ਫੇਜ਼ 10 ਦੇ ਕੁਝ ਇਲਾਕਿਆਂ ਵਿਚ ਸਟ੍ਰੀਟ ਲਾਈਟ ਪਿਛਲੇ 5 ਦਿਨਾਂ ਤੋਂ ਖਰਾਬ, ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 21 ਨਵੰਬਰ (ਸ.ਬ.) ਸਥਾਨਕ ਫੇਜ਼ 10 ਦੇ ਕੁਝ ਹਿਸਿਆਂ ਵਿਚ ਪਿਛਲੇ 5 ਦਿਨਾਂ ਤੋਂ ਸਟਰੀਟ ਲਾਈਟ ਖਰਾਬ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਨੰਬਰ 28 ਦੇ ਕੌਂਸਲਰ ਸ ਹਰਦੀਪ ਸਿੰਘ ਸਰਾਓਂ ਨੇ ਦਸਿਆ ਕਿ ਮਕਾਨ ਨੰਬਰ 1470 ਤੋਂ 1709 ਤੱਕ ਦੀ ਸਟਰੀਟ ਲਾਈਟ ਪਿਛਲੇ ਪੰਜ ਦਿਨਾਂ ਤੋਂ ਖਰਾਬ ਹੈ| ਇਸ ਸਬੰਧੀ ਉਹ ਕਈ ਵਾਰ ਸਟਰੀਟ ਲਾਈਟਾਂ ਦਾ ਸੰਚਾਲਨ ਕਰਨ ਵਾਲੀ ਕੰਪਨੀ ਈ ਸਮਾਰਟ ਦੇ ਅਧਿਕਾਰੀਆਂ ਨੂੰ ਅਤੇ ਨਿਗਮ ਅਧਿਕਾਰੀਆਂ ਨੂੰ ਕਹਿ ਚੁਕੇ ਹਨ ਪਰ ਅਜੇ ਤਕ ਕੋਈ ਵੀ ਕਾਰਵਾਈ ਨਹੀਂ ਹੋਈ| ਉਹਨਾਂ ਕਿਹਾ ਕਿ ਈ ਸਮਾਰਟ ਕੰਪਨੀ ਦਾ ਅਧਿਕਾਰੀ ਸੰਪਰਕ ਕਰਨ ਤੇ ਇਹ ਕਹਿੰਦਾ ਹੈ ਕਿ ਉਹ ਇਸ ਸਮੇਂ ਮੁੰਬਈ ਵਿਚ ਹੈ ਅਤੇ ਉਹ ਜਲਦੀ ਹੀ ਇਸ ਸਮੱਸਿਆ ਦੇ ਹਲ ਲਈ ਕਿਸੇ ਬੰਦੇ ਨੂੰ ਭੇਜ ਦੇਵੇਗਾ ਪਰ ਅਜੇ ਤਕ ਸਟਰੀਟ ਲਾਈਟਾਂ ਠੀਕ ਕਰਨ ਕੋਈ ਬੰਦਾ ਨਹੀਂ ਆਇਆ| ਉਹਨਾਂ ਕਿਹਾ ਕਿ ਜਦੋਂ ਇਸ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗਲ ਕੀਤੀ ਜਾਂਦੀ ਹੈ ਤਾਂ ਉਹ ਕਹਿ ਦਿੰਦੇ ਹਨ ਕਿ ਉਹਨਾਂ ਨੂੰ ਸਟਰੀਟ ਲਾਈਆਂ ਖਰਾਬ ਹੋਣ ਦਾ ਫਾਲਟ ਹੀ ਨਹੀਂ ਲਭਿਆ, ਜਿਸ ਕਾਰਨ ਇਹ ਲਾਈਟਾਂ ਅਜੇ ਤੱਕ ਠੀਕ ਨਹੀਂ ਹੋਈਆਂ|
ਉਹਨਾਂ ਕਿਹਾ ਕਿ ਇਥੇ ਨੇੜੇ ਹੀ ਗੁਰਦੁਆਰਾ ਸਾਹਿਬ ਹੈ, ਜਿਥੇ ਸਵੇਰੇ ਸ਼ਾਮ ਜਾਣ ਵਾਲੇ ਸ਼ਰਧਾਲੂਆਂ ਨੂੰ ਸਟਰੀਟ ਲਾਈਟਾਂ ਨਾਲ ਚੱਲਣ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਉਹਨਾਂ ਕਿਹਾ ਕਿ ਅੱਜ ਕਲ ਦਿਨ ਛੋਟੇ ਹਨ ਅਤੇ ਹਨੇਰਾ ਵੀ ਜਲਦੀ ਹੋ ਜਾਂਦਾ ਹੈ ਜਿਸ ਕਰਕੇ ਹਨੇਰੇ ਵਿਚ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾਂ ਪੈ ਰਿਹਾ ਹੈ| ਉਹਨਾਂ ਮੰਗ ਕੀਤੀ ਕਿ ਇਸ ਇਲਾਕੇ ਵਿਚ ਬੰਦ ਪਈਆਂ ਸਟਰੀਟ ਲਾਈਟਾਂ ਤੁਰੰਤ ਠੀਕ ਕੀਤੀਆਂ ਜਾਣ|
ਇਸ ਸਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਜੇ ਈ ਸੇਵਕਦੀਪ ਸਿੰਘ ਨੇ ਦਸਿਆ ਕਿ ਪਹਿਲਾਂ ਨਿਗਮ ਦੀ ਟੀਮ ਨੂੰ ਸਟਰੀਟ ਲਾਈਟਾਂ ਖਰਾਬ ਹੋਣ ਦਾ ਫਾਲਟ ਨਹੀਂ ਸੀ ਲੱਭਿਆ ਪਰ ਅੱਜ ਇਹ ਫਾਲਟ ਲੱਭ ਗਿਆ ਹੈ ਅਤੇ ਇਸ ਨੂੰ ਠੀਕ ਕਰ ਦਿਤਾ ਗਿਆ ਹੈ ਅਤੇ ਅੱਜ ਸ਼ਾਮ ਨੂੰ ਇਹ ਸਟਰੀਟ ਲਾਈਟਾਂ ਚਲ ਪੈਣਗੀਆਂ| ਉਹਨਾਂ ਕਿਹਾ ਕਿ ਈ ਸਮਾਰਟ ਕੰਪਨੀ ਦੀ ਕਾਰਗੁਜਾਰੀ ਰਿਪੋਰਟ ਬਣਾਂ ਕੇ ਭੇਜ ਦੇਣਗੇ ਅਤੇ ਕੰਪਨੀ ਨੂੰ ਜੁਰਮਾਨਾ ਲਗਾਇਆ ਜਾਵੇਗਾ|

Leave a Reply

Your email address will not be published. Required fields are marked *