ਫੇਜ਼-10 ਦੇ ਵਸਨੀਕਾਂ ਦੇ ਮਸਲੇ ਹੱਲ ਕੀਤੇ ਜਾਣ : ਐਸੋਸੀਏਸ਼ਨ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼ 10 ਐਸ ਏ ਐਸ ਨਗਰ ਦੀ ਜਨਰਲ ਬਾਡੀ ਦੀ ਮੀਟਿੰਗ ਪ੍ਰਧਾਨ ਸ੍ਰ. ਗੁਰਦੇਵ ਸਿੰਘ ਸਿੱਧੂ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਫੇਜ਼ 10 ਦੇ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹਲ ਕਰਨ ਦੀ ਮੰਗ ਕੀਤੀ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰ. ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਸਾਫ ਸਫਾਈ ਦਾ ਬੁਰਾ ਹਾਲ ਹੈ, ਕਈ ਕਈ ਦਿਨ ਸਫਾਈ ਨਹੀਂ ਕੀਤੀ ਜਾ ਰਹੀ| ਨਾ ਤਾਂ ਸੜਕਾਂ ਕਿਨਾਰੇ ਉਗਿਆ ਘਾਹ ਤੇ ਹੋਰ ਬੂਟੀਆਂ ਸਾਫ ਕੀਤੀਆਂ ਜਾਂਦੀਆਂ ਹਨ| ਇਸ ਘਾਹ ਫੂਸ ਦੀ ਕਟਾਈ ਤਾਂ ਕਰ ਦਿੱਤੀ ਜਾਂਦੀ ਹੈ ਪਰ ਇਹ ਘਾਹ ਫੂਸ ਕਟਾਈ ਤੋਂ ਬਾਅਦ ਚੁੱਕਿਆ ਨਹੀਂ ਜਾਂਦਾ ਤੇ ਉਥੇ ਹੀ ਪਿਆ ਰਹਿੰਦਾ ਹੈ, ਜਿਸ ਕਰਕੇ ਉਥੇ ਕੂੜਾ ਕਰਕਟ ਫੈਲਦਾ ਰਹਿੰਦਾ ਹੈ| ਉਹਨਾਂ ਕਿਹਾ ਕਿ ਇਸ ਇਲਾਕੇ ਦੇ ਪਾਰਕਾਂ ਦੀ ਸਾਫ ਸਫਾਈ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ| ਪਾਰਕਾਂ ਵਿੱਚ ਲੋਕ ਗੰਦਗੀ ਫੈਲਾਉਂਦੇ ਰਹਿੰਦੇ ਹਨ| ਪਾਰਕਾਂ ਵਿੱਚ ਘਾਹ ਅਤੇ ਹੋਰ ਜਹਿਰੀਲੀਆਂ ਬੂਟੀਆਂ ਵੀ ਉਗੀਆਂ ਹੋਈਆਂ ਹਨ, ਜੋ ਕਿ ਮਨੁੱਖੀ ਸਿਹਤ ਲਈ ਖਤਰਨਾਕ ਹਨ ਇਸਦੇ ਬਾਵਜੂਦ ਇਹਨਾਂ ਦੀ ਸਫਾਈ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ| ਇਸ ਇਲਾਕੇ ਵਿੱਚ ਖਾਲੀ ਪਈਆਂ ਥਾਵਾਂ ਉਪਰ ਵੀ ਘਾਹ ਅਤੇ ਹੋਰ ਜਹਿਰੀਲੀ ਬੂਟੀ ਉੱਗੀ ਹੋਈ ਹੈ, ਜਿਸਦੀ ਸਫਾਈ ਨਹੀਂ ਕਰਵਾਈ ਜਾ ਰਹੀ|
ਬੁਲਾਰਿਆਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਆਵਾਰਾ ਕੁੱਤੇ ਵੀ ਗੰਭੀਰ ਸਮੱਸਿਆ ਬਣੇ ਹੋਏ ਹਨ| ਇਹ ਕੁੱਤੇ ਕਈ ਵਾਰ ਬੱਚਿਆਂ ਅਤੇ ਔਰਤਾਂ ਨੂੰ ਕੱਟ ਵੀ ਚੁੱਕੇ ਹਨ ਇਸਦੇ ਬਾਵਜੂਦ ਇਹਨਾਂ ਕੁੱਤਿਆਂ ਦੀ ਰੋਕਥਾਮ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ| ਐਸੋਸੀਏਸ਼ਨ ਵਲੋਂ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਨੂੰ ਇਲਾਕੇ ਵਿੱਚ ਸਫਾਈ ਕਰਨ ਅਤੇ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਗਈ ਹੈ ਪਰ ਇਸ ਸਬੰਧੀ ਪ੍ਰਸ਼ਾਸਨ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ| ਮੀਟਿੰਗ ਵਿੱਚ ਕਿਹਾ ਗਿਆ ਕਿ ਇਸ ਇਲਾਕੇ ਵਿੱਚ ਖਾਲੀ ਪਈਆਂ ਥਾਵਾਂ ਅਤੇ ਦੁਕਾਨਾਂ ਦੇ ਪਿਛਲੇ ਪਾਸੇ ਕੁਝ ਲੋਕ ਰਾਤ ਸਮੇਂ ਜਨਤਕ ਤੌਰ ਤੇ ਸ਼ਰਾਬ ਆਦਿ ਪੀਣ ਲੱਗਦੇ ਹਨ ਅਤੇ ਰੌਲਾ ਪਾਉਂਦੇ ਹਨ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਚਾਹੀਦਾ ਹੈ| ਪੁਲੀਸ ਨੂੰ ਇਸ ਤਰਾਂ ਜਨਤਕ ਤੌਰ ਤੇ ਸ਼ਰਾਬ ਪੀਣ ਵਾਲੇ ਲੋਕਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ|
ਉਹਨਾਂ ਕਿਹਾ ਕਿ ਐਸ ਸੀ ਐਫ 60 ਅਤੇ 61 ਅਤੇ ਜਨਤਕ ਸੌਚਾਲਿਆ ਦੇ ਨੇੜੇ ਲੋਕਾਂ ਨੇ ਲੰਘਣ ਲਈ ਰਸਤਾ ਬਣਾਇਆ ਹੋਇਆ ਹੈ| ਇਸ ਦੇ ਨੇੜੇ ਹੀ ਦੋ ਸਾਲ ਪਹਿਲਾਂ ਪਾਣੀ ਅਤੇ ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਥਾਂ ਨੂੰ ਪੁੱਟਿਆ ਗਿਆ ਸੀ ਅਤੇ ਉਹ ਥਾਂ ਹੁਣ ਤਕ ਠੀਕ ਨਹੀਂ ਕਰਵਾਈ ਗਈ| ਇਸ ਪੁੱਟੀ ਹੋਈ ਥਾਂ ਵਿੱਚ ਗੰਦ ਮੰਦ ਪਿਆ ਹੈ ਅਤੇ ਲੋਕ ਵੀ ਕੂੜਾ ਸੁੱਟ ਦਿੰਦੇ ਹਨ| ਇਸ ਤੋਂ ਇਲਾਵਾ ਇਥੇ ਪਿਆ ਹੋਇਆ ਸੀਵਰੇਜ ਮੇਨ ਹੋਲ ਵੀ ਲੀਕ ਕਰ ਰਿਹਾ ਹੈ, ਜਿਸ ਦਾ ਪਾਣੀ ਸੜਕ ਉਪਰ ਆ ਜਾਂਦਾ ਹੈ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਵਸਨੀਕਾ ਨੇ ਕਿਹਾ ਕਿ ਇਸ ਇਲਾਕੇ ਦੇ ਪਾਰਕ ਨੰਬਰ 31 ਵਿੱਚ ਲਾਈਟਾਂ ਘਟ ਹਨ ਅਤੇ ਬੈਠਣ ਲਈ ਬੈਂਚ ਵੀ ਘਟ ਹਨ ਅਤੇ ਇਹ ਬੈਂਚ ਤਰਤੀਬ ਵਿੱਚ ਨਹੀਂ ਲੱਗੇ ਹੋਏ| ਬੈਂਚਾਂ ਦੇ ਹੇਠਾਂ ਕੱਚੀ ਮਿੱਟੀ ਹੀ ਹੈ, ਉਥੇ ਪੱਕਾ ਫਰਸ ਨਹੀਂ ਬਣਾਇਆ ਗਿਆ| ਪਾਰਕ ਦੀ ਰੇਲਿੰਗ ਦੇ ਹੇਠਾਂ ਟੋਅ ਵਾਲ ਨਹੀਂ ਹੈ, ਜਿਸ ਕਾਰਨ ਬਰਸਾਤਾਂ ਸਮੇਂ ਪਾਰਕ ਦੀ ਮਿੱਟੀ ਖੁਰ ਕੇ ਸੜਕ ਉਪਰ ਚਲੀ ਜਾਂਦੀ ਹੈ| ਪਾਰਕ ਵਿੱਚ ਇਟਾਂ ਵੱਟੇ ਪਏ ਹਨ, ਜਿਸ ਕਾਰਨ ਉਥੇ ਬੱਚੇ ਖੇਡ ਨਹੀਂ ਸਕਦੇ| ਪਾਰਕ ਦਾ ਲੈਵਲ ਵੀ ਸਹੀ ਨਹੀਂ ਹੈ| ਉਹਨਾਂ ਕਿਹਾ ਕਿ ਇਸ ਐਸੋਸੀਏਸ਼ਨ ਵਿੱਚ ਹੁਣ ਔਰਤਾਂ ਨੂੰ ਵੀ ਨੂਮਾਇੰਦਗੀ ਦੇਣ ਦਾ ਫੈਸਲਾ ਕੀਤਾ ਗਿਆ ਹੈ|
ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਫੇਜ਼ 10 ਦੀਆਂ ਉਪਰੋਕਤ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਉਪਰਾਲੇ ਕੀਤੇ ਜਾਣ| ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ੍ਰੀ ਆਰ ਪੀ ਭੱਟੀ, ਖਜਾਨਚੀ ਸ੍ਰੀ ਐਚ ਐਸ ਮਠਾੜੂ,ਸ੍ਰੀ ਬੀ ਐਸ ਵਾਲੀਆ, ਸ੍ਰੀ ਹਰਬੰਸ ਸਿੰਘ, ਪਰਗਟ ਸਿੰਘ ਸਿੱਧੂ ਅਤੇ ਹੋਰ ਇਲਾਕਾ ਵਾਸੀ ਵੀ ਮੌਜੂਦ ਸਨ|

Leave a Reply

Your email address will not be published. Required fields are marked *