ਫੇਜ਼ 1 ਦੇ ਪੁਰਾਣੇ ਬੈਰੀਅਰ ਤੇ ਆਵਾਰਾ ਗਊਆਂ ਦੀ ਭਰਮਾਰ

ਐਸ ਏ ਐਸ ਨਗਰ, 11 ਅਕਤੂਬਰ ( ਆਰ ਪੀ ਵਾਲੀਆ) ਸਥਾਨਕ ਫੇਜ਼ 1 ਦੇ ਪੁਰਾਣੇ ਬੈਰੀਅਰ ਚੌਂਕ ਵਿੱਚ ਆਵਾਰਾ ਗਊਆਂ ਦੀ ਭਰਮਾਰ ਹੈ| ਕਈ ਸ਼ਰਧਾਲੂ ਵਿਅਕਤੀ ਲੋਕ ਇਹਨਾਂ ਆਵਾਰਾ ਗਊਆਂ ਵਾਸਤੇ ਇਸ ਚੌਂਕ ਵਿੱਚ ਹੀ ਖਾਣ ਪੀਣ ਦਾ ਸਮਾਨ ਪਾਉਂਦੇ ਰਹਿੰਦੇ ਹਨ, ਜਿਸ ਕਾਰਨ ਇਹ ਆਵਾਰਾ ਗਊਆਂ ਸਾਰਾ ਦਿਨ ਇਸ ਚੌਂਕ ਵਿੱਚ ਹੀ ਇਧਰ ਉਧਰ ਘੁੰਮਦੀਆਂ ਰਹਿੰਦੀਆਂ ਹਨ|
ਇਹਨਾਂ ਗਊਆਂ ਕਾਰਨ ਜਿਥੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ, ਉਥੇ ਇਹਨਾਂ ਗਊਆਂ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ| ਕਈ ਵਾਰ ਇਹ ਆਵਾਰਾ ਗਉੂਆਂ ਆਪਸ ਵਿੱਚ ਹੀ ਲੜ ਪੈਂਦੀਆਂ ਹਨ, ਜਿਸ ਕਰਕੇ ਉਥੇ ਦਹਿਸ਼ਤ ਪੈਦਾ ਹੋ ਜਾਂਦੀ ਹੈ|
ਇਹ ਆਵਾਰਾ ਗਊਆਂ ਅਕਸਰ ਹੀ ਰਾਹ ਜਾਂਦੇ ਲੋਕਾਂ ਨੂੰ ਟੱਕਰ ਵੀ ਮਾਰ ਦਿੰਦੀਆਂ ਹਨ ਅਤੇ ਕਈ ਵਾਰ ਇਹਨਾਂ ਗਊਆਂ ਵਲੋਂ ਉਥੋਂ ਲੰਘਦੇ ਬੱਚਿਆਂ ਨੂੰ ਵੀ ਸਿੰਗ ਮਾਰਨ ਦਾ ਯਤਨ ਕੀਤਾ ਜਾਂਦਾ ਹੈ|
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹਨਾਂ ਆਵਾਰਾ ਗਊਆਂ ਦੀ ਸਮੱਸਿਆ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਕਿਹਾ ਗਿਆ ਹੈ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ| ਲੋਕਾਂ ਦਾ ਕਹਿਣਾ ਹੈ ਕਿ ਲੱਗਦਾ ਹੈ ਜਿਵੇਂ ਪ੍ਰਸ਼ਾਸਨ ਆਵਾਰਾ ਗਊਆਂ ਕਾਰਨ ਕਿਸੇ ਹਾਦਸੇ ਦਾ ਇੰਤਜਾਰ ਕਰ ਰਿਹਾ ਹੋਵੇ| ਵਸਨੀਕਾਂ ਦੀ ਮੰਗ ਹੈ ਕਿ ਇਹਨਾਂ ਆਵਾਰਾ ਗਊਆਂ ਦੀ ਸਮੱਸਿਆ ਦਾ ਤੁਰੰਤ ਹੱਲ ਕੱਢਿਆ ਜਾਵੇ|

Leave a Reply

Your email address will not be published. Required fields are marked *