ਫੇਜ਼ 1 ਵਿੱਚ ਐਚ ਐਮ ਮਕਾਨ ਦੇ ਬਾਹਰ ਹੀ ਪਿਆ ਹੈ ਕਿਰਾਏਦਾਰ ਦਾ ਸਮਾਨ

ਫੇਜ਼ 1 ਵਿੱਚ ਐਚ ਐਮ ਮਕਾਨ ਦੇ ਬਾਹਰ ਹੀ ਪਿਆ ਹੈ ਕਿਰਾਏਦਾਰ ਦਾ ਸਮਾਨ
ਮਕਾਨ ਮਾਲਕ ਨੇ ਅਦਾਲਤੀ ਹੁਕਮਾਂ ਨਾਲ ਬਾਹਰ ਰਖਵਾਇਆ ਸੀ ਕਿਰਾਏਦਾਰ ਦਾ ਸਮਾਨ
ਐਸ ਏ ਐਸ ਨਗਰ, 12 ਅਪ੍ਰੈਲ (ਆਰ ਪੀ ਵਾਲੀਆ) ਫੇਜ਼ 1 ਦੇ ਐਚ ਐਮ 26 ਦੇ ਵਸਨੀਕ ਤਰਲੋਚਨ ਸਿੰਘ ਨੇ ਦੋਸ਼ ਲਗਾਇਆ ਹੈ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਤੇ ਇਸ ਮਕਾਨ ਵਿੱਚ ਰਹਿ ਰਹੇ ਕਿਰਾਏਦਾਰ ਤੋਂ ਮਕਾਨ 19 ਮਾਰਚ ਨੂੰ ਖਾਲੀ ਕਰਵਾ ਲਿਆ ਹੈ, ਪਰ ਉਹ ਕਿਰਾਏ ਦਾਰ ਆਪਣੇ ਘਰ ਦਾ ਸਾਰਾ ਸਮਾਨ ਇਸ ਮਕਾਨ ਦੇ ਸਾਹਮਣੇ ਹੀ ਰੱਖ ਕੇ 19 ਮਾਰਚ ਤੋਂ ਹੀ ਗਾਇਬ ਹੈ|
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਲੋਚਨ ਸਿੰਘ ਨੇ ਦੱਸਿਆ ਕਿ ਇਹ ਮਕਾਨ ਸ੍ਰ. ਅਵਤਾਰ ਸਿੰਘ ਅਤੇ ਉਹਨਾਂ ਦਾ ਹੈ| ਇਹ ਮਕਾਨ ਕੁਝ ਸਾਲ ਪਹਿਲਾਂ ਦਿਆਲ ਸਿੰਘ ਨਾਮ ਦੇ ਵਿਅਕਤੀ ਨੂੰ ਕਿਰਾਏ ਉਪਰ ਦਿੱਤਾ ਗਿਆ ਸੀ ਪਰ ਦਿਆਲ ਸਿੰਘ ਨੇ ਇਸ ਉੱਪਰ ਕਬਜਾ ਕਰ ਲਿਆ ਸੀ| ਮਾਣਯੋਗ ਅਦਾਲਤ ਨੇ ਕਿਰਾਏਦਾਰ ਨੂੰ ਮਕਾਨ ਖਾਲੀ ਕਰਨ ਦਾ ਹੁਕਮ ਦੇ ਦਿੱਤਾ ਅਤੇ ਅਦਾਲਤ ਨੇ ਪੁਲੀਸ ਦੀ ਹਾਜਰੀ ਵਿੱਚ ਕਿਰਾਏਦਾਰ ਦਾ ਇਸ ਮਕਾਨ ਵਿੱਚ ਪਿਆ ਸਾਰਾ ਸਮਾਨ 19 ਮਾਰਚ ਨੂੰਬਾਹਰ ਕਢਵਾ ਦਿੱਤਾ|
ਉਹਨਾਂ ਕਿਹਾ ਕਿ ਕਿਰਾਏਦਾਰ ਦਾ ਸਮਾਨ ਇਸ ਮਕਾਨ ਵਿਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਉਹ ਕਿਰਾਏਦਾਰ ਮੌਕੇ ਤੋਂ ਗਾਇਬ ਹੋ ਗਿਆ ਅਤੇ ਫਿਰ ਮੁੜ ਕੇ ਨਹੀਂ ਆਇਆ| ਉਹਨਾਂ ਦੱਸਿਆ ਕਿ ਕਿਰਾਏਦਾਰ ਦਾ ਸਾਰਾ ਘਰ ਦਾ ਸਮਾਨ ਪੇਟੀ, ਬੈਡ, ਕਪੜੇ ਅਤੇ ਹੋਰ ਸਮਾਨ ਇਸ ਮਕਾਨ ਦੇ ਦਰਵਾਜੇ ਦੇ ਅੱਗੇ ਹੀ ਪਿਆ ਹੈ| ਬਰਸਾਤ ਕਾਰਨ ਇਹ ਸਮਾਨ ਭਿੱਜ ਗਿਆ ਹੈ ਅਤੇ ਇਸ ਵਿਚੋਂ ਹੁਣ ਕਾਫੀ ਬਦਬੂ ਆ ਰਹੀ ਹੈ|
ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਬੀਤੀ 21 ਮਾਰਚ ਨੂੰ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਪੱਤਰ ਲਿਖ ਕੇ ਇਸ ਥਾਂ ਤੋਂ ਕਿਰਾਏਦਾਰ ਦਾ ਸਮਾਨ ਚੁਕਵਾਉਣ ਦੀ ਬੇਨਤੀ ਕੀਤੀ ਸੀ ਪਰ ਨਗਰ ਨਿਗਮ ਵਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ| ਉਹਨਾਂ ਕਿਹਾ ਕਿ ਇਸ ਸਮਾਨ ਵਿਚੋਂ ਬਰਸਾਤ ਕਾਰਨ ਪੈਦਾ ਹੋਈ ਬਦਬੂ ਕਾਰਨ ਉਹਨਾਂ ਨੂੰ ਅਤੇ ਉਹਨਾਂ ਦੇ ਗੁਆਂਢੀਆਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ| ਉਹਨਾਂ ਮੰਗ ਕੀਤੀ ਕਿ ਉਹਨਾਂ ਦੇ ਮਕਾਨ ਦੇ ਅੱਗੇ ਪਿਆ ਕਿਰਾਏਦਾਰ ਦਾ ਸਮਾਨ ਚੁਕਵਾਇਆ ਜਾਵੇ| ਇਸ ਸਬੰਧੀ ਕਿਰਾਏਦਾਰ ਦਿਆਲ ਸਿੰਘ ਨਾਲ ਸੰਪਰਕ ਕਰਨ ਦਾ ਕਾਫੀ ਯਤਨ ਕੀਤਾ ਪਰ ਕੋਈ ਸੰਪਰਕ ਨਹੀਂ ਹੋ ਸਕਿਆ|

Leave a Reply

Your email address will not be published. Required fields are marked *