਦੀ ਮੌਕੇ ਉਪਰ ਮੌਤ ਹੋ ਗਈ|
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਗਿੰਦਰ ਸਿੰਘ ਉਮਰ 37 ਸਾਲ, ਵਸਨੀਕ ਆਦਰਸ਼ ਕਾਲੋਨੀ ਬਲੌਂਗੀ ਅੱਜ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਆਪਣੀ ਐਕਟਿਵਾ ਤੇ ਇਸ ਫੈਕਟਰੀ ਵਿੱਚ ਆਇਆ ਸੀ| ਉਸ ਸਮੇਂ ਇਹ ਫੈਕਟਰੀ ਬੰਦ ਸੀ| ਪ੍ਰਾਪਤ ਜਾਣਕਾਰੀ ਅਨੁਸਾਰ ਨਗਿੰਦਰ ਸਿੰਘ ਨੇ ਆਪਣੀ ਐਕਟਿਵਾ ਵਿਚੋਂ ਪੈਟਰੋਲ ਕਢ ਕੇ ਆਪਣੇ ਉਪਰ ਛਿੜਕ ਲਿਆ ਅਤੇ ਖੁਦ ਨੂੰ ਅੱਗ ਲਗਾ ਲਈ ਜਿਸ ਕਾਰਨ ਉਸਦੀ ਮੌਕੇ ਤੇ ਮੌਤ ਹੋ ਗਈ| ਘਟਨਾ ਸਥਾਨ ਤੇ ਮ੍ਰਿਤਕ ਨੇ ਆਪਣੇ ਹੱਥ ਨਾਲ ਮਿੱਟੀ ਵਿੱਚ ਕੁਝ ਰਕਮਾਂ ਵੀ ਲਿਖੀਆਂ ਹੋਈਆਂ ਸਨ|
ਫੈਕਟਰੀ ਡੀ 37 ਦੇ ਮਾਲਕ ਹਰਮੀਤ ਸਿੰਘ ਨੇ ਦਸਿਆ ਕਿ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਉਸਦਾ ਨੌਕਰ ਫੈਕਟਰੀ ਵਿੱਚ ਆਇਆ ਸੀ| ਜਦੋਂ ਉਸਨੇ ਆਪਣਾ ਮੋਟਰਸਾਈਕਲ ਖੜਾ ਕੀਤਾ ਤਾਂ ਉਸਨੇ ਵੇਖਿਆ ਕਿ ਇਕ ਵਿਅਕਤੀ ਅੱਗ ਵਿੱਚ ਜਲ ਰਿਹਾ ਸੀ| ਨੌਕਰ ਨੇ ਇਹ ਜਾਣਕਾਰੀ ਉਹਨਾਂ ਨੂੰ ਦਿੱਤੀ| ਉਹਨਾਂ ਦੱਸਿਆ ਕਿ ਉਹ ਵਿਅਕਤੀ ਉਸ ਸਮੇਂ ਤਕ ਮਰ ਚੁਕਿਆ ਸੀ ਪਰ ਉਸ ਨੂੰ ਅੱਗ ਲਗੀ ਹੋਈ ਸੀ| ਉਹਨਾਂ ਦਸਿਆ ਕਿ ਉਹਨਾਂ ਨੇ ਪੁਲੀਸ ਨੂੰ ਇਸ ਦੀ ਜਾਣਕਾਰੀ ਦੇਣ ਲਈ 100 ਨੰਬਰ ਉਪਰ ਫੋਨ ਕੀਤਾ ਪਰ ਉਹ ਨੰਬਰ ਨਹੀਂ ਮਿਲਿਆ, ਫਿਰ 112 ਨੰਬਰ ਤੇ ਵੀ ਕਈ ਵਾਰ ਫੋਨ ਕੀਤਾ ਪਰ ਇਸ ਨੰਬਰ ਉਪਰ ਵੀ ਫੋਨ ਨਹੀਂ ਮਿਲਿਆ| ਇਸ ਤੋਂ ਬਾਅਦ ਉਸਨੇ ਆਪਣੇ ਇਕ ਜਾਣਕਾਰ ਪੁਲੀਸ ਮੁਲਾਜਮ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਮੌਕੇ ਉਪਰ ਪੁਲੀਸ ਪਹੁੰਚੀ|
ਮੌਕੇ ਉਪਰ ਮੌਜੂਦ ਨਗਿੰਦਰ ਸਿੰਘ ਦੇ ਗੁਆਂਢੀ ਅਤੇ ਬਲਂੌਗੀ ਵਿੱਚ ਕਰਿਆਣਾ ਦੀ ਦੁਕਾਨ ਕਰਦੇ ਹੋਏ ਉਪਿੰਦਰ ਕੁਮਾਰ ਨੇ ਦਸਿਆ ਕਿ ਸਵੇਰੇ ਸੱਤ ਵਜੇ ਨਗਿੰਦਰ ਉਸ ਕੋਲ ਆਇਆ ਸੀ ਅਤੇ ਉਸ ਨੂੰ ਦਸ ਹਜਾਰ ਰੁਪਏ ਦਾ ਚੈਕ ਦਿੱਤਾ ਸੀ| ਉਸ ਨੇ ਦਸਿਆ ਕਿ ਨਗਿੰਦਰ ਨੇ ਉਸ ਤੋਂ ਸਤ ਅੱਠ ਮਹੀਨ ਪਹਿਲਾਂ ਇਕ ਲੱਖ ਰੁਪਏ ਉਧਾਰ ਲਿਆ ਸੀ, ਉਸ ਵਿਚੋਂ ਅੱਜ ਉਹ ਦਸ ਹਜਾਰ ਰੁਪਏ ਦਾ ਚੈਕ ਇਹ ਕਹਿ ਕੇ ਦੇ ਗਿਆ ਕਿ ਉਹ ਇਹ ਚੈਕ ਬਂੈਕ ਵਿਚੋਂ ਕੈਸ਼ ਕਰਵਾ ਲਏ|
ਪ੍ਰਾਪਤ ਜਾਣਕਾਰੀ ਅਨੁਸਾਰ ਨਗਿੰਦਰ ਪਿਛਲੇ ਛੇ ਸਾਲਾਂ ਤੋਂ ਆਦਰਸ਼ ਕਾਲੋਨੀ ਬਲੌਂਗੀ ਵਿੱਚ ਰਹਿ ਰਿਹਾ ਸੀ| ਉਹ ਮੂਲ ਰੂਪ ਵਿੱਚ ਯੂ ਪੀ ਦਾ ਰਹਿਣ ਵਾਲਾ ਹੈ| ਉਸਦੇ ਪਰਿਵਾਰ ਵਿੱਚ ਉਸਦੀ ਪਤਨੀ ਬਬੀਤਾ ਅਤੇ ਦੋ ਬਚੇ ਉਮਰ 14 ਸਾਲ ਤੇ 10 ਸਾਲ ਹਨ|
ਮੌਕੇ ਉਪਰ ਪਹੁੰਚੇ ਜਾਂਚ ਅਧਿਕਾਰੀ ਨੇ ਸੰਪਰਕ ਕਰਨ ਤੇ ਦਸਿਆ ਕਿ ਨਗਿੰਦਰ ਸ਼ਟਰਿੰਗ ਦਾ ਕੰਮ ਕਰਦਾ ਸੀ ਅਤੇ ਇਸ ਫੈਕਟਰੀ ਵਿੱਚ ਉਹ ਆਉਂਦਾ ਜਾਂਦਾ ਰਹਿੰਦਾ ਸੀ| ਉਹਨਾਂ ਦਸਿਆ ਕਿ ਨਗਿੰਦਰ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਫੇਜ਼-6 ਵਿੱਚ ਰਖਵਾਇਆ ਗਿਆ ਹੈ| ਇਸ ਸਬੰਧੀ ਪੁਲੀਸ ਸੀ ਆਰ ਪੀ ਸੀ ਦੀ ਧਾਰਾ 174 ਤਹਿਤ ਕਾਰਵਾਈ ਕਰ ਰਹੀ ਸੀ|

Leave a Reply

Your email address will not be published. Required fields are marked *