ਫੇਜ਼ 10 ਦੇ ਪਾਰਕ ਨੰਬਰ 31 ਦੀ ਹਾਲਤ ਵਿੱਚ ਸੁਧਾਰ ਕਰਨ ਦੀ ਮੰਗ

ਐਸ ਏ ਐਸ ਨਗਰ, 5 ਮਾਰਚ (ਸ.ਬ.) ਫੇਜ 10 ਦੇ ਵਸਨੀਕ ਸ੍ਰ. ਹਰਬੰਸ ਸਿੰਘ ਨੇ ਦੋਸ਼ ਲਗਾਇਆ ਹੈ ਕਿ ਨਗਰ ਨਿਗਮ ਵਲੋਂ ਫੇਜ਼ 10 ਦੇ ਪਾਰਕ ਨੰਬਰ 31 ਦੀ ਹਾਲਤ ਸੁਧਾਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਇਸ ਪਾਰਕ ਵਿੱਚ ਆਉਣ ਵਾਲੇ ਲੋਕ ਪ੍ਰੇਸ਼ਾਨ ਹੋ ਰਹੇ ਹਨ|
ਅੱਜ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹਰਬੰਸ ਸਿੰਘ ਨੇ ਦੱਸਿਆ ਕਿ ਇਸ ਪਾਰਕ ਵਿੱਚ ਪਏ ਬੈਂਚ ਵੀ ਸਹੀ ਤਰੀਕੇ ਨਾਲ ਨਹੀਂ ਲੱਗੇ ਹੋਏ ਅਤੇ ਇਹਨਾਂ ਨੂੰ ਪੱਕੇ ਤੌਰ ਤੇ ਫਿਕਸ ਨਹੀਂ ਕੀਤਾ ਹੋਣ ਕਾਰਨ ਜਿਸ ਦਾ ਦਿਲ ਕਰਦਾ ਹੈ ਇਹਨਾਂ ਨੂੰ ਚੁੱਕ ਕੇ ਪਾਸੇ ਕਰ ਦਿੰਦਾ ਹੈ| ਇਸ ਪਾਰਕ ਵਿੱਚ ਕਾਫੀ ਮਾਤਰਾ ਵਿੱਚ ਘਾਹ ਫੂਸ ਉਗਿਆ ਹੋਇਆ ਹੈ| ਇਸ ਪਾਰਕ ਦੀ ਲੈਵਲਿੰਗ ਵੀ ਠੀਕ ਨਹੀਂ ਹੈ| ਇਸ ਤੋਂ ਇਲਾਵਾ ਇਸ ਪਾਰਕ ਦੀ ਰੇਲਿੰਗ ਹੇਠਾਂ ਟੋ ਵਾਲ ਨਹੀਂ ਬਣਾਈ ਹੋਈ, ਜਿਸ ਕਾਰਨ ਪਾਰਕ ਵਿਚੋਂ ਮਿੱਟੀ ਬਾਹਰ ਨਿਕਲਦੀ ਹੈ| ਇਸ ਪਾਰਕ ਵਿੱਚ ਲਾਈਟਾਂ ਵੀ ਘੱਟ ਹਨ|
ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਬੀਤੀ 29.9.17 ਨੂੰ ਨਗਰ ਨਿਗਮ ਦੇ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ ਤੇ ਇਸ ਸਬੰਧੀ ਐਸ ਡੀ ਓ ਕਮਲਦੀਪ ਸਿੰਘ ਨੂੰ ਮਿਲੇ ਸੀ ਅਤੇ ਐਸ ਡੀ ਓ ਕਮਲਦੀਪ ਸਿੰਘ ਨੇ ਇਸ ਪਾਰਕ ਦੀ ਹਾਲਤ ਵਿੱਚ ਸੁਧਾਰ ਲਈ ਜੇ ਈ ਸੁਰਿੰਦਰ ਗੋਇਲ ਦੀ ਡਿਊਟੀ ਲਗਾ ਦਿੱਤੀ ਸੀ|
ਉਹਨਾਂ ਕਿਹਾ ਕਿ ਇਹ ਜੇ ਈ ਆਪਣੀ ਟੀਮ ਨਾਲ ਉਸ ਪਾਰਕ ਵਿੱਚ ਗਿਆ ਜਰੂਰ ਸੀ ਤੇ ਉਥੇ ਪਏ ਬੈਂਚਾਂ ਨਾਲ ਹੀ ਫੋਟੋਆਂ ਖਿਚਵਾ ਕੇ ਵਾਪਸ ਪਰਤ ਗਏ| ਇਸ ਦੌਰਾਨ 2 ਵਿਅਕਤੀ ਉਹਨਾਂ ਦੇ ਘਰ ਵੀ ਗਏ ਪਰ ਉਹ ਉਸ ਸਮੇਂ ਘਰ ਵਿੱਚ ਨਹੀਂ ਸਨ| ਇਸ ਤੋਂ ਬਾਅਦ ਇਹ ਜੇ ਈ ਮੁੜ ਕਦੇ ਪਾਰਕ ਵਿਚ ਨਹੀਂ ਆਇਆ|
ਉਹਨਾਂ ਕਿਹਾ ਕਿ ਪਾਰਕ ਦੀ ਹਾਲਤ ਉਸੇ ਤਰ੍ਹਾਂ ਹੀ ਖਰਾਬ ਹੈ ਅਤੇ ਜੇ ਈ ਵਲੋਂ ਇਥੇ ਕੁਝ ਵੀ ਠੀਕ ਨਹੀਂ ਕਰਵਾਇਆ ਗਿਆ| ਉਹਨਾਂ ਕਿਹਾ ਕਿ ਉਹਨਾਂ ਨੇ ਇਸ ਜੇ ਈ ਦੀ ਸ਼ਿਕਾਇਤ ਵੀ ਐਸ ਡੀ ਓ ਨੂੰ ਕੀਤੀ ਹੈ|
ਉਹਨਾਂ ਮੰਗ ਕੀਤੀ ਕਿ ਇਸ ਪਾਰਕ ਦੀ ਹਾਲਤ ਵਿੱਚ ਸੁਧਾਰ ਲਿਆਂਦਾ ਜਾਵੇ, ਪਾਰਕ ਵਿੱਚ ਟੋ ਵਾਲ ਬਣਾਈ ਜਾਵੇ, ਪਾਰਕ ਵਿੱਚ ਸਹੀ ਤਰੀਕੇ ਨਾਲ ਲੈਵਲਿੰਗ ਕਰਵਾਈ ਜਾਵੇ, ਪਾਰਕ ਵਿਚ ਪਏ ਪੱਥਰ ਚੁਕਵਾਏ ਜਾਣ ਅਤੇ ਵੱਖ ਵੱਖ ਕਿਸਮਾਂ ਦੇ ਰੁੱਖ ਲਗਾਏ ਜਾਣ|
ਇਸ ਸਬੰਧੀ ਜਦੋਂ ਐਸ ਡੀ ਓ ਕਮਲਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਇਸ ਪਾਰਕ ਦੀ ਹਾਲਤ ਹੁਣ ਠੀਕ ਹੈ| ਇਸ ਪਾਰਕ ਵਿੱਚ ਹੋਰ ਹੋਣ ਵਾਲੇ ਕੰਮਾਂ ਲਈ ਟੈਂਡਰ ਲੱਗੇ ਹੋਏ ਹਨ, ਇਹਨਾਂ ਕੰਮਾਂ ਨੂੰ ਵੀ ਜਲਦੀ ਹੀ ਕਰਵਾ ਦਿੱਤਾ ਜਾਵੇਗਾ|

Leave a Reply

Your email address will not be published. Required fields are marked *